Thursday, March 19, 2026

ਮੁੱਖ ਮੰਤਰੀ ਨੇ 84 ਪਿੰਡਾਂ ਨੂੰ 24 ਕਰੋੜ ਦੀਆਂ ਗਰਾਂਟਾ ਵੰਡੀਆਂ

ਤਿੰਨ ਦਿਨ ਵਰਦੀ ਗਰਮੀ ਵਿਚ ਲੋਕਾਂ ਦੀਆਂ ਮੁਸ਼ਿਕਲਾਂ ਸੁਣਦੇ ਰਹੇ ਮੁੱਖ ਮੰਤਰੀ

ਹਰੇਕ ਮਿਲਣ ਆਏ ਵਿਅਕਤੀ ਨੂੰ ਮਿਲਕੇ ਉਸਦਾ ਮਸਲਾ ਕਰਨ ਦੀ ਕੀਤੀ ਕੋਸ਼ਿਸ਼

PPN0507201506ਅੰਮ੍ਰਿਤਸਰ, 5 ਜੂਨ (ਗੁਰਚਰਨ ਸਿੰਘ)-ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ 3 ਤੋਂ 5 ਜੂਨ ਤੱਕ ਤਿੰਨ ਦਿਨ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕੀਤੇ ਅਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣ ਕੇ ਉਨਾਂ ਦਾ ਮੌਕੇ ‘ਤੇ ਹੱਲ ਕਰਨ ਦਾ ਯਤਨ ਕੀਤਾ। ਇਨਾਂ ਲਗਾਤਾਰ ਤਿੰਨ ਦਿਨਾਂ ਦੌਰਾਨ ਮੁੱਖ ਮੰਤਰੀ ਨੇ 84 ਪਿੰਡਾਂ ਨੂੰ 24 ਕਰੋੜ ਰੁਪਏ ਦੀਆਂ ਗਰਾਟਾਂ ਦਿੱਤੀਆਂ ਅਤੇ ਵਿਕਾਸ ਦੇ ਕੰਮਾਂ ਦੇ ਵੇਰਵੇ ਸਬੰਧਤ ਪੰਚਾਇਤਾਂ ਤੋਂ ਲਏ। ਕੜਾਕੇ ਦੀ ਗਰਮੀ ਅਤੇ ਹੁੰਮਸ ਦੇ ਬਾਵਜੂਦ ਉਨਾਂ ਨੇ ਹਰੇਕ ਮਿਲਣ ਆਏ ਵਿਅਕਤੀ ਦਾ ਦੁੱਖੜਾ ਸੁਣਿਆ ਅਤੇ ਹਰ ਸੰਭਵ ਹੱਲ ਵੀ ਕੀਤਾ। ਵਿਕਾਸ ਦੇ ਮੁੱਦੇ ‘ਤੇ ਗੱਲਬਾਤ ਕਰਦੇ ਕਈ ਵਾਰ ਸਬੰਧਤ ਪੰਚਾਇਤਾਂ ਦੇ ਨੁੰਮਾਇਦੇ ਭਾਵੇਂ ਕਾਹਲੇ ਪੈ ਜਾਂਦੇ ਰਹੇ, ਪਰ ਮੁੱਖ ਮੰਤਰੀ ਬੜੇ ਠਰੰਮੇ ਨਾਲ ਉਨਾਂ ਨਾਲ ਗੱਲਾਬਾਤ ਕਰਦੇ ਰਹੇ।
ਸ. ਬਾਦਲ ਦੀ ਕੋਸ਼ਿਸ਼ ਸੀ ਕਿ ਹਲਕੇ ਦੇ ਹਰੇਕ ਪਿੰਡ ਵਿਚ ਜਾ ਕੇ ਉਹ ਖੁਦ ਮੌਕਾ ਵੇਖਣ ਅਤੇ ਵਿਕਾਸ ਲਈ ਗਰਾਟਾਂ ਦੇਣ, ਪਰ ਤਿੰਨ ਦਿਨਾਂ ਵਿਚ ਅਜਿਹਾ ਸੰਭਵ ਨਾ ਹੋ ਸਕਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਦੀ ਅਗਵਾਈ ਹੇਠ ਅਜਿਹੀ ਯੋਜਨਾਬੰਦੀ ਕੀਤੀ ਕਿ ਹਰੇਕ ਸਮਾਗਮ ਵਿਚ 2 ਤੋਂ ਤਿੰਨ ਪਿੰਡਾਂ ਨੂੰ ਸੱਦਿਆ। ਜਿਸ ਨਾਲ ਬਹੁਤ ਘੱਟ ਭੀੜ ਸਮਾਗਮਾਂ ਵਿਚ ਇਕੱਠੀ ਹੋਈ ਅਤੇ ਸਬੰਧਤ ਪੰਚਾਇਤਾਂ ਨੂੰ ਆਪਣੀ ਗੱਲ ਕਰਨ ਦਾ ਖੁੱਲਾ ਸਮਾਂ ਮਿਲ ਗਿਆ।
