Monday, July 8, 2024

ਖਾਲਸਾ ਕਾਲਜ ਵਿਖੇ 125 ਤੋਂ ਵਧੇਰੇ ਵਿਦਿਆਰਥੀਆਂ ਨੇ ਕੀਤਾ ਖ਼ੂਨ ਦਾਨ

PPN2502201622
ਅੰਮ੍ਰਿਤਸਰ, 25 ਫਰਵਰੀ (ਗੁਰਪ੍ਰੀਤ ਸਿੰਘ)- ਇਤਿਹਾਸਕ ਖਾਲਸਾ ਕਾਲਜ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਬਲੱਡ ਬੈਂਕ ਦੇ ਸਹਿਯੋਗ ਨਾਲ ਇਕ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸਦਾ ਉਦਘਾਟਨ ਵਿਸ਼ੇਸ਼ ਤੌਰ ‘ਤੇ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਇਹ ਕੈਂਪ ਕਾਲਜ ਦੇ ਐੱਨ. ਐੱਸ. ਐੱਸ. ਯੂਨਿਟਾਂ ਵੱਲੋਂ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਨੇ ਖੂਬ ਉਤਸ਼ਾਹ ਵਿਖਾਇਆ।
ਸ: ਛੀਨਾ ਨੇ ਕਿਹਾ ਕਿ ਖ਼ੂਨਦਾਨ ਕਰਨਾ ਇਕ ਵੱਡਾ ਪੁੰਨ ਦਾ ਕਾਰਜ ਹੈ ਜੋ ਕਿ ਜਰੂਰਤਮੰਦ ਮਰੀਜਾਂ ਲਈ ਨਾ ਸਿਰਫ਼ ਵਰਦਾਨ ਬਣਦਾ, ਸਗੋਂ ਸਾਡੀ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਖ਼ੂਨ ਦਾਨ ਕਰਨ ਸਮੇਂ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਇਸ ਨਾਲ ਸਰੀਰ ‘ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਪੈਂਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਜ਼ਿੰਦਗੀ ਵਿੱਚ ਖ਼ੂਨਦਾਨ ਕਰਨਾ ਚਾਹੀਦਾ ਹੈ ਤਾਂ ਕਿ ਹਸਪਤਾਲਾਂ ਵਿੱਚ ਪਏ ਮਰੀਜਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।
ਇਸ ਤੋਂ ਪਹਿਲਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਦੇ ਖੂਨਦਾਨ ਪ੍ਰਤੀ ਉਤਸ਼ਾਹ ਨੂੰ ਸਲਾਹਉਂਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਡਾ. ਆਦਰਸ਼ ਸਾਹਨੀ ਤੇ ਸ੍ਰੀ ਰਵੀ ਮਹਾਜਨ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦੌਰਾਨ 125 ਤੋਂ ਵੱਧ ਵਿਦਿਆਰਥੀਆਂ ਨੇ ਖ਼ੂਨਦਾਨ ਕਰਕੇ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਖੂਨਦਾਨ ਦੇ ਇਸ ਕਾਰਜ ਵਿੱਚ ਲੜਕੀਆਂ ਵੱਲੋਂ ਖੂਬ ਉਤਸ਼ਾਹ ਵਿਖਾਇਆ ਗਿਆ।
ਡਾ. ਸਾਹਨੀ ਤੇ ਰਵੀ ਮਹਾਜਨ ਨੇ ਕਿਹਾ ਕਿ ਦਾਨੀਆਂ ਦਾ ਖ਼ੂਨ ਜੋ ਕਿ ਵੱਖ-ਵੱਖ ਸਥਿਤੀਆਂ ਲਈ ਵਿਅਕਤੀਆਂ ਦੀ ਸਹੂਲਤ ਲਈ ਇਕੱਠਾ ਕੀਤਾ ਗਿਆ ਹੈ, ਸਰਕਾਰੀ ਬਲੱਡ ਬੈਂਕ ਵਿੱਚ ਭੇਜਿਆ ਜਾਵੇਗਾ। ਕਾਲਜ ਦੇ ਐੱਨ. ਐੱਸ. ਐੱਸ. ਵਿਭਾਗ ਦੇ ਇੰਚਾਰਜ ਡਾ. ਜਸਜੀਤ ਕੌਰ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਕੈਂਪ ਨਾਲ ਵਧੇਰੇ ਵਿਦਿਆਰਥੀ ਜੁੜੇ। ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕਰਨ ਵਾਲੇ ਹਰੇਕ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਵੀ ਦਿੱਤੇ ਗਏ ਤਾਂ ਕਿ ਜੇਕਰ ਕਦੇ ਵੀ ਕਿਸੇ ਨੂੰ ਖ਼ੂਨ ਦੀ ਲੋੜ ਪਵੇ ਤਾਂ ਉਹ ਕਿਸੇ ਵੀ ਬਲੱਡ ਬੈਂਕ ਨੂੰ ਇਹ ਸਰਟੀਫ਼ਿਕੇਟ ਵਿਖਾਕੇ ਖ਼ੂਨ ਲੈ ਸਕਦਾ। ਕੈਂਪ ਵਿੱਚ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਪ੍ਰੋ. ਜ਼ੋਰਾਵਰ ਸਿੰਘ, ਡਾ. ਸੰਦੀਪ ਸਿੰਘ, ਡਾ. ਪੂਨਮ ਸ਼ਰਮਾ, ਪ੍ਰੋ: ਸਤਨਾਮ ਸਿੰਘ, ਪ੍ਰੋ: ਗੁਰਵੇਲ ਸਿੰਘ ਤੋਂ ਇਲਾਵਾ ਵਿਦਿਆਰਥੀ ਮੌਜ਼ੂਦ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply