

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਦੁਆਰਾ ਪਹਿਲੀ ਪਾਤਸ਼ਾਹੀ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 547ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ਾਲ ਅਲੌਕਿਕ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਤੋਂ ਇਲਾਵਾ ਸਮੂਹ ਕਾਲਜ/ਸਕੂਲਾਂ ਦੇ ਪ੍ਰਿੰਸੀਪਲਾਂ, ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਨੇ ਹਾਜ਼ਰੀ ਲਵਾਈ।
ਇਸ ਪਵਿੱਤਰ ਦਿਹਾੜੇ ਦੇ ਸਬੰਧ ਵਿੱਚ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਲਗਪਗ 20,000 ਹਜ਼ਾਰ ਤੋਂ ਵਧੇਰੇ ਸੰਗਤਾਂ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਕੇ ਇਲਾਹੀ ਨਜ਼ਾਰੇ ਦਾ ਆਨੰਦ ਮਾਣਿਆ। ਨਗਰ ਕੀਰਤਨ ਵਿੱਚ ਸ਼ਾਮਿਲ ਵਿਦਿਆਰਥੀ-ਵਿਦਿਆਰਥਣਾਂ ‘ਬੋਲੇ ਸੋ ਨਿਹਾਲ, ਪੰਥ ਕੀ ਜੀਤ’ ਆਦਿ ਜੈਕਾਰੇ ਗੂੰਜਾਉਂਦੇ ਹੋਏ ਸ਼ਾਮਿਲ ਹੋਏ ਅਤੇ ਗੁਰਬਾਣੀ ਸ਼ਬਦ ਦਾ ਉਚਾਰਣ ਕਰਦਿਆਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਪਹੁੰਚੇ।
ਇਸ ਮੌਕੇ ‘ਤੇ ਵੱਖ-ਵੱਖ ਵਿੱਦਿਅਕ ਸੰਸਥਾਵਾਂ ਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗਤਕੇ ਦੇ ਜੌਹਰ ਵੀ ਦਿਖਾਏ। ਨਗਰ ਕੀਰਤਨ ਖਾਲਸਾ ਕਾਲਜ ਤੋਂ ਸ਼ੁਰੂ ਹੋ ਕੇ ਪੁਤਲੀਘਰ ਚੌਂਕ, ਰੇਲਵੇ ਸਟੇਸ਼ਨ, ਭੰਡਾਰੀ ਪੁੱਲ ਅਤੇ ਹਾਲ ਬਜਾਰ ਤੋਂ ਹੁੰਦਾ ਹੋਇਆ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਨਤਮਸਤਕ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸਮੂਹਿਕ ਅਰਦਾਸ ਹੋਈ।
ਗੁਰਪੁਰਬ ਮੌਕੇ ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਊਚ-ਨੀਚ, ਜਾਤ-ਪਾਤ, ਵਹਿਮ-ਭਰਮ ਅਤੇ ਹੱਕ-ਸੱਚ ਦੀ ਕੀਰਤ ਕਮਾਈ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਲਯੁੱਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਕੇ ਲੋਕਾਂ ਨੂੰ ਸੱਚ ਦੇ ਮਾਰਗ ‘ਤੇ ਚਲਣ ਤੋਂ ਇਲਾਵਾ ਉਸ ਸੱਚੇ ਪ੍ਰਮੇਸ਼ਵਰ ਧੰਨ ਸ੍ਰੀ ਨਿਰੰਕਾਰ ਜੋ ਕਿ ਜੁਗਾ ਜੁਗੰਤਰ ਹਾਜ਼ਰ-ਨਾਜ਼ਰ ਹੈ, ਦਾ ਨਾਮ ਸਿਮਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਨਗਰ ਕੀਰਤਨ ਦੇ ਸਵਾਗਤ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਗਵਰਨਿੰਗ ਕੌਂਸਲ ਦੇ ਮੀਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਹਰਮਿੰਦਰ ਸਿੰਘ ਅਤੇ ਸੰਤੋਖ ਸਿੰਘ ਸੇਠੀ ਤੋਂ ਇਲਾਵਾ ਹੋਰਨਾਂ ਸ਼ਰਧਾਲੂਆਂ ਵੱਲੋਂ ਜੀ. ਟੀ. ਰੋਡ ਵਿਖੇ ਨਗਰ ਕੀਰਤਨ ਦਾ ਖਾਸ ਸਵਾਗਤ ਕਰਦਿਆਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ।
ਇਸ ਮੌਕੇ ਕੌਂਸਲ ਦੇ ਫਾਇਨਾਂਸ ਸਕੱਤਰ ਸ: ਗੁਨਬੀਰ ਸਿੰਘ, ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ. ਸੁਖਦੇਵ ਸਿੰਘ ਅਬਦਾਲ, ਸ: ਸਰਦੂਲ ਸਿੰਘ ਮੰਨਣ, ਮੈਂਬਰ ਗੁਰਮਹਿੰਦਰ ਸਿੰਘ, ਜਤਿੰਦਰ ਬਰਾੜ, ਸ: ਦਲਜੀਤ ਸਿੰਘ ਸੰਧੂ, ਸ: ਲਖਵਿੰਦਰ ਸਿੰਘ ਢਿੱਲੋਂ, ਗੁਰਮੀਤ ਸਿੰਘ ਭੱਟੀ, ਡਾ. ਮਹਿਲ ਸਿੰਘ, ਡਾ. ਜਸਵਿੰਦਰ ਸਿੰਘ ਢਿੱਲੋਂ, ਡਾ. ਸੁਖਬੀਰ ਕੌਰ ਮਾਹਲ, ਡਾ. ਅਮਰਪਾਲ ਸਿੰਘ, ਡਾ. ਸੁਰਿੰਦਰਪਾਲ ਕੌਰ ਢਿੱਲੋਂ, ਡਾ. ਨੀਲਮ ਹੰਸ, ਡਾ. ਹਰਭਜਨ ਸਿੰਘ, ਡਾ. ਐੱਸ. ਐੱਸ. ਸਿੱਧੂ, ਡਾ. ਜਸਪਾਲ ਸਿੰਘ, ਡਾ. ਆਰ. ਕੇ. ਧਵਨ, ਨਿਰਮਲ ਸਿੰਘ ਭੰਗੂ, ਹਰੀਸ਼ ਕੁਮਾਰੀ, ਡਾ. ਜੀ. ਐੱਸ. ਕੰਗ, ਤੇਜਿੰਦਰ ਕੌਰ ਬਿੰਦਰਾ, ਦਵਿੰਦਰ ਕੌਰ ਸੰਧੂ, ਗੁਰਿੰਦਰਜੀਤ ਕੌਰ (16 ਪ੍ਰਿੰਸੀਪਲ), ਸ: ਪਰਮਜੀਤ ਸਿੰਘ, ਸ: ਕੁਲਵਿੰਦਰ ਸਿੰਘ, ਅੰਡਰ ਸੈਕਟਰੀ ਸ: ਡੀ. ਐੱਸ. ਰਟੌਲ, ਅਧਿਆਪਕ ਸਾਹਿਬਾਨ, ਗੈਰ ਅਧਿਆਪਨ ਸਟਾਫ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਸਮੂੰਹ ਕਾਲਜ, ਸਕੂਲ ਦੇ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਬੱਚਿਆਂ ਦੀ ਅਥਾਹ ਸ਼ਰਧਾ ਤੇ ਉਤਸ਼ਾਹ ਵੇਖ ਕੇ ਗੁਰਪੁਰਬ ਦੀ ਲੱਖ-ਲੱਖ ਵਧਾਈ ਦਿੱਤੀ।
Punjab Post Daily Online Newspaper & Print Media