ਸ੍ਰੀ ਹਰਗੋਬਿੰਦਪੁਰ, 11 ਜਨਵਰੀ (ਨਰਿੰਦਰ ਸਿੰਘ ਬਰਨਾਲ)- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਅੱਜ ਸ੍ਰੀ ਹਰਗੋਬਿੰਦਪੁਰ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕੀਤੀ, ਜਦਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਅਭਿਨਵ ਤ੍ਰਿਖਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸ. ਧੁੱਗਾ ਦੀ ਧਰਮ ਪਤਨੀ ਸ੍ਰੀਮਤੀ ਕੁਲਜੀਤ ਕੌਰ, ਡਿਪਟੀ ਕਮਿਸ਼ਨਰ ਡਾ. ਤ੍ਰਿਖਾ ਦੀ ਧਰਮ ਪਤਨੀ ਡਾ. ਭਾਵਨਾ ਸੋਬਤ ਤ੍ਰਿਖਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਸੁਮਨਦੀਪ ਕੌਰ ਵੀ ਵਿਸ਼ੇਸ਼ ਤੌਰ ‘ਤੇ ਸ਼ਮਾਲ ਹੋਏ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਕਾਸ ਵਿਭਾਗ ਵੱਲੋਂ ਧੀਆਂ ਦੀ ਲੋਹੜੀ ਸਬੰਧੀ ਕਰਾਏ ਇਸ ਸਮਾਗਮ ਵਿੱਚ ਵੱਡੀ ਗਿਣਤੀ ‘ਚ ਨਵ-ਜੰਮੀਆਂ ਧੀਆਂ ਵਾਲੇ ਪਰਿਵਾਰ ਸ਼ਾਮਲ ਹੋਏ ਅਤੇ ਸਾਰਿਆਂ ਨੇ ਰਲ ਕੇ ਧੀਆਂ ਦੀ ਲੋਹੜੀ ਮਨਾਈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਔਰਤ ਤੋਂ ਬਿਨਾਂ ਮਨੁੱਖੀ ਸਮਾਜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਮਨੁੱਖੀ ਸਮਾਜ ਵਿੱਚ ਔਰਤ ਦਾ ਪੂਜਣਯੋਗ ਸਥਾਨ ਹੈ ਅਤੇ ਅਜੋਕੇ ਸਮੇਂ ‘ਚ ਹਰ ਖੇਤਰ ‘ਚ ਲੜਕੀਆਂ ਨੇ ਸਫਲਤਾ ਦੇ ਝੰਡੇ ਗੱਡ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾ ਦਾ ਜਿਕਰ ਕਰਦਿਆਂ ਸ. ਧੁੱਗਾ ਨੇ ਕਿਹਾ ਕਿ ਸੂਬਾ ਸਰਕਾਰ ਰਾਜ ਦੀਆਂ ਧੀਆਂ ਨੂੰ ਸਿੱਖਿਅਤ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਮੁਫਤ ਕੰਪਿਊਟਰ ਸਿੱਖਿਆ, ਮਾਈ ਭਾਗੋ ਯੋਜਨਾ ਤਹਿਤ ਸਕੂਲ ਜਾਣ ਲਈ ਮੁਫਤ ਸਾਈਕਲ, ਵਜ਼ੀਫਾ ਯੋਜਨਾ, ਸ਼ਗਨ ਸਕੀਮ ਵਰਗੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।
ਧੀਆਂ ਦੀ ਲੋਹੜੀ ਮਨਾਏ ਜਾਣ ਦੀ ਵਧਾਈ ਦਿੰਦਿਆਂ ਸ. ਧੁੱਗਾ ਨੇ ਕਿਹਾ ਕਿ ਅੱਜ ਜ਼ਮਾਨਾਂ ਬਦਲ ਗਿਆ ਹੈ ਅਤੇ ਹੁਣ ਲੜਕੇ ਤੇ ਲੜਕੀ ‘ਚ ਕੋੲ ਫਰਕ ਨਹੀਂ ਰਿਹਾ। ਉਨ੍ਹਾਂ ਨਵ-ਜੰਮੀਆਂ ਧੀਆਂ ਦੇ ਪਰਿਵਾਰਾਂ ਨੂੰ ਇਸ ਸ਼ੁਭ ਦਿਹਾੜੇ ਦੀ ਵਧਾਈ ਦਿੰਦਿਆਂ ਧੀਆਂ ਦੇ ਸਿਹਤਮੰਦ ਤੇ ਕਾਮਯਾਬ ਜੀਵਨ ਦੀ ਅਸੀਸ ਦਿੱਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸਮਾਜ ਦੀ ਲੜਕੀਆਂ ਪ੍ਰਤੀ ਸੋਚ ‘ਚ ਤਬਦੀਲੀ ਆਈ ਹੈ। ਉਨ੍ਹਾਂ ਨਵ-ਜੰਮੀਆਂ ਧੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਕਿਹਾ ਕਿ ਸਮਾਜ ਨੂੰ ਸਭ ਤੋਂ ਵੱਧ ਦੇਣ ਇੱਕ ਔਰਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਹਰ ਇੱਕ ਲੜਕੀ ਨੂੰ ਸਿੱਖਿਅਤ ਕਰਨਾ ਉਸਦੇ ਮਾਪਿਆਂ ਦਾ ਫਰਜ਼ ਹੈ ਤਾਂ ਜੋ ਇਹ ਨੰਨੀਆਂ ਪਰੀਆਂ ਵੱਡੀਆਂ ਹੋ ਕੇ ਸਮਾਜ ਤੇ ਆਪਣੇ ਦੇਸ਼ ਦੀ ਤਰੱਕੀ ‘ਚ ਆਪਣਾ ਯੋਗਦਾਨ ਪਾ ਸਕਣ।
ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਰਕਾਰ ਦੇ ਕੀਤੇ ਜਾ ਰਹੇ ਯਤਨਾ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹਿਕ ਯਤਨਾ ਨਾਲ ਇਸ ਇਨਸਾਨੀਅਤ ਵਿਰੋਧੀ ਲਾਹਨਤ ਨੂੰ ਠੱਲ ਜਰੂਰ ਪਈ ਹੈ ਪਰ ਅਜੇ ਵੀ ਇਸ ਬੁਰਿਆਈ ਨੂੰ ਰੋਕਣ ਲਈ ਹੋਰ ਯਤਨ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਜੇ ਵੀ 1000 ਲੜਕੇ ਪਿਛੇ ਲੜਕੀਆਂ ਦੀ ਗਿਣਤੀ 864 ਹੈ, ਜੋ ਕਿ ਸਾਡੇ ਅਗਾਂਹਵਧੂ ਸਮਾਜ ‘ਤੇ ਇੱਕ ਧੱਬਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਆਓ ਸਾਰੇ ਮਿਲ ਕੇ ਧੀਆਂ ਨੂੰ ਪੂਰਾ ਮਾਣ-ਸਨਮਾਨ ਦਈਏ ਤਾਂ ਜੋ ਸਾਡੀਆਂ ਧੀਆਂ ਵੀ ਸਮਾਜ ਵਿੱਚ ਪੂਰੀ ਅਜ਼ਾਦੀ ਨਾਲ ਆਪਣਾ ਜੀਵਨ ਜੀਅ ਸਕਣ।
ਇਸ ਮੌਕੇ ਹਲਕੇ ਦੀਆਂ 20 ਪੰਚਾਇਤਾਂ ਜਿਨ੍ਹਾਂ ‘ਚ ਰਜ਼ੋਆ, ਭੇਟ ਪੱਤਣ. ਢਪੱਈ, ਨੰਗਲ ਝੌਰ, ਲੀਲ ਕਲਾਂ, ਨੱਤ, ਹਰਪੁਰਾ, ਧੰਦੋਈ, ਕਲੇਰ, ਸੱਖੋਵਾਲ, ਮਾੜੀ ਪੰਨਵਾਂ, ਮਾੜੀ ਬੁੱਚੀਆਂ, ਮੀਕੇ, ਸਦਾਰੰਗ, ਭਗਤੂਪੁਰ, ਸ਼ਕਾਲਾ, ਲੱਧਾ ਮੁੰਡਾ, ਸਮਰਾਏ, ਬੱਗੇ ਅਤੇ ਦਕੋਹਾ ਨੂੰ ਲੜਕੀਆਂ ਦੇ ਬੇਹਤਰ ਲਿੰਗ ਅਨੁਪਾਤ ਲਈ ਸਨਮਾਨਤ ਕੀਤਾ ਗਿਆ। ਇਸੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਵ-ਜੰਮੀਆਂ ਧੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਲੋਹੜੀ ਦੇ ਤੋਹਫੇ ਵਜੋਂ ਗਰਮ ਕੱਪੜੇ ਵੀ ਵੰਡੇ ਗਏ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਖੂਬਸੂਰਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media