ਸੰਦੌੜ 14 ਮਾਰਚ (ਹਰਮਿੰਦਰ ਭੱਟ ਸਿੰਘ) – ਪੰਜਾਬ ਵਿੱਚ ਹੋ ਰਹੀ ਬਾਰਿਸ਼ ਗੜੇਮਾਰੀ ਤੇ ਤੇਜ਼ ਹਵਾਵਾਂ ਨੇ ਫਸਲਾਂ ਦਾ ਕਾਫੀ ਨੁਕਸਾਨ ਕੀਤਾ ਹੈ। ਹਾਲਤ ਇਹ ਹੈ ਕਿ ਉਹ ਕਿਹੜੀ ਫਸਲ ਨਹੀਂ ਜਿਸਦਾ ਨਕਸਾਨ ਨਹੀਂ ਹੋਇਆ। ਇਹ ਬਾਰਸ਼ ਨੇ ਕਣਕ, ਸਬਜ਼ੀਆਂ ਗੰਨਾ ਤੇ ਫਲਾਂ ਦਾ ਨੁਕਸਾਨ ਕੀਤਾ ਹੈ। ਕਿਸਾਨਾਂ ਦਾ ਜਿੰਨਾ ਨੁਕਸ਼ਾਨ ਹੋਇਆ ਹੈ ਉਸਦੀ ਭਰਪਾਈ ਅਗਲੇ ਸਾਲ ਦੀਆਂ ਫਸਲਾਂ ਤੋਂ ਵੀ ਨਹੀਂ ਹੋ ਸਕੇਗੀ। ਇਸਦਾ ਸਿੱਧਾ ਮਤਲਬ ਹੈ ਕਿ ਜੇਕਰ ਅਗਲੇ ਸਾਲ ਮੌਸਮ ਸਹੀ ਵੀ ਰਹਿੰਦਾ ਹੈ ਤਾਂ ਕਣਕ ਤੋਂ ਕਮਾਈ ਤਾਂ ਕੀ ਹੋਣੀ ਹੈ ਪਿਛਲੇ ਸਾਲ ਦੇ ਖਰਚੇ ਵੀ ਨਹੀਂ ਨਿਕਲਣਗੇ।
ਕਣਕ ਦਾ ਝਾੜ ਘਟਣ ਦੀ ਸੰਭਾਵਨਾ:
ਹਾਲੇ ਖੇਤੀਬਾੜੀ ਵਿਭਾਗ ਕੋਲ ਸਟੀਕ ਆਂਕੜੇ ਆਉਣ ਹਨ ਪਰ ਵਿਭਗਾ ਦਾ ਕਹਿਣਾ ਹੈ ਕਿ ਮੀਂਹ ਅਤੇ ਹਨੇਰੀ ਕਾਰਨ ਖੜ੍ਹੀਆਂ ਫਸਲਾਂ ਧਰਤੀ ‘ਤੇ ਵਿਛ ਗਈਆਂ ਹਨ ਜਿਸ ਕਾਰਨ ਕਣਕ ਦਾ ਝਾੜ ਘਟਣ ਦੀ ਸੰਭਾਵਨਾ ਹੈ। ਇਕ ਅਨੁਮਾਨ ਅਨੁਸਾਰ ਸੂਬੇ ਅੰਦਰ ਕਣਕ ਹੇਠਲੇ ਕਰੀਬ 35 ਲੱਖ ਹੈਕਟੇਅਰ ਰਕਬੇ ‘ਚ ਸਮੇਂ ਸਿਰ ਬੀਜੀ ਗਈ ਕਣਕ ਨਿਸਰ ਚੁੱਕੀ ਹੈ।
ਆਰਥਿਕ ਤੰਗੀਆਂ ਨਾਲ ਜੂਝ ਰਹੇ ਕਿਸਾਨੀ ਲਈ ਵੱਡੀ ਮਾਰ:
ਖੇਤੀ ਸੰਕਟ ਕਾਰਨ ਸੂਬੇ ਵਿੱਚ ਪਹਿਲਾਂ ਹੀ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਇਸ ਬਾਰਸ਼ ਨਾਲ ਆਰਥਿਕ ਤੰਗੀਆਂ ਨਾਲ ਜੂਝ ਰਹੇ ਕਿਸਾਨਾਂ ਦੀਆਂ ਚਿੰਤਾਵਾਂ ਵਿੱਚ ਵਾਧਾ ਕਰ ਦਿੱਤਾ। ਚਿੱਟੀ ਮੱਖੀ ਨੇ ਉਨ੍ਹਾਂ ਦਾ ਆਰਥਿਕ ਤੌਰ ‘ਤੇ ਸੱਟ ਮਾਰੀ ਹੈ ਅਤੇ ਹੁਣ ਕਣਕ ਦੀ ਫਸਲ ਖਰਾਬ ਹੋਣ ਨਾਲ ਤਾਂ ਉਹ ਕੱਖੋਂ ਹੌਲੇ ਹੋਏ ਮਹਿਸੂਸ ਕਰ ਰਹੇ ਹਨ ।
ਸੇਮ ਤੋਂ ਪ੍ਰਭਾਵਿਤ ਨੀਵੇਂ ਤੇ ਛੰਭ ਦੇ ਇਲਾਕਿਆਂ ‘ਚ ਖੇਤਾਂ ਵਿਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਿੱਧੇ ਤੌਰ ‘ਤੇ ਕਣਕ ਦੀ ਗੁਣਵੱਤਾ ਤੇ ਪੈਦਾਵਾਰ ‘ਤੇ ਅਸਰ ਪੈ ਸਕਦਾ ਹੈ। ਇਕ ਅਨੁਮਾਨ ਅਨੁਸਾਰ ਸੂਬੇ ਅੰਦਰ ਕਣਕ ਹੇਠਲੇ ਕਰੀਬ 35 ਲੱਖ ਹੈਕਟੇਅਰ ਰਕਬੇ ‘ਚ ਸਮੇਂ ਸਿਰ ਬੀਜੀ ਗਈ ਕਣਕ ਨਿਸਰ ਚੁੱਕੀ ਹੈ।
ਗੰਨੇ ਦੀ ਫਸਲ ਪ੍ਰਭਾਵਿਤ:
ਕਮਾਦ ਦੀ ਕਟਾਈ ਤੇ ਬਿਜਾਈ ਪਛੜੀ ਦੂਜੇ ਪਾਸੇ ਇਸ ਸਾਲ ਮਾਰਚ ਦਾ ਪਹਿਲਾ ਪੰਦਰਵਾੜਾ ਬੀਤਣ ਦੇ ਬਾਵਜੂਦ ਵੀ ਪੰਜਾਬ ਦੀਆਂ ਵੱਖ-ਵੱਖ ਮਿੱਲਾਂ ਅਧੀਨ ਗੰਨੇ ਦੀ ਫ਼ਸਲ ਖੇਤਾਂ ‘ਚ ਖੜੀ ਹੈ ਤੇ ਸੂਬੇ ਦੀਆਂ ਸਾਰੀਆਂ ਮਿੱਲਾਂ ਅਜੇ ਵੀ ਗੰਨਾ ਪੀੜ ਰਹੀਆਂ ਹਨ।
ਗੰਨਾ ਖੇਤਾਂ ‘ਚ ਖੜਾ ਹੈ ਕਿਉਂਕਿ ਕਈ ਗੰਨਾ ਕਾਸ਼ਤਕਾਰਾਂ ਨੂੰ ਪਰਚੀਆਂ ਨਾ ਮਿਲਣ ਕਾਰਨ ਕਿਸਾਨ ਸਮੇਂ ਸਿਰ ਗੰਨੇ ਦੀ ਕਟਾਈ ਨਹੀਂ ਕਰ ਸਕੇ ਤੇ ਨਤੀਜੇ ਵਜੋਂ ਨਾ ਤਾਂ ਗੰਨੇ ਦੇ ਖੇਤ ਸਮੇਂ ਸਿਰ ਵਿਹਲੇ ਹੋ ਸਕੇ ਹਨ ਤੇ ਨਾ ਹੀ ਕਿਸਾਨ ਇਨ੍ਹਾਂ ਖੇਤਾਂ ‘ਚ ਗੰਨੇ ਦੀ ਮੁੜ ਬਿਜਾਈ ਕਰ ਸਕੇ ਹਨ, ਪਰ ਅੱਜ ਹੋਈ ਬਾਰਿਸ਼ ਨੇ ਜਿੱਥੇ ਖੇਤਾਂ ‘ਚ ਖੜੇ ਗੰਨੇ ਦੀ ਕਟਾਈ ਨੂੰ ਮੁੜ ਰੋਕ ਦਿੱਤਾ ਹੈ ਉਥੇ ਕਈ ਦਿਨਾਂ ਤੱਕ ਖੇਤਾਂ ‘ਚ ਵੱਤਰ ਨਾ ਆਉਣ ਕਾਰਨ ਗੰਨੇ ਦੀ ਬਿਜਾਈ ਹੋਰ ਪਛੜਣ ਦੀ ਸੰਭਾਵਨਾ ਬਣ ਗਈ ਹੈ।ਖੇਤੀ ਮਾਹਿਰਾਂ ਅਨੁਸਾਰ ਗੰਨੇ ਦੀ ਬਿਜਾਈ 15 ਫਰਵਰੀ ਤੋਂ 31 ਮਾਰਚ ਤੱਕ ਦੇ ਸਮੇਂ ‘ਚ ਮੁਕੰਮਲ ਹੋਣੀ ਚਾਹੀਦੀ ਹੈ, ਪਰ ਇਸ ਤੋਂ ਬਾਅਦ ਹੋਣ ਵਾਲੀ ਬਿਜਾਈ ਨੂੰ ਲੇਟ ਮੰਨਿਆ ਜਾਂਦਾ ਹੈ, ਜਿਸ ਦਾ ਅਸਰ ਫ਼ਸਲ ਦੀ ਪੈਦਾਵਾਰ ਤੇ ਗੁਣਵਤਾ ‘ਤੇ ਪੈਣਾ ਸੁਭਾਵਿਕ ਹੈ।
ਸਬਜੀਆਂ ਨੂੰ ਨੁਕਸਾਨ:
ਅਗੇਤੀਆਂ ਬੀਜੀਆਂ ਸਬਜ਼ੀਆਂ ਤੇ ਹੋਰ ਫ਼ਸਲਾਂ ਦਾ ਨੁਕਸਾਨਕਿਸਾਨਾਂ ਵੱਲੋਂ ਫਰਵਰੀ ਦੇ ਅੱਧ ‘ਚ ਬੀਜੀਆਂ ਗਈਆਂ ਕੱਦੂ, ਤੋਰੀ, ਟਿੰਡਾ, ਭਿੰਡੀ, ਖੀਰਾ, ਚੱਪਣ ਕੱਦੂ, ਕਰੇਲਾ ਆਦਿ ਸਮੇਤ ਵੱਖ-ਵੱਖ ਸਬਜ਼ੀਆਂ ਨੂੰ ਵੀ ਇਸ ਬਾਰਿਸ਼ ਨੇ ਵੱਡਾ ਨੁਕਸਾਨ ਪਹੁੰਚਾਇਆ ਹੈ ਤੇ ਇੱਥੋਂ ਤੱਕ ਕਿ ਕਿਸਾਨਾਂ ਵੱਲੋਂ ਪਲਾਸਟਿਕ ਦੀਆਂ ਸੁਰੰਗਾਂ ਹੇਠ ਬੀਜੀਆਂ ਗਈਆਂ ਸਬਜ਼ੀਆਂ ਵੀ ਨੀਵੇਂ ਖੇਤਾਂ ‘ਚ ਪਾਣੀ ਦੀ ਮਾਰ ਤੋਂ ਬਚ ਨਹੀਂ ਸਕੀਆਂ । ਦੂਜੇ ਪਾਸੇ ਪ੍ਰਭਾਵਿਤ ਖੇਤਾਂ ਦੇ ਮੁੜ ਵੱਤਰ ਆਉਣ ‘ਚ ਅਜੇ ਕਈ ਦਿਨ ਲੱਗਣ ਦੇ ਬਾਅਦ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਬਿਜਾਈ ਹੋਰ ਵੀ ਲੇਟ ਹੋਵੇਗੀ .
ਫਲਾਂ ਦੇ ਕਿਸਾਨਾਂ ਨੂੰ ਨੁਕਸਾਨ:
ਫਲਦਾਰ ਬੂਟੇ ਪ੍ਰਭਾਵਿਤਬਾਗਬਾਨੀ ਵਿਭਾਗ ਅਨੁਸਾਰ ਇਸ ਬਾਰਿਸ਼ ਕਾਰਨ ਅੰਬ ਤੇ ਲੀਚੀ ਦੇ ਪੌਦਿਆਂ ਨੂੰ ਸਲਾਬ ਤੇ ਉੱਲੀ ਵਾਲੀਆਂ ਬਿਮਾਰੀਆਂ ਕਾਰਨ ਨੁਕਸਾਨ ਹੋ ਸਕਦਾ ਹੈ ਕਿਉਂਕਿ ਬਾਰਿਸ਼ ਦੇ ਬਾਅਦ ਤਾਪਮਾਨ ‘ਚ ਗਿਰਾਵਟ ਤੇ ਹੋਰ ਅਨੁਕੂਲ ਮੌਸਮ ਕਾਰਨ ਉੱਲੀਆਂ ਵਾਲੀਆਂ ਬਿਮਾਰੀਆਂ ਜਲਦੀ ਵਧਦੀਆਂ ਹਨ।
ਇਸੇ ਤਰ੍ਹਾਂ ਅਲੂਚਾ, ