
ਨਵੀਂ ਦਿੱਲੀ, 5 ਮਈ (ਅੰਮ੍ਰਿਤ ਲਾਲ ਮੰਨਣ) – ਨਿਮਰਤਾ ਦੇ ਪੂੰਜ ਤੀਜੇ ਸਤਿਗੁਰੂ ਸ੍ਰੀ ਗੁਰੁ ਅਮਰਦਾਸ ਜੀ ਦਾ ਪ੍ਰਕਾਸ਼ ਪੂਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮਨਾਇਆ ਗਿਆ। ਦਿੱਲੀ ਕਮੇਟੀ ਦੇ ਹਜ਼ੁਰੀ ਰਾਗੀ ਜਥੇ ਭਾਈ ਅਜੀਤ ਸਿੰਘ ਮਨਜੀਤ ਸਿੰਘ, ਭਾਈ ਸਤਿੰਦਰ ਸਿੰਘ ਜੀ ਸਰਤਾਜ ਤੇ ਭਾਈ ਲਖਬੀਰ ਸਿੰਘ ਜੀ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਸੁਖਦਰਸ਼ਨ ਸਿੰਘ ਨੇ ਕਥਾ ਵਿਚਾਰਾਂ ਦੌਰਾਨ ਗੁਰੂ ਅਮਰਦਾਸ ਜੀ ਨੂੰ ਸੇਵਾ ਅਤੇ ਨਿਮਰਤਾ ਦਾ ਪ੍ਰਤੀਕ ਵੀ ਦੱਸਿਆ। ਗੁਰੂ ਸਾਹਿਬ ਜੀ ਵੱਲੋਂ 72 ਸਾਲ ਦੀ ਉਮਰ ਤੱਕ ਪਾਣੀ ਦੀ ਗਾਗਰ ਦੀ ਕੀਤੀ ਗਈ ਸੇਵਾ ਨੂੰ ਬੇਮਿਸਾਲ ਦੱਸਦੇ ਹੋਏ ਭਾਈ ਸਾਹਿਬ ਨੇ ਗੁਰੁ ਸਾਹਿਬ ਜੀ ਵੱਲੋਂ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਥਾਪਿਤ ਕੀਤੀਆਂ ਗਈਆਂ 22 ਮੰਜੀਆਂ ਦੇ ਇਤਿਹਾਸ ਦੀ ਵੀ ਜਾਣਕਾਰੀ ਦਿੱਤੀ।
ਗੁਰੂ ਸਾਹਿਬ ਵੱਲੋਂ ਇਸਤਰੀ ਜਾਤੀ ਦੇ ਸਨਮਾਨ ਲਈ ਸਤੀ ਪ੍ਰਥਾ ਅਤੇ ਪਰਦੇ ਦੀ ਪ੍ਰਥਾ ਦੀ ਸਮਾਪਤੀ ਲਈ ਕੀਤੇ ਗਏ ਯਤਨਾ ਤੋਂ ਵੀ ਸੰਗਤਾਂ ਨੂੰ ਭਾਈ ਸਾਹਿਬ ਨੇ ਜਾਣੂੰ ਕਰਵਾਇਆ।ਜਾਤ-ਪਾਤ, ਅਮੀਰੀ-ਗਰੀਬੀ ਅਤੇ ਨਸਲ-ਰੰਗ ਦੇ ਵਿਤਕਰੇ ਨੂੰ ਖਤਮ ਕਰਨ ਲਈ ਲੰਗਰ ਪ੍ਰਥਾ ਨੂੰ ਪ੍ਰਚੰਡ ਕਰਨ ਵਿਚ ਗੁਰੂ ਸਾਹਿਬ ਵੱਲੋਂ ਕੀਤੇ ਗਏ ਸੁਧਾਰਾਂ ਬਾਰੇ ਵੀ ਭਾਈ ਸਾਹਿਬ ਨੇ ਸੰਗਤਾ ਨੂੰ ਦੱਸਿਆ।ਇਸ ਮੌਕੇ ਗੁਰਦੁਆਰਾ ਸਾਹਿਬ ਦੇ ਵਾਈਸ ਚੇਅਰਮੈਨ ਹਰਜੀਤ ਸਿੰਘ ਬੇਦੀ ਵੱਲੋਂ ਰਾਗੀ ਸਿੰਘਾ ਨੂੰ ਸਿਰਪਾਓ ਦੀ ਬਖਸ਼ੀਸ਼ ਵੀ ਕੀਤੀ ਗਈ।
Punjab Post Daily Online Newspaper & Print Media