Tuesday, March 24, 2026

ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ- ਠੰਡਲ

PPN0112201512

ਅੰਮ੍ਰਿਤਸਰ, 1 ਦਸੰਬਰ (ਗੁਰਚਰਨ ਸਿੰਘ)- ਪੰਜਾਬ ਸਰਕਾਰ ਵੱਲੋਂ ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹੁਣ ਲੋਕਾਂ ਨੂੰ ਸ਼ਹਿਰਾਂ ਦੇ ਭੀੜ-ਭੜੱਕੇ ਅਤੇ ਸਾਹ ਘੁਟਵੇਂ ਵਾਤਾਵਰਨ ਵਿਚੋਂ ਕੱਢ ਕੇ ਕੁਝ ਸਮਾਂ ਪਿੰਡਾਂ ਦੇ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿਚ ਵਿਚਰਨ ਅਤੇ ਲਜ਼ੀਜ਼ ਖਾਣੇ ਦਾ ਲੁਤਫ਼ ਲੈਣ ਦਾ ਮੌਕਾ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਅੱਜ ਸਥਾਨਕ ਹੋਟਲ ਹਾਲੀਡੇ ਇੰਨ ਵਿਖੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ (ਯੂ. ਐਨ. ਡਬਲਿਊ. ਟੀ. ਓ) ਦੇ ਸਹਿਯੋਗ ਨਾਲ ਕਰਵਾਈ ਇਕ ਦਿਨਾ ਦਿਹਾਤੀ ਟੂਰਿਜ਼ਮ ਵਰਕਸ਼ਾਪ ਦੇ ਉਦਘਾਟਨ ਮੌਕੇ ਕੀਤਾ। ਇਸ ਮੌਕੇ ਪ੍ਰਮੁੱਖ ਸਕੱਤਰ ਟੂਰਿਜ਼ਮ ਪੰਜਾਬ ਸ੍ਰੀਮਤੀ ਅੰਜਲੀ ਭਾਵੜਾ, ਯੂ. ਐਨ. ਡਬਲਿਊ. ਟੀ. ਓ ਦੇ ਪ੍ਰਤੀਨਿਧ ਡਾ. ਹਰਸ਼ ਵਰਮਾ ਤੇ ਮੈਡਮ ਐਨੇ ਮਾਰੀਆ ਮਕੇਲਾ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਚੇਅਰਮੈਨ ਸ੍ਰੀ ਐਸ. ਕੇ ਮਿਸ਼ਰਾ, ਪ੍ਰਾਜੈਕਟ ਡਾਇਰੈਕਟਰ ਸ. ਨਵਜੋਤ ਪਾਲ ਸਿੰਘ ਰੰਧਾਵਾ, ਸ੍ਰੀ ਸੁਧੀਰ ਸਾਹੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਸ. ਠੰਡਲ ਨੇ ਪੰਜਾਬ ਸੈਰ ਸਪਾਟਾ ਵਿਭਾਗ ਦੀ ਨਵੀਂ ਵੈਬਸਾਈਟ ਪੁਨਜੳਬਟੁੋਰਸਿਮ.ਗੋਵ.ਨਿ ਵੀ ਲਾਂਚ ਕੀਤੀ।
ਸ. ਠੰਡਲ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਪੰਜਾਬ ਦੇ ਦਿਹਾਤੀ ਸੈਰ ਸਪਾਟੇ ਲਈ ਪੰਜਾਬ ਟੂਰਿਜ਼ਮ ਨੂੰ ਵਧੀਆ ਦਿਹਾਤੀ ਟੂਰਿਜ਼ਮ ਸਾਈਟ (ਬੂਥਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ) ਲਈ 2011 ਵਿਚ ਕੌਮੀ ਟੂਰਿਜ਼ਮ ਐਵਾਰਡ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੂਪਨਗਰ ਲਈ ਦਿਹਾਤੀ ਸੈਰ ਸਪਾਟਾ ਕਲੱਸਟਰ ਦੀ ਸਥਾਪਨਾ ਲਈ ਸਤਲੁਜ ਦਰਿਆ ਬੇਸਿਨ, ਸ਼ਿਵਾਲਿਕ ਪਹਾੜੀ ਛਾਇਆ ਵਿਚ ਰਹਿਣ ਵਾਲੇ ਚਾਰ ਉੱਦਮੀ ਦਿਹਾਤੀ ਭਾਈਚਾਰਿਆਂ ਨੂੰ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਦੁਆਰਾ ਪੰਜਾਬ ਲਈ ਬਣਾਏ ਗਏ ਮਾਸਟਰ ਪਲਾਨ 2008-23 ਦੇ ਫਰੇਮ ਵਰਕ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਨੂੰ ਸੈਰ ਸਪਾਟਾ ਖੇਤਰ ਵਿਚ ਬਹੁਤ ਸਾਰੇ ਪੁਰਸਕਾਰ ਮਿਲੇ ਹਨ, ਜਿਨ੍ਹਾਂ ਵਿਚ ਵਧੀਆ ਨਵੀਨਤਾਕਾਰੀ ਟੂਰਿਜ਼ਮ ਉਤਪਾਦ, ਵਧੀਆ ਹੈਰੀਟੇਜ ਵਾਕ, ਟੂਰਿਜ਼ਮ ਲਈ ਸਭ ਤੋਂ ਵਧੀਆ ਪ੍ਰਗਤੀਸ਼ੀਲ ਰਾਜ, ਵਧੀਆ ਦਿਹਾਤੀ ਟੂਰਿਜ਼ਮ ਪਹਿਲ, ਵਧੀਆ ਅਧਿਆਤਮਕ ਅਤੇ ਸੱਭਿਆਚਾਰਕ ਡੈਸਟੀਨੇਸ਼ਨ ਅਤੇ ਸਭ ਤੋਂ ਵਧੀਆ ਨਵੀਨਤਾਕਾਰੀ ਟੂਰਿਜ਼ਮ ਮਾਰਕੀਟਿੰਗ ਪੁਰਸਕਾਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸੇ ਤੋਂ ਉਤਸ਼ਾਹਿਤ ਹੋ ਕੇ ਹੁਣ ਪੰਜਾਬ ਸਰਕਾਰ ਨੇ ਸੂਬੇ ਦੇ ਦਿਹਾਤੀ ਸੈਰ ਸਪਾਟੇ ‘ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਅਸੀਂ ਸੈਲਾਨੀਆਂ ਨੂੰ ਵਧੀਆ ਵਾਤਾਵਰਨ ਮੁਹੱਈਆ ਕਰਵਾਈਏ ਅਤੇ ਉਨ੍ਹਾਂ ਨੂੰ ਸਹਿਯੋਗ ਦੇਈਏ। ਉਨ੍ਹਾਂ ਦੱਸਿਆ ਕਿ ਕੇਰਲ ਸੂਬੇ ਨੇ ਕੇਵਲ ਪਿੰਡਾਂ ਵਿਚ ਹੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਕੇ ਵਿਸ਼ਵ ਪੱਧਰ ‘ਤੇ ਨਾਂਅ ਕਮਾਇਆ ਹੈ ਅਤੇ ਹੁਣ ਪੰਜਾਬ ਇਸ ਲੀਹ ‘ਤੇ ਚੱਲਣ ਦੀ ਤਿਆਰੀ ਕਰ ਰਿਹਾ ਹੈ। ਸ. ਠੰਡਲ ਨੇ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਅੱਜ ਵੀ ਬਹੁਤ ਕੁਝ ਸੰਭਾਲਿਆ ਪਿਆ ਹੈ, ਜਿਸ ਵਿਚ ਖੁੱਲ੍ਹਾ-ਡੁੱਲ੍ਹਾ ਵਾਤਾਵਰਨ, ਅਮੀਰ ਸੱਭਿਆਚਾਰ, ਰਹਿਣ-ਸਹਿਣ, ਗੀਤ-ਸੰਗੀਤ, ਪਹਿਰਾਵਾ, ਖਾਣ-ਪਾਣ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦਾ ਖੁੱਲ੍ਹਾ-ਡੁੱਲ੍ਹਾ ਸੁਭਾਅ ਅਤੇ ਮਹਿਮਾਨ ਨਿਵਾਜ਼ੀ ਦੁਨੀਆ ਭਰ ਵਿਚ ਜਾਣੀ ਜਾਂਦੀ ਹੈ ਜਿਸ ਦਾ ਫਾਇਦਾ ਦਿਹਾਤੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਜਾ ਸਕਦਾ ਹੈ।
ਏਸ਼ਿਆਈ ਵਿਕਾਸ ਬੈਂਕ ਦੁਆਰਾ ਸਹਾਇਤਾ ਪ੍ਰਾਪਤ ਬੁਨਿਆਦੀ ਢਾਂਚਾ ਵਿਕਾਸ ਨਿਵੇਸ਼ ਪ੍ਰੋਗਰਾਮ ਤਹਿਤ ਕਰਵਾਈ ਇਸ ਵਰਕਸ਼ਾਪ ਵਿਚ ਦਿਹਾਤੀ ਟੂਰਿਜ਼ਮ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਾਲੀਆਂ ਏਜੰਸੀਆਂ, ਗੈਰ-ਸਰਕਾਰੀ ਸੰਗਠਨਾਂ, ਖੋਜਕਾਰਾਂ, ਦਿਹਾਤੀ ਟੂਰਿਜ਼ਮ ਰਿਹਾਇਸ਼ਾਂ ਦੇ ਮਾਲਕਾਂ, ਟੂਰ ਤੇ ਟਰੈਵਲ, ਹੋਟਲ ਚਲਾਉਣ ਵਾਲੇ ਅਪਰੇਟਰਾਂ ਅਤੇ ਹੋਰ ਹਿੱਸੇਦਾਰਾਂ ਨੇ ਇਸ ਵਰਕਸ਼ਾਪ ਵਿਚ ਭਾਗ ਲਿਆ। ਇਸ ਮੌਕੇ ਦਿਹਾਤੀ ਖੇਤਰਾਂ ਵਿਚ ਸੈਲਾਨੀਆਂ ਦੀ ਗਿਣਤੀ ਅਤੇ ਖ਼ਰਚ ਵਿਚ ਵਾਧਾ ਕਰਨ ਤੋਂ ਇਲਾਵਾ ਦਿਹਾਤੀ ਟੂਰਿਜ਼ਮ ਪ੍ਰਾਜੈਕਟਾਂ ਦੇ ਵਿਕਾਸ ਅਤੇ ਇਨ੍ਹਾਂ ਨੂੰ ਲਾਗੂ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਇਸ ਮੌਕੇ ਦਿਹਾਤੀ ਭਾਈਚਾਰੇ ਨੂੰ ਟੂਰਿਜ਼ਮ ਤੋਂ ਹੋਣ ਵਾਲੇ ਸਮਾਜਿਕ ਅਤੇ ਆਰਥਿਕ ਲਾਭਾਂ, ਦਿਹਾਤੀ ਟੂਰਿਜ਼ਮ ਦੇ ਵਿਕਾਸ ਨਾਲ ਮਹਿਲਾਵਾਂ-ਨੌਜਵਾਨਾਂ ਅਤੇ ਪਛੜੇ ਵਰਗਾਂ ਨੂੰ ਮਜ਼ਬੂਤ ਬਣਾਉਣ ਅਤੇ ਟੂਰ ਅਤੇ ਟਰੈਵਲ ਅਪਰੇਟਰਾਂ ਨੂੰ ਦਿਹਾਤੀ ਟੂਰਿਜ਼ਮ ਦੀ ਸੰਭਾਵਨਾ, ਸਥਾਪਿਤ ਸੈਲਾਨੀ ਕੇਂਦਰਾਂ ਦੇ ਆਲੇ-ਦੁਆਲੇ ਦੇ ਟੂਰਿਸਟ ਸਰਕਟਾਂ ਅਤੇ ਫੂਡ ਕਰਾਫਟ ਆਦਿ ‘ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply