Friday, April 17, 2026

14 ਲੱਖ ਸਮੇਤ ਲੁਟੇਰੇ ਬੈਂਕ ਆਫ਼ ਬੜੌਦਾ ਪੱਟੀ ਦੀ ਏ.ਟੀ.ਐਮ ਮਸ਼ੀਨ ਪੁੱਟ ਕੇ ਫਰਾਰ

PPN2201201619

ਪੱਟੀ, 21 ਜਨਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਬੀਤੀ ਰਾਤ ਅਣਪਛਾਤੇ ਲੁਟੇਰੇ ਸਥਾਨਕ ਦਾਣਾ ਮੰਡੀ ਦੇ ਸਾਹਮਣੇ ਸਥਿੱਤ ਬੈਂਕ ਆਫ਼ ਬੜੌਦਾ ਦੀ ਏ.ਟੀ.ਐਮ ਮਸ਼ੀਨ ਪੁੱਟ ਕੇ ਲੈ ਗਏ ਅਤੇ ਇਲਾਕੇ ਵਿੱਚ ਰਾਤ ਦੇ ਸਮੇਂ ਕੋਈ ਵੀ ਪੁਲਸ ਨਾਕਾ ਨਾ ਹੋਣ ਕਾਰਨ ਲੁਟੇਰੇ ਬੇਰੋਕ-ਟੋਕ ਮਸ਼ੀਨ ਸਮੇਤ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਘਟਨਾ ਸਥਾਨ ‘ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਆਫ਼ ਬੜੌਦਾ ਬ੍ਰਾਂਚ ਪੱਟੀ ਦੇ ਮੈਨੇਜਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਏ.ਟੀ.ਐਮ. ‘ਤੇ ਗਾਰਡ ਗੁਰਜੰਟ ਸਿੰਘ ਦੀ ਰਾਤ 10 ਵਜੇ ਤੱਕ ਦੀ ਡਿਊਟੀ ਸੀ ਅਤੇ ਇਸਤੋਂ ਬਾਅਦ ਉਹ ਏ.ਟੀ.ਐਮ. ਬੰਦ ਕਰਕੇ ਸਾਹਮਣੇ ਸਥਿੱਤ ਮਾਰਕੀਟ ਕਮੇਟੀ ਦੀ ਬਿਲਡਿੰਗ ਵਿੱਚ ਸੌ ਗਿਆ। ਸਵੇਰੇ ਤੜਕੇ ਕਰੀਬ 4 ਵਜੇ ਉਸਨੇ ਉੱਠ ਕੇ ਦੇਖਿਆ ਕਿ ਏ.ਟੀ.ਐਮ. ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਲਾਈਟ ਜਗ ਰਹੀ ਸੀ ਜਿਸ ‘ਤੇ ਉਹ ਏ.ਟੀ.ਐਮ ‘ਤੇ ਪਹੁੰਚਿਆ ਤਾਂ ਉਥੋਂ ਮਸ਼ੀਨ ਗਾਇਬ ਸੀ ਜਿਸ ‘ਤੇ ਉਸਨੇ ਬੈਂਕ ਮੈਨੇਜਰ ਨੂੰ ਸੂਚਿਤ ਕੀਤਾ ਅਤੇ ਮੈਨੇਜਰ ਨੇ ਥਾਣਾ ਪੱਟੀ ਦੀ ਪੁਲਸ ਨੂੰ ਇਸ ਸਬੰਧੀ ਦੱਸਿਆ। ਘਟਨਾ ਸਥਾਨ ‘ਤੇ ਡੀ.ਐਮ.ਪੀ. ਦਵਿੰਦਰ ਸਿੰਘ ਅਤੇ ਥਾਣਾ ਮੁਖੀ ਮੈਡਮ ਰਾਜਵਿੰਦਰ ਕੌਰ ਬਾਜਵਾ ਪੁਲਸ ਪਾਰਟੀ ਸਮੇਤ ਪੁੱਜੇ। ਮੈਨੇਜਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਦੀ ਜਾਂਚ ਦੌਰਾਨ ਪਤਾ ਲੱਗਾ ਰਾਤ ਕਰੀਬ ਸਵਾ ਦੋ ਵਜੇ ਪੰਜ ਦੇ ਕਰੀਬ ਨੌਜਵਾਨ ਜਿੰਨ੍ਹਾਂ ਨੇ ਆਪਣਾ ਮੂੰਹ ਢੱਕੇ ਹੋਏ ਸਨ ਚਿੱਟੇ ਰੰਗ ਦੀ ਇਨੋਵਾ ਗੱਡੀ ‘ਤੇ ਆਏ ਅਤੇ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਕਟਰ ਨਾਲ ਉਨ੍ਹਾਂ ਏ.ਟੀ.ਐਮ. ਮਸ਼ੀਨ ਕੱਟ ਦਿੱਤੀ ਅਤੇ ਉਸਨੂੰ ਸੰਗਲ ਪਾ ਕੇ ਇਨੋਵਾ ਗੱਡੀ ਦੇ ਪਿੱਛੇ ਬੰਨ੍ਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਏ.ਟੀ.ਐਮ. ਵਿੱਚ ਉਸ ਸਮੇਂ 14 ਲੱਖ 35 ਹਜ਼ਾਰ ਰੁਪਏ ਦੀ ਰਕਮ ਮੌਜੂਦ ਸੀ। ਸੀ.ਸੀ.ਟੀ.ਵੀ ਫੁਟੇਜ ਦੇ ਅਧਾਰ ‘ਤੇ ਥਾਣਾ ਪੱਟੀ ਦੀ ਪੁਲਸ ਨੇ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਦੌਰਾਨ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਏ.ਟੀ.ਐਮ. ਮਸ਼ੀਨ ਪੁੱਟਣ ਉਪਰੰਤ ਲੁਟੇਰੇ ਸਰਹਾਲੀ ਰੋਡ ਵੱਲ ਲੈ ਗਏ ਅਤੇ ਅਗਾਂਹ ਜਾ ਕੇ ਮਸ਼ੀਨ ਕਿਸੇ ਹੋਰ ਗੱਡੀ ‘ਤੇ ਲੱਦ ਲਈ ਕਿਉਂਕਿ ਰਸਤੇ ਵਿੱਚ ਮਸ਼ੀਨ ਦੇ ਘੜੀਸਨ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਏ.ਟੀ.ਐਮ. ਲੁੱਟਣ ‘ਤੋਂ ਪਹਿਲਾਂ ਲੁਟੇਰਿਆਂ ਨੇ ਘਟਨਾ ਸਥਾਨ ਦੇ ਨਜ਼ਦੀਕ ਸਥਿੱਤ ਇੱਕ ਘਰ ਦੇ ਕੁੰਡੇ ਬਾਹਰੋਂ ਬੰਦ ਕਰ ਦਿੱਤੇ ਤਾਂ ਜੋ ਖੜਾਕ ਸੁਣਕੇ ਕੋਈ ਬਾਹਰ ਨਾ ਆ ਸਕੇ। ਡੀ.ਐਸ.ਪੀ. ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ‘ਤੇ ਅਣਪਛਾਤੇ ਲੁਟੇਰਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply