ਸਮਰਾਲਾ, 26 ਜਨਵਰੀ (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ) ਸਮਰਾਲਾ ਵੱਲੋਂ ਕਹਾਣੀਕਾਰ ਸੁਖਜੀਤ ਨਾਲ ਇਕ ਰੂਬਰੂ ਸਮਾਗਮ ਰਚਾਇਆ ਗਿਆ, ਜਿਹੜਾ ਇਤਿਹਾਸਕ ਪਲਾਂ ਵਿਚ ਬਦਲ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਕੋਸੀ ਕੋਸੀ ਧੁੱਪ ‘ਚ ਅਨੰਦ ਲੈਂਦਿਆਂ ਹਾਜ਼ਰ ਲੇਖਕਾਂ ਨੇ ਗੰਭੀਰਤਾ, ਗਹਿਰਾਈ ਤੇ ਖੁੱਲ੍ਹ ਦਿਲੀ ਨਾਲ ਸੁਖਜੀਤ ਨੂੰ ਸੁਣਿਆ। ਸੁਖਜੀਤ ਦੀ ਪਛਾਣ ਕਵੀ ਨਾਲੋਂ ਵਧੇਰੇ ਕਹਾਣੀਕਾਰ ਵਜੋਂ ਬਣੀ ਹੋਈ ਹੈ, ਉਸ ਅੰਦਰ ਕੀ ਕੁੱਝ ਉੱਗਦਾ, ਮਘਦਾ ਤੇ ਲਾਟਾਂ ਬਣ ਮੱਚ ਉੱਠਦਾ ਹੈ। ਇਹ ਉਸਦੇ ਸ਼ਬਦਾਂ ਵਿਚੋਂ ਹੀ ਸੁਣਿਆ ਜਾ ਸਕਦਾ, ਦੇਖਿਆ ਜਾ ਸਕਦਾ ਹੈ।
ਸਭਾ ਦੇ ਪ੍ਰਧਾਨ ਸ੍ਰੀ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਏ ਇਸ ਰੂਬਰੂ ਦਾ ਆਰੰਭ ਲੀਲ ਦਿਆਲਪੁਰੀ ਤੇ ਸਾਬਕਾ ਮੈਨੇਜਰ ਕਰਮ ਚੰਦ ਦੀਆਂ ਸੁਖਜੀਤ ਬਾਰੇ ਲਿਖੀਆਂ ਗਈਆਂ ਕਵਿਤਾਵਾਂ ਨਾਲ ਹੋਇਆ । ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਸੁਖਜੀਤ ਦੀ ਜਾਣ ਪਛਾਣ ਕਰਵਾਈ। ਸੁਖਜੀਤ ਨੇ ਆਪਣੇ ਬਚਪਨ ਤੇ ਜਵਾਨੀ ਬਾਰੇ ਬਿਨਾਂ ਕਿਸੇ ਲੁੱਕ ਲਪੇਟ ਤੋਂ ਲੰਬੀ ਗੱਲ ਕੀਤੀ। ਪਿੰਡ ‘ਰਾਈਆਂ’ ਤੋਂ ਪਿਤਾ ਵਲੋਂ ਜ਼ਮੀਨ ਵੇਚਕੇ ਪਿੰਡ ‘ਮਾਣੇਵਾਲ’ ਆ ਰਹਿਣ ਸਮੇਂ ਦੀਆਂ ਘਟਨਾਵਾਂ, ਨਾਮਧਾਰੀ ਸੰਪ੍ਰਦਾਇ ਨਾਲ ਸੰਬੰਧ, ‘ਮਾਣੇਵਾਲ’ ਤੋਂ ਜ਼ਮੀਨ ਵੇਚ ਕੇ ਮਾਛੀਵਾੜਾ ਸਾਹਿਬ ਆ ਰਹਿਣ ਦੀ ਲੰਬੀ ਕਹਾਣੀ, ਨਾਮਧਾਰੀ ਡੇਰਾ ਸ੍ਰੀ ਭੈਣੀ ਸਾਹਿਬ ਵਿੱਚ ਗੁਜ਼ਾਰੇ ਸਰਪੰਚ ਸਮੇਤ ਕਈ ਵਰਿਆਂ ਦੀ ਗਾਥਾ ਵਿੱਚ ਅਨੇਕਾਂ ਅਜਿਹੀਆਂ ਘਟਨਾਵਾਂ ਸ਼ਾਮਿਲ ਹਨ, ਜੋ ਆਮ ਮਨੁੱਖ ਨੂੰ ਉਸ ਚੁੱਪ ਦਾ ਅਹਿਸਾਸ ਦਿੰਦੀਆਂ ਹਨ, ਜਿਸ ਵਿੱਚੋਂ ਵਿਸਫੋਟ ਜਨਮ ਲੈਂਦੇ ਹਨ।
ਸੁਖਜੀਤ ਨੇ ਲਿਖਣ ਦਾ ਆਰੰਭ ਤੇ ਲਿਖਣ ਪ੍ਰਕਿਰਿਆ ਬਾਰੇ ਕਿਹਾ ਕਿ ਕੁੱਝ ‘ਕਰਤਾਰੀ ਪਲ’ ਜ਼ਰੂਰ ਹੁੰਦੇ ਹਨ, ਜੋ ਲੇਖਕ ਦੇ ਲਿਖਣ ਸਮੇਂ ਗੁਜ਼ਰਦੇ ਹਨ, ਨਹੀਂ ਤਾਂ ਲੇਖਕ ਵੀ ਆਮ ਮਨੁੱਖ ਹੀ ਹੁੰਦੇ ਹਨ। ਲਿਖਤ ਹੀ ਲੇਖਕ ਨੂੰ ਆਮ ਬੰਦੇ ਨਾਲੋਂ ਵੱਖ ਕਰਦੀ ਹੈ।
