
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਪੰਜਾਬ ਪੁਲਸ ਦੇ ਹੌਲਦਾਰ ਨੇ ਗੁੰਮਿਆ ਪਰਸ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਦਿੱਤੀ ਹੈ। ਇਸ ਪਰਸ ਵਿੱਚ ਨਕਦੀ ਸਮੇਤ ਹੋਰ ਜਰੂਰੀ ਦਸਤਾਵੇਜਾਂ ਤੋਂ ਇਲਾਵਾ ਐਚਟੀਸੀ ਦਾ ਮਹਿੰਗਾ ਮੋਬਾਇਲ ਸੀ। ਜਾਣਕਾਰੀ ਮੁਤਾਬਿਕ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਪਾਵਰ ਹਾਊਸ ਰੋਡ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਸ ਨੁੰ ਸੜਕ ‘ਤੇ ਪਿਆ ਇੱਕ ਪਰਸ ਮਿਲਿਆ। ਜਦੋਂ ਉਸ ਨੇ ਪਰਸ ਨੂੰ ਚੈਕ ਕੀਤਾ ਤਾਂ ਉਸ ਵਿੱਚ 9500 ਰੁਪਏ ਦੀ ਨਕਦੀ ਤੋਂ ਇਲਾਵਾ ਐਚਟੀਸੀ ਦਾ ਇੱਕ ਮੋਬਾਇਲ ਸੀ। ਇਸ ਤੋਂ ਇਲਾਵਾ ਹੋਰ ਜਰੂਰੀ ਦਸਤਾਵੇਜ ਸਨ। ਹਰਜੀਤ ਸਿੰਘ ਨੇ ਦੱਸਿਆ ਕਿ ਪਰਸ ਚੈਕ ਕਰਦੇ ਸਮੇਂ ਉਸ ਨੂੰ ਇੱਕ ਵਿਜਟਿੰਗ ਕਾਰਡ ਵੀ ਮਿਲਿਆ, ਜਿਸ ਵਿੱਚ ਛਪੇ ਨੰਬਰ ‘ਤੇ ਜਦੋਂ ਉਸ ਨੇ ਸੰਪਰਕ ਕੀਤਾ ਤਾਂ ਮੀਨੂੰ ਨਾਮ ਦੀ ਲੜਕੀ ਨੇ ਫੋਨ ਚੁੱਕਿਆ। ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਮੀਨੂੰ ਨੂੰ ਉਸ ਨੇ ਪਰਸ ਦੀ ਪਛਾਣ ਪੁੱਛੀ ਤੇ ਵਾਪਸ ਕਰਨ ਲਈ ਮਿਲਣ ਲਈ ਕਿਹਾ। ਪੰਜਾਬ ਪੁਲਸ ਦੇ ਹੌਲਦਾਰ ਹਰਜੀਤ ਸਿੰਘ ਜਿਹੜੇ ਕਿ ਪੁਲਸ ਲਾਈਨ ਵਿੱਚ ਇੱਕ ਗੈਸ ਏਜੰਸੀ ਦੇ ਇੰਚਾਰਜ ਵੀ ਹਨ, ਨੇ ਦੱਸਿਆ ਕਿ ਮੀਨੂੰ ਨਾਮ ਦੀ ਲੜਕੀ ਆਪਣਾਂ ਪਰਸ ਮਿਲਿਆ ਦੇਖ ਕੇ ਕਾਫ਼ੀ ਖੁਸ਼ ਹੋਈ ਤੇ ਕਹਿਣ ਲੱਗੀ ਕਿ ਅਸੀਂ ਤੁਹਾਨੂੰ ਸਨਮਾਨਤ ਕਰਾਂਗੇ ਪਰ ਉਸ ਨੇ ਇਨਕਾਰ ਕਰਦਿਆਂ ਕਿਹਾ ਕਿ ਇਹ ਤਾਂ ਉਸ ਦਾ ਫਰਜ਼ ਬਣਦਾ ਸੀ, ਜਿਹੜਾ ਕਿ ਹਰੇਕ ਨਾਗਰਿਕ ਨੂੰ ਨਿਭਾਉਣਾ ਚਾਹੀਦਾ ਹੈ।ਇਸ ਤਰ੍ਹਾ ਕਰਨ ਨਾਲ ਆਪਸੀ ਭਰੋਸੇ ਵਾਲੀ ਸਥਿੱਤੀ ਪੈਦਾ ਹੁੰਦੀ ਹੈ। ਇਹ ਸਭ ਕੁਝ ਸੁਣ ਕੇ ਮੀਨੂੰ ਕਾਫ਼ੀ ਖੁਸ਼ ਹੋਈ।
Punjab Post Daily Online Newspaper & Print Media