
ਮਾਲੇਰਕੋਟਲਾ, 22 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਹਸਪਤਾਲ ਪਿੱਛਲੇ ਕੁੱਝ ਦਿਨਾਂ ਤੋਂ ਕਮੀਆਂ ਕਾਰਨ ਲਗਾਤਾਰ ਸੁਰਖੀਆਂ ਵਿੱਚ ਬਣਿਆ ਆ ਰਿਹਾ ਹੈ, ਇਸੇ ਕੜੀ ਵਿਚ ਅੱਜ ਇਸ ਹਸਪਤਾਲ ਦੇ ਬਾਹਰ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਨੇ ਇੱਕ ਧਰਨਾ ਲਾਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀਆਂ ਨੇ ਸ਼ਿਰਕਤ ਕੀਤੀ, ਧਰਨੇ ਦੌਰਾਨ ਮੁਹੰਮਦ ਸ਼ਹਿਜਾਦ, ਮੁਨਸ਼ੀ ਫਾਰੂਕ ਅਹਿਮਦ ਆਦਿ ਨੇ ਲੋਕਾਂ ਨੂੰ ਸੰਬੋਧਨ ਕੀਤਾ, ਇਸ ਮੌਕੇ ਧਰਨਾਕਾਰੀਆਂ ਨੇ ਸਰਕਾਰੀ ਹਸਪਤਾਲ ਮਾਲੇਰਕੋਟਲਾ, ਐਸ. ਐਮ. ਓ ਮਾਲੇਰਕੋਟਲਾ ਅਤੇ ਸ਼ਹਿਰ ਦੇ ਸਿਆਸੀ ਲੀਡਰਾਂ ਖਿਲਾਫ ਜਮ ਕੇ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਹਸਪਤਾਲ ਵਿੱਚ ਦਲਾਲਾਂ ਦੀ ਭਰਮਾਰ ਹੈ, ਜੋ ਮਰੀਜ਼ਾਂ ਨੂੰ ਭਰਮਾ ਕੇ ਉਹਨਾਂ ਤੋਂ ਮੋਟੀਆਂ ਰਕਮਾ ਵਸੂਲਦੇ ਹਨ ਅਤੇ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਮੁਫਤ ਸਹੂਲਤਾਂ ਦਾ ਵੀ ਮੁੱਲ ਮੰਗਦੇ ਹਨ। ਉਹਨਾਂ ਕਿਹਾ ਕਿ ਇਸ ਹਸਪਤਾਲ ਨਾਲ ਜਾਨਬੁੱਝ ਕੇ ਪੱਖ ਪਾਤ ਕੀਤਾ ਜਾ ਰਿਹਾ ਹੈ ਤੇ ਇਸ ਹਸਪਤਾਲ ਦੇ ਡਾਕਟਰਾਂ ਨੂੰ (ਵੀ. ਆਈ. ਪੀ) ਡਿਉਟੀ ‘ਤੇ ਭੇਜਿਆ ਜਾਂਦਾ ਹੈ, ਜਦਕਿ ਇਥੇ ਡਾਕਟਰਾਂ ਦੀ ਕਮੀ ਹੈ।
ਧਰਨਾਕਾਰੀਆਂ ਨੇ ਸਿਹਤ ਮੰਤਰੀ ਪੰਜਾਬ ਸੁਰਜੀਤ ਕੁਮਾਰ ਜਿਆਣੀ ਦੇ ਨਾਮ ਇੱਕ ਮੰਗ ਪੱਤਰ ਸੁਰਿੰਦਰ ਕੁਮਾਰ ਸਿੰਗਲਾ ਸਹਾਇਕ ਸੀ. ਐਮ. ਓ ਨੂੰ ਦਿੱਤਾ।ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇਸ ਹਸਪਤਾਲ ਦੇ ਡਾਕਟਰਾਂ ਨੂੰ ਡੈਪੂਟੇਸ਼ਨ ਤੇ ਵੀ ਆਈ ਪੀ ਡਿਉਟੀ ‘ਤੇ ਨਾਂ ਭੇਜਿਆ ਜਾਵੇ। ਇਸ ਹਸਪਤਾਲ ਵਿੱਚ ਬੱਚਾ ਵਾਰਡ ਸ਼ੁਰੂ ਕੀਤੀ ਜਾਵੇ, ਡਾਕਟਰਾਂ ਦੀ ਰਿਹਾਇਸ਼ ਨੁੰ ਹਸਪਤਾਲਵਿੱਚ ਯਕੀਨੀ ਬਨਾਇਆ ਜਾਵੇ, ਆਈ. ਸੀ. ਯੂ ਯੁਨਿਟ ਵੈਂਟੀਲੇਟਰ ਸਥਾਪਤ ਕੀਤਾ ਜਾਵੇ, ਡਾਇਲਿਸਜ ਮਸ਼ੀਨਾਂ ਦਾ ਪ੍ਰਬੰਧ ਕੀਤਾ ਜਾਵੇ, ਅਲਟਰਾ ਸਾਉਂਡ ਲਈ ਡਾਕਟਰ ਨਿਯੁੱਕਤ ਕੀਤਾ ਜਾਵੇ, ਹਸਪਤਾਲ ਵਿੱਚ ਘੁੰਮਦੇ ਦਲਾਲਾਂ ਨੂੰ ਰੋਕਿਆ ਜਾਵੇ, ਖਾਲੀ ਪਈਆਂ ਡਾਕਟਰਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਅਨਐਥੀਕਲ ਦਵਾਇਆਂ ਬੰਦ ਕੀਤੀਆਂ ਜਾਣ ਅਤੇ ਡਿਲਵਰੀ ਸਮੇ ਲੇਬਰ ਰੂਮ ਵਿੱਚ ਕੀਤੀ ਜਾਂਦੀ ਲੁੱਟ ਰੋਕੀ ਜਾਵੇ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਕੁਮਾਰ ਸਿੰਗਲਾ ਨੇ ਕਿਹਾ ਕਿ ਧਰਨਾਕਾਰੀਆਂ ਦੁਆਰਾ ਦਿੱਤੇ ਮੰਗ ਪੱਤਰ ਦੀਆਂ ਜਾਇਜ ਮੰਗਾ ਮੰਗਾ ਨੂੰ ਜਲਦ ਪੂਰਾ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਦਲਾਲਾਂ ਨੂੰ ਰੋਕਨ ਲਈ ਹਸਪਤਾਲ ਵਿੱਚ ਬੋਰਡ ਲਾਇਆ ਜਾਵੇ ਅਤੇ ਉਹਨਾਂ ਸੋਮਵਾਰ ਤੱਕ ਮਾਲੇਰਕੋਟਲਾ ਹਸਪਤਾਲ ਲਈ ਤਿੰਨ ਡਾਕਟਰ ਡਿਪਿਊਟ ਕਰਨ ਦੀ ਗੱਲ ਕਹੀ।ਇਸ ਮੋਕੇ ਐਸ.ਐਮ.ਓ ਕੇਸਰ ਸਿੰਘ, ਐਸ.ਐਚ ਓ ਸਤਨਾਮ ਸਿੰਘ ਤੋ ਇਲਾਵਾ ਮੁਸਲਿਮ ਸਿੱਖ ਫਰੰਟ ਆਫ ਪੰਜਾਬ ਦੇ ਮੁਹੰਦ ਅਕਬਰ, ਸ਼ਹਿਜਾਦ ਹੁਸੈਨ, ਵਸੀਮ ਸ਼ੇਖ, ਸੁਰਜੀਤ ਸਿੰਘ ਖੋਸਾ, ਮਾਸ਼ਟਰ ਕਰਨੈਲ ਸਿੰਘ ਨਾਰੀਕੇ ਤਾਰਿਕ ਵਾਰਸੀ ਅਤੇ ਸਮਾਜ ਸੇਵੀ ਸ਼ਹਿਬਾਜ ਰਾਣਾ ਹਾਜਿਰ ਸਨ।
Punjab Post Daily Online Newspaper & Print Media