ਸ੍ਰੀ ਫਤਹਿਗੜ੍ਹ ਸਾਹਿਬ, 14 ਮਈ (ਪੰਜਾਬ ਪੋਸਟ ਬਿਊਰੋ) – ਸਿੱਖ ਰਾਜ ਦੇ ਮਹਾਨਾਇਕ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਪੰਜਵੇ ਇੰਟਰਨੈਸ਼ਨਲ ਗਤਕਾ ਮੁਕਾਬਲਿਆਂ ਵਿਚੋਂ ਮੁਖ ਮੁਕਾਬਲਾ ਭਾਰਤ ਦੀ ਟੀਮ ਨੇ ਆਪਣੇ ਨਾਮ ਕਰਦਿਆਂ ਇਕ ਲੱਖ ਰੁਪਏ ਦਾ ਇਨਾਮ ਜਿੱਤ ਲਿਆ।ਇਸ ਟੀਮ ਨੇ ਆਪਣੀ ਨਿਕਟ ਵਿਰੋਧੀ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਟੀਮ ਨੂੰ ਹਰਾਇਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ ਪਰਮਜੀਤ ਸਿੰਘ ਸਰੋਆ ਤੇ ਸ ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਨੇ ਪਹਿਲੇ ਸਥਾਨ ਤੇ ਰਹਿਣ ਵਾਲੀ ਭਾਰਤ ਦੀ ਟੀਮ ਨੂੰ ਜੇਤੂ ਟਰਾਫੀ, ਸਿਰੋਪਾਓ ਤੇ ਇਕ ਲੱਖ ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਵੀ ਪਝੰਤਰ ਹਜਾਰ ਰੁਪਏ ਦਾ ਚੈਕ, ਸਿਰੋਪਾਓ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।
ਇਸ ਤੋਂ ਪਹਿਲਾਂ ਕਰਵਾਏ ਗਏ ਸੈਮੀਫਾਈਨਲ ਮੁਕਾਬਲਿਆਂ ਦੌਰਾਨ ਭਾਰਤ, ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ ਇੰਡੀਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਮੁਖ ਮੁਕਾਬਲੇ ਲਈ ਚੁਣੀਆਂ ਗਈਆਂ। ਬੇਹੱਦ ਰੌਚੱਕ ਹੋਏ ਇਨ੍ਹਾਂ ਫਾਈਨਲ ਮੁਕਾਬਲਿਆਂ ਦੌਰਾਨ ਭਾਰਤ ਦੀ ਟੀਮ ਨੇ ਮੁਖ ਮੁਕਾਬਲਾ ਜਿੱਤਿਆ। ਇਹ ਮੁਕਾਬਲੇ ਸ ਸੁਪ੍ਰੀਤ ਸਿੰਘ ਚੀਫ ਰੈਫਰੀ, ਸ ਸਿਮਰਨਜੀਤ ਸਿੰਘ ਤੇ ਸ ਹਰਦੀਪ ਸਿੰਘ ਰੈਫਰੀ ਦੀ ਨਿਗਰਾਨੀ ਹੇਠ ਹੋਏ। ਇਸ ਮੌਕੇ ਸz ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ ਤੇ ਸ ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟੀ ਵੀ ਚੈਨਲ ਦੇ ਰੀਪੋਟਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਕੀਤੀ ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ ਇਹ ਪੰਜਵਾਂ ਇੰਟਰਨੈਸ਼ਨਲ ਗਤਕਾ ਕੱਪ ਸ੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗਤਕਾ ਕੱਪ ਮੁਕਾਬਲੇ ਕਰਵਾਉਣ ਦਾ ਮੁਖ ਮੰਤਵ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਹੈ ਉਥੇ ਸਿੱਖ ਨੌਜਵਾਨੀ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਵੀ ਹੈ।
ਗਤਕਾ ਟੀਮਾਂ ਦੇ ਖਿਡਾਰੀਆਂ ਤੇ ਉਨ੍ਹਾਂ ਦੇ ਨਾਲ ਆਏ ਜਥੇਦਾਰਾਂ ਨੂੰ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ,ਸz ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ ਅਮਰਜੀਤ ਸਿੰਘ ਮੈਨੇਜਰ ਤੇ ਸ ਮਨਮੋਹਨ ਸਿੰਘ ਭਾਗੋਵਾਲੀਆ ਡਾਇਰੈਕਟਰ ਗਤਕਾ ਨੇ ਮੋਂਮੈਂਟੋ ਤੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ ਗੁਰਤੇਜ ਸਿੰਘ ਲਾਂਬਾ ਪ੍ਰਿੰਸੀਪਲ, ਸ ਮਨਪ੍ਰੀਤ ਸਿੰਘ ਐਕਸੀਅਨ, ਸ ਭਗਵੰਤ ਸਿੰਘ ਮੈਨੇਜਰ ਆਦਿ ਮੌਜੂਦ ਸਨ।
Punjab Post Daily Online Newspaper & Print Media