ਸ਼ਹਿਰ ਵਾਸੀ ਪੀਣ ਵਾਲੇ ਪਾਣੀ ਦੀ ਬਰਬਾਦੀ ਰੋਕਣ ਵਿੱਚ ਸਹਿਯੋਗ ਕਰਨ – ਤੀਕਸ਼ਨ ਸੂਦ
ਹੁਸ਼ਿਆਰਪੁਰ, 4 ਅਪ੍ਰੈਲ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਬਣਨ ਉਪਰੰਤ ਸ਼ਹਿਰ ਦੇ ਸਾਰੇ ਵਾਰਡਾਂ ਦਾ ਸਰਵਪੱਖੀ ਵਿਕਾਸ ਕਾਰਨ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕਰ ਦਿੱਤੇ ਗਏ ਹਨ। ਇਹ ਵਿਚਾਰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਅੱਜ ਰਵਿਦਾਸ ਨਗਰ ਦੇ ਵਾਰਡ ਨੰ: 12 ਅਤੇ 16 ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਾਫ਼-ਸੁਥਰੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਦਾ ਨੀਂਹ ਪੱਥਰ ਰੱਖਣ ਅਤੇ ਨਾਰੀਅਲ ਤੋੜ ਕੇ ਟਿਊਬਵੈਲ ਦੇ ਬੋਰ ਦਾ ਕੰਮ ਸ਼ੁਰੂ ਕਰਨ ਉਪਰੰਤ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 5 ਹੋਰ ਨਵੇਂ ਟਿਊਬਵੈਲ ਜਲਦੀ ਹੀ ਸ਼ਹਿਰ ਵਿੱਚ ਲਗਾਏ ਜਾ ਰਹੇ ਹਨ ਜਿਸ ਨਾਲ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।ਇਸ ਲਈ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਸਹਿਯੋਗ ਦੇਣਾ ਚਾਹੀਦਾ ਹੈ। ਸ੍ਰੀ ਸੂਦ ਨੇ ਦੱਸਿਆ ਕਿ ਰਵਿਦਾਸ ਨਗਰ ਅਤੇ ਇਸ ਦੇ ਆਲੇ ਦੁਆਲੇ ਬਿਜਲੀ ਦੀ ਕਮੀ ਨੂੰ ਦੇਖਦੇ ਹੋਏ ਜਲਦੀ ਹੀ 7 ਨਵੇਂ ਟਰਾਂਸਫਾਰਮਰ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਲੱਗਣ ਨਾਲ ਬਿਜਲੀ ਦੀ ਨਿਰਵਿਘਨ ਸਪਲਾਈ ਮੁਹੱਈਆ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਰਡਾਂ ਵਿੱਚ ਨਵੇਂ ਬਣੇ ਮੁਹੱਲਿਆਂ ਵਿੱਚ ਸੀਵਰੇਜ, ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ ਪਾਈਪਾਂ, ਗਲੀਆਂ ਅਤੇ ਸੜਕਾਂ ਦਾ ਨਵ-ਨਿਰਮਾਣ ਕਰਨ ਲਈ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਤਹਿਤ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਟਿਊਬਵੈਲ ਨੂੰ ਲਗਾਉਣ ਲਈ ਪ੍ਰਸ਼ੋਤਮ ਸਿੰਘ ਸੋਢੀ ਨੇ ਆਪਣੀ ਨਿੱਜੀ ਜਮੀਨ ਵਿਚੋਂ 5 ਮਰੱਲੇ ਜਮੀਨ ਨਗਰ ਨਿਗਮ ਨੂੰ ਦਾਨ ਦੇ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਤੇ ਮੁਹੱਲਾ ਵਾਸੀਆਂ ਵੱਲੋਂ ਸ੍ਰੀ ਤੀਕਸ਼ਨ ਸੂਦ ਅਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ। ਮੇਅਰ ਨਗਰ ਨਿਗਮ ਸ੍ਰੀ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਨਿਗਮ ਬਣਨ ਦੇ ਇੱਕ ਮਹੀਨੇ ਦੇ ਅੰਦਰ ਹੀ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।ਇਸ ਮੌਕੇ ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਜ਼ਿਲ੍ਹਾ ਪ੍ਰਧਾਨ ਭਾਜਪਾ ਅਨੰਦਵੀਰ ਸਿੰਘ, ਕੌਸਲਰ ਨਰਿੰਦਰ ਕੌਰ, ਕੁਲਵੰਤ ਸਿੰਘ ਸੈਣੀ, ਸ਼ਹਿਰੀ ਮੰਡਲ ਪ੍ਰਧਾਨ ਸੁਰੇਸ਼ ਭਾਟੀਆ ਬਿੱਟੂ, ਸਾਬਕਾ ਡੀ ਐਸ ਪੀ ਮਲਕੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ, ਸਹਾਇਕ ਮਿਉਂਪਸਲ ਇੰਜੀਨੀਅਰ ਹਰਪ੍ਰੀਤ ਸਿੰਘ, ਜੇ ਈ ਅਸ਼ਵਨੀ ਕੁਮਾਰ, ਇੰਸਪੈਕਟਰ ਰਵਿੰਦਰ ਠਾਕਰ, ਗੁਰਬਖਸ਼ ਸਿੰਘ, ਗਿਆਨ ਬਾਂਸਲ, ਕੌਂਸਲਰ ਰਮੇਸ਼ ਕੁਮਾਰ ਮੇਸ਼ੀ, ਮਨੋਹਰ ਲਾਲ ਸ਼ਰਮਾ, ਅਮਰਜੀਤ ਸਿੰਘ ਲਾਡੀ, ਸਮਰਜੀਤ ਸਿੰਘ, ਦਵਿੰਦਰ ਯਾਦਵ, ਇੰਦਰਜੀਤ ਕੁਮਾਰ, ਸੁਮਿਤ ਬਡਵਾਲ, ਕ੍ਰਿਸ਼ਨ ਲਾਲ, ਮੁਹੱਲਾ ਵਾਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
Punjab Post Daily Online Newspaper & Print Media