
ਅੰਮ੍ਰਿਤਸਰ, 24 ਅਪ੍ਰੈਲ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਅਤੇ ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਸਲਾਨਾ ਪ੍ਰੀਖਿਆਵਾਂ ਦੀ ਸਫ਼ਲਤਾ ਲਈ ਅੱਜ ‘ਅਰਦਾਸ ਦਿਵਸ’ ਮਨਾਏ ਗਏ। ਇਸ ਮੌਕੇ ‘ਤੇ ਕਾਲਜਾਂ ਵੱਲੋਂ ਧਾਰਮਿਕ ਸਮਾਗਮਾਂ ਦੌਰਾਨ ਕੀਰਤਨ ਅਤੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਧਾਰਮਿਕ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨ ‘ਤੇ ਉਨ੍ਹਾਂ ਨੂੰ ਇਨਾਮ ਭੇਟ ਕੀਤੇ ਗਏ। ਵੂਮੈਨ ਕਾਲਜ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਭਾਈ ਰਜਿੰਦਰ ਸਿੰਘ ਜਾਪ ਦੇ ਜੱਥੇ ਅਤੇ ਲਾਅ ਕਾਲਜ ਵਿਖੇ ਵਿਦਿਆਰਥੀਆਂ ਦੁਆਰਾ ਮਨਹੋਰ ਕੀਰਤਨ ਕਰਕੇ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵਿੱਚ ਉਕਤ ਕਾਲਜਾਂ ਵਿੱਚ ਪੁੱਜ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ। ਇਸ ਮੌਕੇ ਉਨ੍ਹਾਂ ਵੂਮੈਨ ਅਤੇ ਲਾਅ ਕਾਲਜ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਕੌਂਸਲ ਦੀ ਪ੍ਰਥਾ ਅਨੁਸਾਰ ਸਮੂਹ ਵਿੱਦਿਅਕ ਅਦਾਰਿਆਂ ਵਿੱਚ ਸਾਲਾਨਾ ਪ੍ਰੀਖਿਆ ਦੀ ਸ਼ੁਰੂਆਤ ਸਮੇਂ ਗੁਰੂ ਸਾਹਿਬ ਦਾ ਓਟ ਆਸਰਾ ਲੈਣ ਲਈ ਅਜਿਹੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ। ਵੂਮੈਨ ਕਾਲਜ ਦੇ ਸਮਾਗਮ ਮੌਕੇ ਸ: ਛੀਨਾ ਨੇ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨਾਲ ਮਿਲਕੇ ਕਾਲਜ ਪ੍ਰੋ: ਜਤਿੰਦਰ ਕੌਰ ਵੱਲੋਂ ਗਾਇਨ ਕੀਤੀ ਗਈ ਧਾਰਮਿਕ ਸੀਡੀਜ਼ ‘ਮੇਰੇ ਸਾਹਿਬ’ ਵੀ ਰਿਲੀਜ਼ ਕੀਤੀ ਗਈ, ਜਿਸ ਦੀ ਉਨ੍ਹਾਂ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਧਿਆਪਕ ਵਿਦਿਆਰਥੀਆਂ ਲਈ ਮਾਰਗ ਦਰਸ਼ਕ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਧਾਰਮਿਕ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਸਥਾਨ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਟਰੀਫਿਕੇਟ ਅਤੇ ਸਵਾ ਲੱਖ ਦੇ ਵਜ਼ੀਫ਼ੇ ਵੀ ਤਕਸੀਮ ਕੀਤੇ। ਇਸ ਉਪਰੰਤ ਉਨ੍ਹਾਂ ਲਾਅ ਕਾਲਜ ਵਿਖੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨਾਲ ਮਿਲਕੇ ਵਿੱਦਿਅਕ ਖੇਤਰ ਵਿੱਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਸਮਾਗਮ ਦੌਰਾਨ ਸ: ਛੀਨਾ ਨੇ ਪ੍ਰਿੰ: ਡਾ. ਸੁਖਬੀਰ ਕੌਰ ਮਾਹਲ, ਪ੍ਰਿੰ: ਡਾ. ਜਸਪਾਲ ਸਿੰਘ ਦੀ ਕਾਲਜ ਪ੍ਰਤੀ ਸੇਵਾਵਾਂ ਸਬੰਧੀ ਸ਼ਲਾਘਾ ਕੀਤੀ।
ਉਕਤ ਸਮਾਗਮਾਂ ਮੌਕੇ ਵੂਮੈਨ ਕਾਲਜ ਵਿੱਚ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਆਫ਼ ਨਰਸਿੰਗ ਪ੍ਰਿੰਸੀਪਲ ਡਾ. ਨੀਲਮ ਹੰਸ, ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਡਾ. ਡੀ. ਕੇ. ਸੰਧੂ, ਖ਼ਾਲਸਾ ਕਾਲਜ ਪਬਲਿਕ ਸਕੂਲ (ਹੇਰ) ਪ੍ਰਿੰਸੀਪਲ ਗੁਰਿੰਦਰਜੀਤ ਲਾਅ ਕਾਲਜ ਵਿੱਚ ਸ: ਇੰਦਰਜੀਤ ਸਿੰਘ ਗੋਗੋਆਣੀ, ਖ਼ਾਲਸਾ ਕਾਲਜ ਵੈਟਰਨਰੀ ਪ੍ਰਿੰਸੀਪਲ ਡਾ. ਐੱਸ. ਕੇ. ਜੰਡ, ਅੰਡਰ ਸੈਕਟਰੀ ਡੀ. ਐੱਸ. ਰਟੌਲ (ਦੋਵੇਂ ਕਾਲਜਾਂ ‘ਤੇ) ਐੱਸ. ਐੱਸ. ਸਿੱਧੂ, ਪ੍ਰੋ: ਸ਼ਮਸ਼ੇਰ ਸਿੰਘ, ਪ੍ਰੋ: ਅਮਰੀਕ ਸਿੰਘ, ਪ੍ਰੋ: ਗੁਰਪ੍ਰੀਤ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media