ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਧਾਨ ਸਭਾ ਚੋਣਾਂ ਨਜਦੀਕ ਆਉਂਦੀਆਂ ਦੇਖ ਸਿਆਸੀ ਸਰਗਰਮੀਆਂ ਵੀ ਤੇਜ ਹੁੰਦੀਆਂ ਜਾ ਰਹੀਆਂ ਹਨ ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸ਼ਹਿਰ ਬਠਿੰਡਾ ਵਿੱਚ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ ਵੱਲੋਂ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਦੇ ਹੋਏ ਜਿੱਥੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਦੇ ਹੋਏ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਦੀਆਂ ਵੀ ਡਿਊਟੀਆਂ ਲਾਈਆਂ ਜਾ ਰਹੀਆਂ ਹਨ ਤਾਂ ਜੋ ਪੰਜਾਬ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੇ ਸਕੀਮਾਂ ਘਰ-ਘਰ ਪਹੁੰਚਾਈਆਂ ਜਾ ਸਕਣ। ਸ.ਜੱਸੀ ਨੇ ਕਾਂਗਰਸ ਭਵਨ ਵਿਖੇ ਮੁੱਖ ਅਹੁਦੇਦਾਰਾਂ ਨਾਲ ਸਿਆਸੀ ਵਿਚਾਰ ਵਟਾਂਦਰਾ ਕਰਨ ਉਪਰੰਤ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਦੇ 9 ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਜੋ ਸਿਵਾਏ ਗੁੰਮਰਾਹਕੁੰਨ ਪ੍ਰਚਾਰ ਤੋਂ ਕੁੱਝ ਵੀ ਨਹੀਂ ਕਿਉਂਕਿ ਮੈਨੀਫੈਸਟੋ ਵਿੱਚ ਜੋ ਵਾਅਦੇ ਬੇਰੁਜ਼ਗਾਰਾਂ ਨੂੰ 1000 ਰੁਪਏ ਭੱਤਾ, ਵਿਦਿਆਰਥੀਆਂ ਨੂੰ ਲੈਪਟਾਪ, ਬੇਘਰਾਂ ਨੂੰ 5-5 ਮਰਲੇ ਦੇ ਪਲਾਟ ਆਦਿ ਦੇਣ ਦੇ ਦਾਅਵਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਹਵਾਈ ਅੱਡਾ, ਫਾਈਵ ਸਟਾਰ ਹੋਟਲ, ਕ੍ਰਿਕੇਟ ਸਟੇਡੀਅਮ, ਸਾਫ ਪੀਣ ਵਾਲਾ ਪਾਣੀ ਅਤੇ ਸਫਾਈ ਪ੍ਰਬੰਧ ਦੇਣ ਦੇ ਦਾਅਵੇ ਕੀ ਖੋਖਲੇ ਸਾਬਤ ਹੋਏ। ਉਹਨਾਂ ਪੰਜਾਬ ਨੂੰ ਚਾਰ ਲਾਈਨ ਅਤੇ ਛੇ ਲਾਈਨ ਸੜਕਾਂ ਦੇਣ ਦੇ ਦਾਅਵਿਆਂ ਤੇ ਉਪ ਮੁੱਖ ਮੰਤਰੀ ਸਾਹਿਬ ਤੋਂ ਜਵਾਬ ਮੰਗਿਆ ਕਿ ਪੰਜਾਬ ਦੀ ਜਨਤਾ ਨੂੰ ਦੱਸਣ ਬਠਿੰਡਾ ਤੋਂ ਚੰਡੀਗੜ੍ਹ ਸੜਕ ਤੇ ਆਮ ਆਦਮੀ ਨੂੰ ਕਿੰਨਾ ਟੋਲ ਟੈਕਸ ਦੇਣਾ ਪਵੇਗਾ?
ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਇੱਕ ਪਾਸੇ ਸਰਕਾਰੀ ਥਰਮਲ ਪਲਾਂਟ ਬੰਦ ਪਏ ਹਨ ਦੂਜੇ ਪਾਸੇ ਪ੍ਰਾਈਵੇਟ ਥਰਮਲ ਪਲਾਟਾਂ ਤੋਂ ਮਹਿੰਗੀ ਬਿਜਲੀ ਖਰੀਦ ਕੇ ਸਰਕਾਰ ਦਾ ਕਰੋੜਾਂ ਰੁਪਇਆ ਖਰਚ ਕੀਤਾ ਜਾ ਰਿਹਾ ਹੈ, ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਡਾਵਾਂਡੋਲ ਹੋਕੇ ਰਹਿ ਗਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸ਼ਹਿਰ ਬਠਿੰਡਾ ਵਿੱਚ ਨਿੱਤ 5-5, 6-6 ਚੋਰੀਆਂ ਹੋ ਰਹੀਆਂ ਹਨ, ਡੀਐਸਪੀ, ਥਾਣੇਦਾਰ ਅਤੇ ਮੁਲਾਜ਼ਮ ਸਰਕਟ ਹਾਊਸ, ਮਾਲਜ਼ ਅਤੇ ਆਪਣੇ ਕੁਆਟਰਾਂ ਵਿੱਚ ਮੌਜ ਮਸਤੀ ਕਰਦੇ ਰਹਿੰਦੇ ਹਨ। 2120 ਕਰੋੜ ਰੁਪਏ ਦੇ ਰੇਲਵੇ ਬ੍ਰਿਜ ਬਨਾਉਣ ਦੇ ਦਾਅਵਿਆਂ ਤੇ ਕਮੈਂਟ ਕਰਦਿਆਂ ਸ.ਜੱਸੀ ਨੇ ਮੰਗ ਕੀਤੀ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਵਾਬ ਦੇਣ ਕਿ ਸੰਜੇ ਨਗਰ ਬਸਤੀ ਵਿੱਚ ਲਗਭਗ 80 ਹਜਾਰ ਤੋਂ ਵੱਧ ਲੋਕਾਂ ਅਤੇ ਇੱਕ ਦਰਜਨ ਤੋਂ ਵੱਧ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਪੈਂਦੇ ਤਿੰਨ ਫਾਟਕਾਂ ਤੋਂ ਰਾਹਤ ਦਵਾਉਣ ਲਈ ਪੁੱਲ ਕਿਉਂ ਨਾ ਬਣਾ ਸਕੇ? ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ, ਜਨਰਲ ਸਕੱਤਰ ਰੁਪਿੰਦਰ ਬਿੰਦਰਾ, ਕੌਂਸਲਰ ਮਲਕੀਤ ਸਿੰਘ, ਕੌਂਸਲਰ ਸ਼ੈਰੀ ਗੋਇਲ, ਕੌਂਸਲਰ ਬੇਅੰਤ ਰੰਧਾਵਾ, ਕੌਂਸਲਰ ਰਾਜਾ ਸਿੰਘ, ਕੌਂਸਲਰ ਰਾਮ ਦਾਸ, ਕੌਂਸਲਰ ਜਸਵੀਰ ਕੌਰ, ਇਕਬਾਲ ਢਿੱਲੋਂ, ਰੋਕੀ ਸ਼ਰਮਾ, ਜਸਵੰਤ ਗੋਲਡੀ, ਵਿਜੇ ਗੋਇਲ, ਗੁਰਮੀਤ ਸਿੱਧੂ, ਰਾਕੇਸ਼ ਕੁਮਾਰ, ਰਜਿੰਦਰ ਗੋਲਡੀ ਆਦਿ ਵਰਕਰ ਹਾਜਰ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media