
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ ਖੁਰਮਨੀਆ)- ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਆਪਣੀਆਂ ਹਮਖਿਆਲੀ ਸਾਹਿਤਕ ਜਥੇਬੰਦੀਆਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪੰਜਾਬ ਜਾਗ੍ਰਿਤੀ ਮੰਚ, ਭਾਸ਼ਾ ਅਕੈਡਮੀ ਪੰਜਾਬ ਅਤੇ ਹੋਰਨਾਂ ਪੰਜਾਬੀ ਹਿਤੈਸ਼ੀ ਜਥੇਬੰਦੀਆਂ ਨਾਲ ਮਿਲਕੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਹਿੱਤ ਪਿਛਲੇ ਕਈ ਦਹਾਕਿਆਂ ਤੋਂ ਵਿੱਢੇ ਸੰਘਰਸ਼ ਤਹਿਤ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਡਾ. ਕਰਮਜੀਤ ਸਿੰਘ ਅਤੇ ਡਾ. ਲਾਭ ਸਿੰਘ ਖੀਵਾ ਦੇ ਹਵਾਲੇ ਨਾਲ ਅੱਜ ਇੱਥੋਂ ਜਾਰੀ ਬਿਆਨ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਦੱਸਿਆ ਕਿ 6 ਅਗਸਤ ਸਵੇਰੇ 10:00 ਵਜੇ ਧਰਮਪੁਰਾ ਕਲੌਨੀ ਬਟਾਲਾ ਤੋਂ ਉਨ੍ਹਾਂ ਪ੍ਰਾਈਵੇਟ ਪਬਲਿਕ ਸਕੂਲਾਂ ਦੀ ਨਿਸ਼ਾਨਦੇਹੀ ਕਰਕੇ ਰੋਸ ਧਰਨਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ।ਜਿੰਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ‘ਤੇ ਮਾਤ ਭਾਸ਼ਾ ਪੰਜਾਬੀ ਵਿੱਚ ਗੱਲਬਾਤ ਕਰਨ ਤੇ ਪਾਬੰਦੀ ਲਗਾਈ ਹੋਈ ਹੈ ਤੇ ਉਨ੍ਹਾਂ ਨੂੰ ਪੰਜਾਬੀ ਬੋਲਣ ਤੇ ਸਜਾਵਾਂ ਅਤੇ ਜੁਰਮਾਨੇ ਲਗਾ ਕੇ ਦੂਜੇ ਬੱਚਿਆਂ ਦੇ ਸਾਹਮਣੇ ਜਲੀਲ ਕੀਤਾ ਜਾਂਦਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਰੋਸ ਧਰਨੇ ਦੀ ਅਗਵਾਈ ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਡਾ. ਕਰਮਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਡਾ. ਜ਼ੋਗਿੰਦਰ ਸਿੰਘ ਪਵਾਰ, ਸ੍ਰੀ ਸਤਨਾਮ ਮਾਣਕ, ਡਾ. ਤੇਜਵੰਤ ਮਾਨ, ਪਿਆਰਾ ਸਿੰਘ ਭੋਗਲ, ਮੱਖਣ ਕੋਹਾੜ, ਸੁਰਿੰਦਰਪ੍ਰੀਤ ਘਣੀਆ, ਸੁਸ਼ੀਲ ਦੋਸਾਂਝ ਅਤੇ ਤਰਲੋਚਨ ਝਾਂਡੇ ਆਦਿ ਆਗੂ ਕਰਨਗੇ। ਸਥਾਨਕ ਲੇਖਕ ਜਥੇਬੰਦੀਆਂ ਜਨਵਾਦੀ ਲੇਖਕ ਸੰਘ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ, ਸਾਹਿਤ ਸਭਾ ਚੋਗਾਵਾਂ, ਮਾਂ ਬੋਲੀ ਕਵੀ ਸਭਾ, ਲੇਖਕ ਪਾਠਕ ਮੰਚ, ਸਰਹੱਦੀ ਸਾਹਿਤ ਸਭਾ, ਸਾਹਿਤ ਵਿਚਾਰ ਮੰਚ, ਪੰਜਾਬੀ ਸਭਿਆਚਾਰ ਸੱਥ, ਪੰਜਾਬੀ ਚਿੰਤਕ ਮੰਚ ਆਦਿ ਸਾਹਿਤਕ ਜਥੇਬੰਦੀਆਂ ਤੋਂ ਲੇਖਕ ਭਾਈਚਾਰਾ ਵੱਡੀ ਪੱਧਰ ਦੇ ਇਸ ਰੋਸ ਧਰਨੇ ਵਿੱਚ ਸ਼ਮੂਲੀਅਤ ਕਰੇਗਾ।
Punjab Post Daily Online Newspaper & Print Media