Friday, April 17, 2026

ਲੜਕੀਆਂ ਲਈ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ 17 ਨੂੰ ਅੰਮ੍ਰਿਤਸਰ ਵਿਖੇ

ਅੰਮ੍ਰਿਤਸਰ, 5 ਜੁਲਾਈ (ਗੁਰਚਰਨ ਸਿੰਘ) – ਲੜਕੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ 17 ਜੁਲਾਈ ਨੂੰ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਖੇ ਲੜਕੀਆਂ ਲਈ ਉਚੇਚਾ ਤਿੰਨ ਰੋਜਾ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ ਸਥਾਨਕ ਜਿਲਾ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਅਤੇ ਜਿਲਾ ਗੱਤਕਾ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਸਰਬਜੀਤ ਸਿੰਘ ਨੇ ਦੱਸਿਆ ਕਿ ਖਾਸ ਕਰਕੇ ਮਾਝਾ ਅਤੇ ਦੋਆਬਾ ਦੀਆਂ ਲੜਕੀਆਂ ਲਈ ਆਯੋਜਤ ਇਸ ਕੈਂਪ ਦੌਰਾਨ ਜੰਗਜੂ ਕਲਾ ਦੇ ਮਾਹਰ ਗੱਤਕਾ ਕੋਚਾਂ ਵੱਲੋਂ ਥਿਊਰੀ ਅਤੇ ਪ੍ਰੈਕਟੀਕਲ ਕਲਾਸਾਂ ਲਗਾਈਆਂ ਜਾਣਗੀਆਂ। ਉਨਾਂ ਕਿਹਾ ਕਿ ਘੱਟੋ-ਘੱਟ ਦੋ ਸਾਲ ਤੋਂ ਗੱਤਕਾ ਖੇਡ ਰਹੀਆਂ ਅਤੇ 22 ਸਾਲ ਤੋਂ ਵੱਧ ਉਮਰ ਦੀਆਂ ਖਿਡਾਰਨਾਂ ਹੀ ਇਸ ਸਰਟੀਫ਼ਿਕੇਸ਼ਨ ਕੈਂਪ ਵਿੱਚ ਹਿੱਸਾ ਲੈ ਸਕਦੀਆਂ ਹਨ।
ਗਰੇਵਾਲ ਨੇ ਦੱਸਿਆ ਕਿ ਇਸ ਕੋਰਸ ਦੀ ਸਮਾਪਤੀ ਉਪਰੰਤ ਸਫਲ ਸਿਖਿਆਰਥਣਾਂ ਅਤੇ ਆਫ਼ੀਸ਼ੀਅਲਾਂ ਨੂੰ ਸਰਟੀਫ਼ਿਕੇਟ ਅਤੇ ਸ਼ਨਾਖਤੀ ਕਾਰਡ ਪ੍ਰਦਾਨ ਕੀਤੇ ਜਾਣਗੇ। ਊਨਾਂ ਕਿਹਾ ਕਿ ਇਸ ਵਿਸ਼ੇਸ਼ ਕੋਰਸ ਦਾ ਮੁੱਖ ਉਦੇਸ਼ ਗੱਤਕਾ ਐਸੋਸੀਏਸ਼ਨ ਦੇ ਮਹਿਲਾ ਵਿੰਗ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਰਾਜ ਦੇ ਵੱਖ-ਵੱਖ ਜਿਲਿਆਂ ਵਿੱਚ ਲੜਕੀਆਂ ਲਈ ਗੱਤਕਾ ਸਿਖਲਾਈ ਕੈਂਪਾਂ ਦੀ ਲੜੀ ਸ਼ੁਰੂ ਕਰਨਾ ਹੈ ਤਾਂ ਜੋ ਉਹ ਮਾਰਸ਼ਲ ਆਰਟ ਗੱਤਕੇ ਨੂੰ ਖੇਡ ਵਜੋਂ ਅਪਣਾ ਕੇ ਆਪਣੀ ਸਵੈ-ਰੱਖਿਆ ਲਈ ਜਾਗਰੂਕ ਹੋ ਸਕਣ। ਉਨਾਂ ਕਿਹਾ ਕਿ ਇਸ ਵਿਸ਼ੇਸ਼ ਸਰਟੀਫਿਕੇਸ਼ਨ ਕੋਰਸ ਵਿੱਚ ਭਾਗ ਲੈਣ ਦੀਆਂ ਚਾਹਵਾਨ ਖਿਡਾਰਨਾਂ ਜਲਦ ਰਜਿਸਟਰੇਸ਼ਨ ਕਰਵਾਉਣ ਲਈ ਉਦੇ ਸਿੰਘ ਸਟੇਟ ਕੋਆਰਡੀਨੇਟਰ ਅਤੇ ਬਲਜਿੰਦਰ ਸਿੰਘ ਤੂਰ ਰਾਸ਼ਟਰੀ ਕੋਆਰਡੀਨੇਟਰ ਨਾਲ ਸੰਪਰਕ ਕਰ ਸਕਦੀਆਂ ਹਨ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply