Monday, August 31, 2026

ਮਾਲੇਰਕੋਟਲਾ ਬਲਾਕ-2 ਦੇ 19 ਪਿੰਡਾਂ ਦੀਆਂ ਪੰਚਾਇਤਾਂ ਤੇ ਪਤਵੰਤਿਆਂ ਦੀ ਸਾਂਝੀ ਮੀਟਿੰਗ

U
U

ਸੰਦੌੜ, 15 ਨਵੰਬਰ (ਹਰਮਿੰਦਰ ਸਿੰਘ ਭੱਟ)- ਭਾਰਤ ਸਰਕਾਰ ਵੱਲੋਂ ਵਿਸ਼ਵ ਬੈਂਕ ਦੇ ਸਹਿਯੋਗ ਨਾਲ ਪਿੰਡਾਂ ‘ਚ ਸਾਫ ਪਾਣੀ ਦੀ ਸਪਲਾਈ ਅਤੇ ਖੁੱਲੇ ਵਿਚ ਸ਼ੌਚ (ਲੈਟਰੀਨ) ਮੁਕਤ ਬਣਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਲ ਸਪਲਾਈ ਅਤੇ ਸ਼ੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਅੱਜ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਸਥਾਨਕ ਬੀ.ਡੀ.ਪੀ.ਓ. ਦਫਤਰ ਵਿਖੇ ਮਾਲੇਰਕੋਟਲਾ ਬਲਾਕ-2 ਦੇ 19 ਪਿੰਡਾਂ ਦੀਆਂ ਪੰਚਾਇਤਾਂ ਅਤੇ ਪਤਵੰਤਿਆਂ ਦੀ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿਚ ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਪਦਮ ਸ਼੍ਰੀ ਇਜ਼ਹਾਰ ਆਲਮ ਸਾਹਿਬ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ।ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਅੰਦਰ ਘਰ-ਘਰ ਬਣਾਏ ਜਾਣ ਵਾਲੇ ਪਖਾਨਿਆਂ ਬਾਰੇ ਅਤੇ ਖੁੱਲੇ ‘ਚ ਲੈਟਰੀਨਾਂ ਕਰਨ ਨਾਲ ਹੋਣ ਵਾਲੇ ਨੁਕਸਾਨਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਲੈਕਚਰਾਰ ਸ.ਜਗਤਾਰ ਸਿੰਘ ਨੇ ਦੱਸਿਆ ਕਿ ਖੁੱਲੇ ‘ਚ ਲੈਟਰੀਨਾਂ ਜਾਣ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਅੰਦਰ ਰੌਜਾਨਾਂ 62 ਹਜ਼ਾਰ ਟਨ ਲੈਟਰੀਨ ਧਰਤੀ ‘ਤੇ ਡਿੱਗਦੀ ਹੈ।ਜਿਸ ‘ਤੇ ਬੈਠਣ ਵਾਲੀਆਂ ਮੱਖੀਆਂ ਅੱਗੇ ਜਾ ਕੇ ਸਾਡੇ ਸਰੀਰ ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਉਪੱਰ ਬੈਠਣ ਨਾਲ ਡਾਇਰੀਆ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਭਾਰਤ ਦੇਸ਼ ਅੰਦਰ ਹਰ ਸਾਲ ਪੰਜ ਸਾਲ ਤੋਂ ਛੋਟੀ ਉਮਰ ਦੇ 1 ਲੱਖ 88 ਹਜ਼ਾਰ ਬੱਚਿਆਂ ਦੀ ਮੌਤ ਡਾਇਰੀਆ ਦੀ ਬਿਮਾਰੀ ਨਾਲ ਹੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮੱਖੀ ਇੱਕ ਵਾਰ ਲੈਟਰੀਨ ‘ਤੇ ਬੈਠ ਕੇ 8 ਤੋਂ 10 ਮਿਲੀ ਗ੍ਰਾਮ ਲੈਟਰੀਨ ਪੈਰਾਂ ਨਾਲ ਚੁੱਕ ਕੇ ਲੈ ਜਾਂਦੀ ਹੈ ਅਤੇ ਇੱਕ ਮਿਲੀ-ਗ੍ਰਾਮ ‘ਚ 1 ਕਰੋੜ ਵਾਈਰਸ ਹੁੰਦੇ ਹਨ। ਇਸੇ ਤਰ੍ਹਾਂ ਘਰਾਂ ‘ਚ ਅੋਰਤਾਂ ਬੱਚਿਆਂ ਦੀ ਲੈਟਰੀਨ ਸਾਫ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਹੱਥ ਸਾਫ ਨਹੀਂ ਕਰਦੀਆਂ, ਜੋ ਕਿ ਬਹੁਤ ਹੀ ਨੁਕਸਾਨ-ਦਾਇਕ ਹੈ, ਕਿਉਂ ਕਿ ਇੱਕ ਬੱਚੇ ਦੀ ਲੈਟਰੀਨ ਵਿਚ ਇੱਕ ਬੰਦੇ ਨਾਲੋਂ ਜ਼ਿਆਦਾ ਵੈਕਟੀਰੀਆ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਅੰਦਰ 44 ਪ੍ਰਤੀਸ਼ਤ ਮਰਦ ਅਤੇ 87 ਪ੍ਰਤੀਸ਼ਤ ਔਰਤਾਂ ਲੈਟਰੀਨਾਂ ਦੀ ਵਰਤੋਂ ਕਰਦੀਆਂ ਹਨ। ਲੈਕਚਰਾਰ ਜਗਤਾਰ ਸਿੰਘ ਨੇ ਦੱਸਿਆ ਕਿ ਖੁੱਲ੍ਹੇ ‘ਚ ਲੈਟਰੀਨ ਜਾਣ ਨਾਲ ਪੈਦਾ ਹੁੰਦੀਆਂ ਭਿਆਨਕ ਬਿਮਾਰੀਆਂ ਤੋਂ ਬਚਾਓ ਲਈ ਸਰਕਾਰ ਨੇ ਘਰ-ਘਰ ਮੁਫਤ ਲੈਟਰੀਨਾਂ ਬਣਾ ਕੇ ਦੇਣ ਦੀ ਸਕੀਮ ਚਲਾਈ ਹੈ। ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜ: ਸ਼੍ਰੀ ਰਜੇਸ਼ ਗੁਪਤਾ ਨੇ ਸਰਕਾਰ ਦੀ ਇਸ ਪਖਾਨਾਂ ਸਕੀਮ ਬਾਰੇ ਵਿਸਥਾਰ ‘ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡਾਂ ਅੰਦਰ ਲੈਟਰੀਨਾਂ ਬਣਾਉਣ ਦਾ ਕੰਮ ਬਕਾਇਦਾ ਪਿੰਡ ਦੇ ਪਤਵੰਤਿਆਂ ਦੀ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੀ ਅਗਵਾਈ ‘ਚ ਹੋਵੇਗਾ। ਜਿਸ ‘ਤੇ ਆਉਣ ਵਾਲੇ ਖਰਚੇ ਦੀ ਰਾਸ਼ੀ ਦਾ ਭੁਗਤਾਨ ਬੈਂਕ ਰਾਹੀਂ ਹੋਵੇਗਾ, ਸਿੱਧੀ ਨਕਦ ਰਾਸ਼ੀ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਸਰਕਾਰੀ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਜਿਸ ਵਿਆਕਤੀ ਦੇ ਘਰ ਲੈਟਰੀਨ ਬਣਾਈ ਜਾਣੀ ਹੈ ਉਸ ਨੂੰ ਉਸਾਰੀ ਦਾ ਕੰਮ ਪਹਿਲਾਂ ਆਪਣੇ ਪੱਧਰ ‘ਤੇ ਸ਼ੂਰੂ ਕਰਵਾਉਣਾ ਪਵੇਗਾ, ਉਸਾਰੀ ਦਾ ਅੱਧਾ ਕੰਮ ਮੁਕੰਮਲ ਹੋਣ ‘ਤੇ ਉਕਤ ਕੰਮ ਦੀ ਫੋਟੋਗ੍ਰਾਫੀ ਕਰਾਉਣ ਉਪਰੰਤ ਹੀ ਸਰਕਾਰ ਵੱਲੋਂ ਉਕਤ ਵਿਆਕਤੀ ਦੇ ਬੈਂਕ ਖਾਤੇ ‘ਚ 7500 ਦੀ ਪਹਿਲੀ ਕਿਸ਼ਤ ਭੇਜੀ ਜਾਵੇਗੀ ਅਤੇ ਉਸਾਰੀ ਦਾ ਕੰਮ ਪੂਰਾ ਹੋਣ ‘ਤੇ ਫਿਰ ਦੁਬਾਰਾ ਫੋਟੋਗ੍ਰਾਫੀ ਕਰਵਾ ਕੇ ਦੂਜੀ ਕਿਸ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਸ ਵਿਆਕਤੀ ਕੋਲ ਅਤਿ ਗਰੀਬੀ ਕਾਰਨ ਪਹਿਲਾਂ ਖਰਚਣ ਲਈ ਪੈਸੇ ਨਹੀਂ ਹਨ ਉਸ ਨੂੰ ਪੰਜਾਬ ਨੈਸ਼ਨਲ ਬੈਂਕ ਵੱਲੋਂ ਬਿਨ੍ਹਾਂ ਕਿਸੇ ਵਿਆਜ਼ ‘ਤੇ ਪੰਜ ਹਜ਼ਾਰ ਰੁਪਏ ਪਹਿਲਾਂ ਦਿੱਤੇ ਜਾਣਗੇ, ਜਿਹੜੇ ਪਹਿਲੀ ਕਿਸ਼ਤ ਆਉਣ ‘ਤੇ ਬੈਂਕ ਉਕਤ ਵਿਆਕਤੀ ਪਾਸੋਂ ਵਸੂਲੇਗਾ। ਸ਼੍ਰੀ ਗੁਪਤਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਟੀਮਾਂ ਸਮੇਤ ਚੰਡੀਗੜ੍ਹ ਤੋਂ ਉਚ ਅਧਿਕਾਰੀਆਂ ਦੀ ਟੀਮਾਂ ਖੁਦ ਪੁੱਜ ਕੇ ਇਸ ਸਾਰੇ ਕੰਮ ਦੀ ਜਾਂਚ ਕਰਨਗੀਆਂ। ਮੁੱਖ ਮਹਿਮਾਨ ਜਨਾਬ ਇਜ਼ਹਾਰ ਆਲਮ ਸਾਹਿਬ ਨੇ ਇਸ ਸਕੀਮ ਬਾਰੇ ਵਿਸਥਾਰ ਸਹਿਤ ਗੱਲ ਕਰਦਿਆਂ ਕਿਹਾ ਕਿ ਇਸ ਮਾਮਲੇ ‘ਚ ਜਿਥੇ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਥੇ ਇਸ ਸਕੀਮ ਤਹਿਤ ਆਉਣ ਵਾਲੇ ਪੈਸੇ ਦੀ ਦੁਰਵਰਤੋਂ ਨੂੰ ਰੋਕਣ ਲਈ ਉਹ ਖੁਦ ਆਪਣੇ ਪੱਧਰ ‘ਤੇ ਜਾਂਚ ਕਰਨਗੇ।ਇਸ ਤੋਂ ਪਹਿਲਾਂ ਲੰਘੀ ਕੱਲ ਮਾਲੇਰਕੋਟਲਾ ਬਲਾਕ-1 ਨਾਲ ਸਬੰਧਤ ਪਿੰਡਾਂ ਦੀਆਂ ਪੰਚਾਇਤਾਂ ਦੀ ਵੀ ਮੀਟਿੰਗ ਆਯੋਜਿਤ ਕੀਤੀ ਗਈ ਸੀ ਜਿਸ ਵਿਚ ਹਲਕਾ ਅਮਰਗੜ੍ਹ ਦੇ ਵਿਧਾਇਕ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ.ਜਗਤਾਰ ਸਿੰਘ ਜੱਗੀ ਝਨੇਰ, ਬੀ.ਡੀ.ਪੀ.ਓ. ਸੰਤੌਸ਼ ਕੁਮਾਰ ਪੱਬੀ, ਐਸ.ਡੀ.ਓ. ਹਨੀ ਗੁਪਤਾ, ਏ.ਈ. ਜਗਜੀਤ ਸਿੰਘ ਜਵੰਧਾ, ਬਲਾਕ ਸੰਮਤੀ ਚੇਅਰਮੈਨ ਜਗਜੀਤ ਸਿੰਘ ਚੱਕ, ਟਰੱਕ ਯੂਨੀਅਨ ਮਾਲੇਰਕੋਟਲਾ ਦੇ ਪ੍ਰਧਾਨ ਗੁਰਮੇਲ ਸਿੰਘ ਨੌਧਰਾਣੀ, ਜਥੇਦਾਰ ਹਾਕਮ ਸਿੰਘ ਚੱਕ ਆੜਤੀਆ, ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਦੇਵ ਸਿੰਘ ਰੁੜਕਾ, ਅਬਦੁੱਲ ਹਮੀਦ ਗੁੱਲੂ, ਜੇ.ਈ. ਕੇਵਲਜੀਤ ਸਿੰਘ, ਪ੍ਰਧਾਨ ਪਵਨ ਕੁਮਾਰ ਪੰਮਾਂ, ਪਰਮਜੀਤ ਸਿੰਘ ਮਦੇਵੀ, ਮਹਿੰਦਰ ਸਿੰਘ ਮਦੇਵੀ, ਜਗਦੇਵ ਸਿੰਘ ਪੰਚ ਆਦਿ ਹਾਜ਼ਰ ਸਨ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …

Leave a Reply