ਮੁੱਖ ਮੰਤਰੀ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਸੁਣਦੇ ਰਹੇ ਅਤੇ ਉਨਾਂ ਦੇ ਮਸਲਿਆਂ ਦਾ ਹੱਲ ਵੀ ਸਭ ਤੋਂ ਤਰਜੀਹ ਨਾਲ ਕਰਦੇ ਰਹੇ।ਪਿੰਡਾਂ ਦੇ ਵਿਕਾਸ ਦੀ ਗਰਾਂਟ ਦੇਣ ਵੇਲੇ ਵੀ ਉਨਾਂ ਲਈ ਧਰਮਸ਼ਾਲਾ ਅਤੇ ਲੈਟਰੀਨ ਆਦਿ ਨੂੰ ਵਿਸ਼ੇਸ ਤੌਰ ‘ਤੇ ਗਰਾਂਟਾਂ ਦਿੱਤੀਆਂ। ਇਸ ਪਿਛੋਂ ਉਹ ਹਰੇਕ ਪਿੰਡ ਦੇ ਨੌਜਵਾਨਾਂ ਨੂੰ ਮਿਲਦੇ ਰਹੇ ਅਤੇ ਉਨਾਂ ਨੂੰ ਜ਼ਿੰਮ ਬਨਾਉਣ ਵਾਸਤੇ ਕਮਰੇ ਲਈ ਗਰਾਂਟ, ਖੇਡ ਮੈਦਾਨ ਦੀ ਸਾਫ-ਸਫਾਈ ਅਤੇ ਉਸਦੀ ਵਾੜਬੰਦੀ ਕਰਨ ਲਈ ਗਰਾਂਟ, ਜਿੰਮ, ਖੇਡ ਕਿੱਟਾਂ ਆਦਿ ਦਿੱਤੀਆਂ। ਇਸ ਪਿਛੋਂ ਉਨਾਂ ਪਿੰਡ ਦੀ ਪੰਚਾਇਤ ਨੂੰ ਸਮਾਂ ਦਿੱਤਾ ਅਤੇ ਪਿੰਡਾਂ ਦੇ ਸਾਂਝੇ ਮਸਲੇ ਸੁਣ ਕੇ ਉਨਾਂ ਦੇ ਹੱਲ ਲਈ ਗਾਰਾਂਟਾਂ ਦੇ ਗੱਫੇ ਦਿੱਤੇ।
ਸੰਗਤ ਦਰਸ਼ਨ ਦੀ ਇਕ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਮੁੱਖ ਮੰਤਰੀ ਨੇ ਪਿੰਡ ਦੇ ਹਰੇਕ ਮਿਲਣ ਦੀ ਇੱਛਾ ਰੱਖਣ ਵਾਲੇ ਨੂੰ ਮਿਲਿਆ ਅਤੇ ਉਨਾਂ ਦਾ ਮਸਲਾ ਹੱਲ ਕੀਤਾ।ਭਾਵੇਂ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਕਰਮਚਾਰੀ ਹਰੇਕ ਨੂੰ ਅੱਗੇ ਲਿਆਉਣ ਤੋਂ ਸੰਜਮ ਵਰਤਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਮੁੱਖ ਮੰਤਰੀ ਬਿਲਕੁੱਲ ਸਾਹਮਣੇ ਬੈਠੇ ਹੋਣ ਕਾਰਨ ਉਹ ਹਰੇਕ ਨੂੰ ਅਵਾਜ਼ ਮਾਰ ਕੇ ਆਪਣੇ ਕੋਲ ਸੱਦ ਲੈਂਦੇ ਰਹੇ।ਕਈ ਪਿੰਡਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦੀ ਵੀ ਮੁੱਖ ਮੰਤਰੀ ਨੇ ਰੱਜਵੀਂ ਤਾਰੀਫ ਕੀਤੀ। ਤਰਸਿੱਕਾ ਇਲਾਕੇ ਵਿਚ ਖੁੰਭਾਂ ਦੀ ਕੀਤੀ ਜਾਂਦੀ ਕਾਸ਼ਤ ਬਾਬਤ ਉਨਾਂ ਸਬੰਧਤ ਕਿਸਾਨਾਂ ਕੋਲੋਂ ਜਾਣਕਾਰੀ ਲਈ ਇਨਾਂ ਦਾ ਹੋਰ ਵਿਸਥਾਰ ਕਰਨ ਲਈ ਸੁਝਾਅ ਵੀ ਲਏ।
ਹਰੇਕ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਹਾਜ਼ਰ ਹੋਣ ਕਾਰਨ ਬਹੁਤੇ ਲੋਕਾਂ ਦੇ ਕੰਮ ਤਾਂ ਮੁੱਖ ਮੰਤਰੀ ਨੇ ਉਸੇ ਵੇਲੇ ਸਬੰਧਤ ਮੁਖੀਆਂ ਦੇ ਹਵਾਲੇ ਕਰਕੇ ਉਨਾਂ ਨੂੰ ਤਰੁੰਤ ਪੂਰਾ ਕਰਨ ਦੀ ਹਦਾਇਤ ਕਰ ਦਿੱਤੀ, ਪਰ ਕੁੱਝ ਇਕ ਕੰਮ ਜਿਨਾਂ ਵਿਚ ਪਿੰਡਾਂ ਦੇ ਗੰਦੇ ਪਾਣੀ ਦਾ ਨਿਕਾਸ, ਸੜਕਾਂ ਅਤੇ ਪੁੱਲਾਂ ਆਦਿ ਦੀਆਂ ਮੰਗਾਂ ਸ਼ਾਮਿਲ ਸਨ, ਬਾਰੇ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦੋ ਦਿਨ ਦਾ ਸਮਾਂ ਦੇ ਕਿਹਾ ਕਿ ਉਹ ਇਹ ਕੇਸ ਵੈਰੀਫਾਈ ਕਰਕੇ ਅਤੇ ਇਸ ਦਾ ਪ੍ਰਾਜੈਕਟ ਤਿਆਰ ਕਰਕੇ ਉਨਾਂ ਕੋਲ ਚੰਡੀਗੜ੍ਹ ਭੇਜ ਦੇਣ, ਤਾਂ ਕਿ ਛੇਤੀ ਹੀ ਇਨਾਂ ਦੀ ਸ਼ੁਰੂਆਤ ਵੀ ਕੀਤੀ ਜਾ ਸਕੇ। ਮੁੱਖ ਮੰਤਰੀ ਨੇ ਕੁੱਝ ਇਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨਾਂ ਦੀ ਲਾਪਰਵਾਹੀ ਵਾਲੀ ਫਿਤਰਤ ‘ਤੇ ਝਾੜਿਆ ਵੀ ਅਤੇ ਅੱਗੇ ਤੋਂ ਅਜਿਹੀ ਕਾਰਜਸ਼ੈਲੀ ਬਦਲਣ ਦੀ ਹਦਾਇਤ ਵੀ ਕੀਤੀ। ਸ. ਬਾਦਲ ਨੇ ਹਰੇਕ ਪਿੰਡ ਲੋਕਾਂ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਸੰਗਤ ਦਰਸ਼ਨ ਉਨਾਂ ਦਾ ਸਭ ਤੋਂ ਮਨਪਸੰਦ ਕੰਮ ਹੈ, ਕਿਉਂਕਿ ਇੱਥੇ ਆ ਕੇ ਉਨਾਂ ਨੂੰ ਲੋਕਾਂ ਦੀ ਸੇਵਾ ਕਰਨ ਅਤੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਹਲਕੇ ਦੇ ਸਾਰੇ ਪਿੰਡਾਂ ਵਿਚ ਨਾ ਪਹੁੰਚ ਸਕਣ ਕਾਰਨ ਮੁੱਖ ਮੰਤਰੀ ਸ. ਬਾਦਲ ਨੇ ਛੇਤੀ ਹੀ ਇਸ ਹਲਕੇ ਵਿਚ ਹੋਰ ਸੰਗਤ ਦਰਸ਼ਨ ਕਰਕੇ ਬਾਕੀ ਰਹਿੰਦੇ ਪਿੰਡਾਂ ਦਾ ਪ੍ਰੋਗਰਾਮ ਉਲੀਕਣ ਦਾ ਫੈਸਲਾ ਵੀ ਲਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply