ਖੋਜਾਰਥੀ ਅੰਤਰਰਾਸ਼ਟਰੀ ਖੋਜ ਵਿਧੀਆਂ ਅਤੇ ਅਧਿਐਨ ਨਾਲ ਆਪਣਾ ਰਾਬਤਾ ਬਣਾਉਣ

ਅੰਮ੍ਰਿਤਸਰ, 3 ਅਪ੍ਰੈਲ (ਪ੍ਰੀਤਮ ਸਿੰਘ) – ਡਾ. ਗੁਰਭਗਤ ਸਿੰਘ ਦੀਆਂ ਰਚਨਾਵਾਂ ਦੀ ਮੂਲ ਪ੍ਰਕ੍ਰਿਤੀ, ਧਰਮ ਸ਼ਾਸਤਰੀ ਤੇ ਸਮਾਜਿਕ ਵਿਸ਼ਲੇਸ਼ਣਾਤਮਕ ਹੈ। ਜਿਸ ਵਿਚ ਧਰਮ ਸ਼ਾਸਤਰੀ ਸੰਕਲਪਾਂ ਦੀ ਵਿਆਖਿਆ, ਉਤਰ-ਆਧੁਨਿਕ ਪਰਿਪੇਖ ਨੂੰ ਧਾਰਨ ਕਰਦੀ ਹੋਈ ਸਮਾਜ-ਵਿਸ਼ਲੇਸ਼ਣ ਵਿਚ ਸਹਾਇਕ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਦੀਆਂ ਰਚਨਾਵਾਂ ਨਾਲ ਪੰਜਾਬੀ ਚਿੰਤਨ ਇਕ ਪਾਸੇ ਅੰਤਰਰਾਸ਼ਟਰੀ ਖੋਜ ਵਿਧੀਆਂ ਅਤੇ ਅਧਿਐਨ ਨਾਲ ਆਪਣਾ ਰਾਬਤਾ ਬਣਾਉਣ ਲਈ ਯਤਨਸ਼ੀਲ ਹੁੰਦਾ ਹੈ ਅਤੇ ਦੂਜੇ ਪਾਸੇ ਆਪਣੀਆਂ ਮੌਲਿਕ ਸਰੰਚਨਾਵਾਂ ਦੀ ਸਿਧਾਂਤਕਾਰੀ ਤੇ ਦਾਰਸ਼ਨਿਕ ਪ੍ਰਣਾਲੀਆਂ ਦੀ ਸਿਰਜਣ ਪ੍ਰੀਕ੍ਰਿਆ ਸ਼ੁਰੂ ਹੁੰਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਦਮਿਕ ਖੇਤਰ ਦੇ ਪ੍ਰਸਿੱਧ ਵਿਦਵਾਨ ਡਾ. ਗੁਰਭਗਤ ਸਿੰਘ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਡਾ. ਗੁਰਭਗਤ ਸਿੰਘ ਚਿੰਤਨ: ਦ੍ਰਿਸ਼ਟੀ ਅਤੇ ਪਸਾਰ ਵਿਸ਼ੇ ‘ਤੇ ਆਯੋਜਿਤ ਇਕ ਰੋਜ਼ਾ ਸੈਮੀਨਾਰ ਮੌਕੇ ਪੜ੍ਹੇ ਗਏ ਖੋਜ-ਪੱਤਰਾਂ ਰਾਹੀਂ ਕੀਤਾ ਗਿਆ।
ਇਹ ਸੈਮੀਨਾਰ ਖੋਜਾਰਥੀਆਂ ਅਤੇ ਵਿਦਿਆਰਥੀਆਂ ਦੀ ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਫਾਰ ਵਿਮਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ ਡਾ. ਦੀਪਇੰਦਰਜੀਤ ਕੌਰ ਰੰਧਾਵਾ, ਮੁਖੀ, ਅੰਗਰੇਜ਼ੀ ਵਿਭਾਗ, ਖ਼ਾਲਸਾ ਕਾਲਜ, ਪਟਿਆਲਾ ਨੇ ਕੀਤੀ। ਡਾ. ਹਰਿਭਜਨ ਸਿੰਘ ਭਾਟੀਆ, ਪ੍ਰੋਫੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ-ਮਹਿਮਾਨ ਸਨ। ਪ੍ਰਸਿੱਧ ਆਲੋਚਕ ਤੇ ਕਵੀ ਡਾ. ਮਨਮੋਹਨ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਖ਼ਾਲਸਾ ਕਾਲਜ ਫਾਰ ਵਿਮਨ ਦੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਪ੍ਰੋ. ਜਗਦੀਸ਼ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਨਾਦ ਪ੍ਰਗਾਸ ਵੱਲੋਂ ਪ੍ਰਕਾਸ਼ਿਤ ਦੋ ਨਵੀਂ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ, ਜਿਨ੍ਹਾਂ ਵਿਚ ਡਾ. ਦੀਪਇੰਦਰਜੀਤ ਕੌਰ ਰੰਧਾਵਾ ਰਚਿਤ ਪੁਸਤਕ ‘ਅਟਸੈਟਲਿੰਗ ਬਾਊਂਡਰੀਜ਼’ ਅਤੇ ਡਾ. ਗੁਰਭਗਤ ਸਿੰਘ ਦੇ ਲੇਖਾਂ ਦੀ ਡਾ. ਜਸਵਿੰਦਰ ਸਿੰਘ ਵੱਲੋਂ ਸੰਪਾਦਤ ਪੁਸਤਕ ‘ਐਸੇਜ਼ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ’ ਸ਼ਾਮਿਲ ਹਨ।
ਡਾ. ਦੀਪਇੰਦਰਜੀਤ ਕੌਰ ਰੰਧਾਵਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਡਾ. ਗੁਰਭਗਤ ਸਿੰਘ ਨੇ ਆਪਣੇ ਜ਼ਿੰਦਗੀ ਦੀ ਸਮੁੱਚੀ ਅਕਾਦਮਿਕ ਘਾਲਣਾ ਰਾਹੀਂ ਪੰਜਾਬ ਦੇ ਚਿੰਤਨ ਨੂੰ ਨਵੀਂ ਦਿਸ਼ਾ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੰਵਾਦ-ਮੁਖੀ ਹੋਣ ਬਾਰੇ ਕਿਹਾ। ਉਨ੍ਹਾਂ ਡਾ. ਗੁਰਭਗਤ ਸਿੰਘ ਦੇ ਚਿੰਤਨ ਰਾਹੀਂ ਵਿਸ਼ਵ ਅਕਾਦਮਿਕਤਾ ਵਿਚ ਚੱਲ ਰਹੇ ਗਿਆਨ ਅਭਿਆਸ ਵਿਚ ਪੂਰਬੀ ਗਿਆਨ ਦੀ ਮੌਲਿਕਤਾ ਦੇ ਮਾਡਲ ਉਸਾਰਨ ਲਈ ਤਾਕੀਦ ਕੀਤੀ।
ਡਾ. ਭਾਟੀਆ ਨੇ ਕਿਹਾ ਕਿ ਪੰਜਾਬ ਦੀ ਅਕਾਦਮਿਕਤਾ ਨੂੰ ਆਲੋਚਨਾਤਮਕ ਨਜ਼ਰੀਆ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਰਚਨਾ ਜਾਂ ਸ਼ਖਸੀਅਤ ਦਾ ਗਤੀਸ਼ੀਲ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਨਾ ਕਿ ਉਸਦਾ ਖੜੋਤਮਈ ਅਕਸ ਪ੍ਰਵਾਨ ਕਰਕੇ। ਡਾ. ਮਨਮੋਹਨ ਨੇ ਡਾ. ਗੁਰਭਗਤ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਅਕਾਦਮਿਕਤਾ ਦਾ ਭਵਿੱਖ ਸੰਵਾਦ-ਮੁਖੀ ਹੈ। ਜਿਸ ਕਰਕੇ ਵਿਦਿਆਰਥੀਆਂ ਨੂੰ ਵਿਸ਼ਵ ਦੀਆਂ ਗਿਆਨ ਪਰੰਪਰਾਵਾਂ ਨਾਲ ਜੁੜਨਾ ਚਾਹੀਦਾ ਹੈ। ਪ੍ਰੋ. ਜਗਦੀਸ਼ ਸਿੰਘ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਦੁਆਰਾ ਆਪਣੀ ਮੌਲਿਕ ਪਰੰਪਰਾ ਦੇ ਚਿੰਤਕਾਂ ਦੀ ਪਛਾਣ ਕੀਤੀ, ਜਿਨ੍ਹਾਂ ਨੇ ਇਕਹਿਰੀ ਅਤੇ ਮਾਨਸਿਕ ਉਲਾਰਾਂ ਵਾਲੀ ਅਕਾਦਮਿਕਤਾ ਤੋਂ ਮੁਕਤ ਕਰ ਗਿਆਨ ਦੀਆਂ ਸਗਲ ਦਿਸ਼ਾਵਾਂ ਨੂੰ ਸਨਮਾਨ ਦੇਣ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਨੌਜੁਆਨ ਖੋਜਾਰਥੀਆਂ ਦੁਆਰਾ ਡਾ. ਗੁਰਭਗਤ ਸਿੰਘ ਦੀ ਪਹਿਲੀ ਬਰਸੀ ਮੌਕੇ ਇਸ ਧਰਤੀ ਦੀ ਮੌਲਿਕਤਾ ਦੀ ਵਿਸ਼ਵ ਦੀਆਂ ਗਿਆਨ ਪਰੰਪਰਾਵਾਂ ਦੇ ਨਾਲ ਸੰਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਕਰਕੇ ਇਸ ਧਰਤੀ ਦੇ ਚਿੰਤਨ ਦਾ ਭਵਿੱਖ ਸੁਨਿਹਰੀ ਹੈ।
ਇਸ ਮੌਕੇ ਦਿੱਲੀ ਯੂਨੀਵਰਸਿਟੀ, ਦਿੱਲੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖਾਲਸਾ ਕਾਲਜ, ਖਾਲਸਾ ਕਾਲਜ ਫਾਰ ਵਿਮਨ ਤੇ ਹੋਰ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ ਤੇ ਵਿਦਿਆਰਥੀਆਂ ਤੋਂ ਇਲਾਵਾ ਬੀਬੀ ਕਿਰਨਜੋਤ ਕੌਰ, ਡਾ. ਹਰਮੋਹਿੰਦਰ ਸਿੰਘ ਬੇਦੀ, ਡਾ. ਗੁਰਨਾਮ ਕੌਰ ਬੇਦੀ, ਡਾ. ਕੁਲਵੰਤ ਸਿੰਘ, ਪ੍ਰੋ. ਹਰਪਾਲ ਸਿੰਘ, ਪ੍ਰੋ. ਅਵਤਾਰ ਸਿੰਘ, ਪ੍ਰੋ. ਸ਼ਾਮ ਸਿੰਘ, ਪ੍ਰੋ. ਗੁਰਬਖਸ਼ ਸਿੰਘ, ਪ੍ਰੋ. ਪਰਮਿੰਦਰ ਸਿੰਘ, ਪ੍ਰੋ. ਭੁਪਿੰਦਰ ਸਿੰਘ, ਡਾ. ਚਰਨਦੀਪ ਸਿੰਘ ਅਤੇ ਹੋਰ ਹਾਜ਼ਰ ਸਨ।
Punjab Post Daily Online Newspaper & Print Media