ਸੁਖਜੀਤ ਨੇ ਆਪਣੇ ਅਧਿਅਨ ਦੀ ਬਾਤ ਪਾਈ, ਸੰਤਾਂ ਮਹਾਤਮਾਵਾਂ ਨਾਲ ਹੋਈਆਂ ਗੱਲਾਂ ਬਾਰੇ ਦੱਸਿਆ ਤੇ ਆਪਣੇ ਆਪ ਨੂੰ ਕੁਲਵਕਤੀ ਲੇਖਕ ਵਜੋਂ ਸਥਾਪਤ ਕਰ ਲਿਆ। ਉਸਨੇ ਦੱਸਿਆ ਕਿ ਜੋ ਕੁਝ ਵੀ ਉਸਨੇ ਕੀਤਾ, ਨਿੱਠ ਕੇ, ਆਪਣੀ ਪੂਰੀ ਲਗਨ ਨਾਲ ਕੀਤਾ। ਏਸ ਲਗਨ ਦਾ ਸਿੱਟਾ ਉਸ ਵਲੋਂ ਆਰੰਭ ਕਰਵਾਈ ਗਈ ਲਾਇਬਰੇਰੀ ‘ਸ਼ਬਦ’ ਮਿੱਤਰ ਪਿਆਰੇ ਨੂੰ … ਲਾਇਬਰੇਰੀ ਦੀ ਨੀਂਹ ਬਣਾਇਆ ਗਿਆ ਤੇ ਗੁਰਦੁਆਰਾ ਚਰਨ ਕਮਲ ਦੇ ਆਲੇ ਦੁਆਲੇ ਉਸ ਵਰਗੇ ਜੰਗਲ ਦਾ ਨਿਰਮਾਣ ਕਰਵਾਇਆ, ਜਿਸ ਤਰ੍ਹਾਂ ਦਾ ਜੰਗਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਛੀਵਾੜੇ ਆਉਣ ਸਮੇਂ ਸੀ।
ਪ੍ਰਸ਼ਨ ਕਰਨ ਵਾਲਿਆਂ ਵਿਚ ਨਰਿੰਦਰ ਸ਼ਰਮਾ, ਬਲਵੀਰ ਸਿੰਘ ਬੱਬੀ, ਜੋਗਿੰਦਰ ਸਿੰਘ ਜੋਸ਼, ਰਘਵੀਰ ਸਿੰਘ ਭਰਤ, ਪ੍ਰੋ. ਬਲਦੀਪ ਸਿੰਘ, ਅਸ਼ਵਨੀ ਭਾਰਦਵਾਜ, ਸੰਦੀਪ ਤਿਵਾੜੀ, ਕਰਮਜੀਤ ਬਾਸੀ, ਦੀਪ ਦਿਲਬਰ, ਰਮੇਸ਼ ਪਾਲ ਭੋਲੇਕੇ, ਮਾਸਟਰ ਮੇਘ ਦਾਸ, ਗੁਰਦਿਆਲ ਦਲਾਲ, ਮਨਦੀਪ ਮਾਣਕੀ, ਸੰਤੋਖ ਸਿੰਘ ਕੋਟਾਲਾ, ਜਗਦੀਸ਼ ਨੀਲੋਂ, ਤੇ ਗੁਪਾਲ ਲਿੱਟ ਸ਼ਾਮਿਲ ਹੋਏ। ਇਸ ਤੋਂ ਪਹਿਲਾਂ ਕਾਵਿ ਮਹਿਫਲ ਵਿਚ ਮਨਜੀਤ ਘਣਗਸ ਨੇ ਗੀਤ, ਮਨਦੀਪ ਮਾਣਕੀ ਨੇ ਕਵਿਤਾ, ਇੰਦਰਜੀਤ ਕੰਗ ਵਲੋਂ ਨਵੇਂ ਸਾਲ ਦੀ ਮੁਬਾਰਕਬਾਦ ਪੇਸ਼ ਕੀਤੀ। ਇਸ ਸਮੇਂ ਦਰਸ਼ਨ ਸਿੰਘ ਕੰਗ, ਜਸਵੀਰ ਸਮਰਾਲਾ, ਹਰਜਿੰਦਰ ਸਿੰਘ ਵਿਦਵਾਨ ਗੁਰਭਗਤ ਸਿੰਘ, ਸ. ਸਿਮਰਜੀਤ ਸਿੰਘ ਕੰਗ, ਤਸਵਿੰਦਰ ਸਿੰਘ ਬੜੈਚ, ਨਰਿੰਦਰ ਮਣਕੂ, ਕਾ. ਸੰਤੋਖ ਸਿੰਘ ਸਵੈਚ, ਜਤਿੰਦਰ ਹਾਂਸ, ਮੁਨੀਸ਼ ਕੁਮਾਰ, ਕੁਲਵੰਤ ਤਰਕ, ਸਨੇਹ ਇੰਦਰ ਮੀਲੂ, ਲਖਵਿੰਦਰਪਾਲ ਸਿੰਘ ਸਮਰਾਲਾ, ਗੁਰਮੇਲ ਬੀਜਾ, ਗੁਰਪਾਲ ਲਿੱਟ, ਤੇ ਅਵਤਾਰ ਸਿੰਘ ਸ਼ਾਮਿਲ ਹੋਏ। ਸਟੇਜ਼ ਦੀ ਕਾਰਵਾਈ ਜਨਰਲ ਸਕੱਤਰ ਜਗਦੀਸ਼ ਨੀਲੋਂ ਵਲੋਂ ਚਲਾਈ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …