Friday, March 20, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਡੂੰਘੇ ਅਰਥਾਂ ਨੂੰ ਸਮਝਣ ਦੀ ਲੋੜ- ਜੀ.ਕੇ

PPN0810201514
ਨਵੀਂ ਦਿੱਲੀ, 7 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਹ ‘ਤੇ ਚੱਲਣ ਤੋਂ ਵੱਡੀ ਜੀਵਨ ਦੀ ਜਾਂਚ ਕੋਈ ਹੋਰ ਨਹੀਂ ਹੋ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਦੇ ਗੁਰਪੁਰਬ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਕੀਤਾ। ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਭਉ, ਨਿਰਵੈਰ ਅਤੇ ਸੱਚਾ ਜੀਵਨ ਜਿਉਣ ਦੇ ਸਿਧਾਂਤ ‘ਤੇ ਪਹਿਰਾ ਦੇਣ ਦੀ ਵੀ ਜੀ.ਕੇ. ਨੇ ਗੱਲ ਕਹੀ। ਊਚ-ਨੀਚ, ਜਾਤ-ਪਾਤ ਵਰਗੀਆਂ ਕੁਰੀਤੀਆਂ ਦੇ ਦੌਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਨਵੀਂ ਸੋਚ ਦਾ ਆਗਾਜ ਕਰਕੇ ਲੰਗਰ ਪ੍ਰਥਾ ਆਦਿਕ ਨਿਵੇਕਲਾ ਸਿਧਾਂਤਾਂ ਦੀ ਸ਼ੁਰੂਆਤ ਦੀ ਜਾਣਕਾਰੀ ਜੀ.ਕੇ. ਨੇ ਸੰਗਤਾਂ ਨਾਲ ਸਾਂਝੀ ਕੀਤੀ।
ਜੀ.ਕੇ ਨੇ ਕਿਹਾ ਗੁਰੂ ਸਾਹਿਬ ਦੇ ਸਿਧਾਂਤ ਨੂੰ ਆਸਾਨੀ ਨਾਲ ਬੇਸ਼ੱਕ ਸਮਝਿਆ ਜਾ ਸਕਦਾ ਹੈ। ਪਰ ਉਸ ਦੇ ਡੂੰਘੇ ਅਰਥਾਂ ਨੂੰ ਸਮਝਣ ਲਈ ਗੁਰੂ ਦੀ ਬਾਣੀ ਨੂੰ ਮੰਨਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਬਾਬਰ ਨੂੰ ਜਾਬਰ ਕਹਿਣ ਦਾ ਗੁਰੂ ਸਾਹਿਬ ਵੱਲੋਂ ਹਾਵਾਲਾ ਦਿੰਦੇ ਹੋਏ ਜੀ.ਕੇ. ਨੇ ਕੁੱਝ ਲੋਕਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚਕਾਰ ਵਿਚਾਰਕ ਵੱਖਰੇਵਿਆਂ ਦੇ ਕੀਤੇ ਜਾਂਦੇ ਦਾਅਵਿਆਂ ਨੂੰ ਵੀ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਸਵਾਲ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਮਨਮੱਤ ਨੂੰ ਖਤਮ ਕਰਨ ‘ਤੇ ਪਹਿਰਾ ਦਿੱਤਾ ਤਾਂ ਕੀ ਗੁਰੂ ਸਾਹਿਬ ਨੂੰ ਕੋਈ ਖਤਰਾ ਨਹੀਂ ਸੀ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ਸਤਰ ਚੁੱਕਣ ਦੀ ਗੱਲ ਨੂੰ ਜੀ.ਕੇ. ਨੇ ਦਸਮ ਪਿਤਾ ‘ਤੇ ਜੰਗਾਂ ਥੋਪੀਆਂ ਜਾਣ ਦੇ ਦਾਅਵੇ ਵਜੋਂ ਸਵੀਕਾਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਗੁਰੂਆਂ ਵੱਲੋਂ ਹਾਲਾਤਾਂ ਅਤੇ ਸਮੇਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣ ਤੱਕ ਕੀਤੇ ਗਏ ਕਾਰਜਾਂ ਨੂੰ ਵੱਖਰੇਵਿਆਂ ਰਹਿਤ ਨਵਾਂ ਸਮਾਜ ਸਿਰਜਣ ਦੇ ਵਜੋਂ ਵੀ ਜੀ.ਕੇ. ਨੇ ਪਰਿਭਾਸ਼ਿਤ ਕੀਤਾ।
ਕਮੇਟੀ ਵੱਲੋਂ ਬੀਤੇ ਲਗਭਗ 31 ਮਹੀਨਿਆਂ ਵਿੱਚ ਗੁਰਧਾਮਾਂ ਦੇ ਵਿਕਾਸ, ਸਿੱਖਿਆ ਦੇ ਪੱਧਰ ਨੂੰ ਉ-ਚਾ ਚੁੱਕਣ, ਸਿੱਖ ਸਿਧਾਂਤਾਂ ਦੇ ਪ੍ਰਚਾਰ, ਮਾਂ ਬੋਲੀ ਦੀ ਰੱਖਿਆ, ਭੁੱਲੇ ਵਿਸਰੇ ਸਿੱਖ ਇਤਿਹਾਸ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਨਾਲ ਹੀ ਧਰਮ ਪ੍ਰਚਾਰ ਦੇ ਖੇਤਰ ਵਿੱਚ ਕੀਤੇ ਗਏ ਕੰਮਾਂ ‘ਤੇ ਵੀ ਜੀ.ਕੇ. ਨੇ ਪੰਛੀ ਝਾਤ ਪਾਈ। ਜੀ.ਕੇ. ਨੇ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਕਮੇਟੀ ਵੱਲੋਂ ਨਵੇਂ ਚਾਲੂ ਕੀਤੇ ਜਾ ਚੁੱਕੇ ਬਾਬਾ ਹਰਬੰਸ ਸਿੰਘ ਜੀ ਲੰਗਰ ਹਾਲ ਦਾ ਹਵਾਲਾ ਦਿੰਦੇ ਹੋਏ ਲੰਗਰ ਹਾਲ ਦੇ ਉਪਰ ਦੇ ਬਹੁਮੰਤਵੀ ਹਾਲ ਨੂੰ ਸੰਗਤਾਂ ਦੀ ਸੁਵਿਧਾ ਲਈ ਛੇਤੀ ਖੋਲਣ ਦੀ ਵੀ ਗੱਲ ਕਹੀ। ਗੁਰਦੁਆਰਾ ਸਾਹਿਬ ਦੀ ਬਾਹਰੀ ਦਿੱਖ ਨੂੰ ਸੁੰਦਰ ਬਣਾਉਣ ਵਾਸਤੇ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕਰਨ ਦਾ ਵੀ ਜੀ.ਕੇ. ਨੇ ਐਲਾਨ ਕੀਤਾ। ਇਸ ਪ੍ਰੋਜੈਕਟ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੀ ਤਰ੍ਹਾਂ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਅਜਾਇਬ ਘਰ ਸਥਾਪਿਤ ਕਰਨ ਦੀ ਵੀ ਸੰਗਤਾਂ ਨੂੰ ਜੀ.ਕੇ. ਨੇ ਜਾਣਕਾਰੀ ਦਿੱਤੀ। ਜੀ.ਕੇ. ਨੇ ਕੌਮੀ, ਧਾਰਮਿਕ, ਸਮਾਜਿਕ, 1984 ਨਾਲ ਸਬੰਧਿਤ ਮਸਲਿਆਂ ‘ਤੇ ਪੰਥਕ ਸੋਚ ਸਦਕਾ ਕਮੇਟੀ ਵੱਲੋਂ ਪਹਿਰਾ ਦੇਣ ਦੀ ਵੀ ਵਚਨਬੱਧਤਾ ਦੁਹਰਾਈ। ਇਸ ਮੌਕੇ ਪੰਥ ਦੇ ਮਹਾਨ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਸਰਪ੍ਰਸਤ ਗੁਰਬਚਨ ਸਿੰਘ ਚੀਮਾ, ਕਮੇਟੀ ਮੈਂਬਰ ਰਵਿੰਦਰ ਸਿੰਘ ਖੁਰਾਣਾ, ਗੁਰਦੇਵ ਸਿੰਘ ਭੋਲਾ, ਬੀਬੀ ਧੀਰਜ ਕੌਰ, ਹਰਦੇਵ ਸਿੰਘ ਧਨੋਆ, ਕੈਪਟਨ ਇੰਦਰਪ੍ਰੀਤ ਸਿੰਘ, ਸਮਰਦੀਪ ਸਿੰਘ ਸੰਨੀ, ਹਰਜਿੰਦਰ ਸਿੰਘ, ਜਸਬੀਰ ਸਿੰਘ ਜੱਸੀ ਅਤੇ ਹਰਵਿੰਦਰ ਸਿੰਘ ਕੇ.ਪੀ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply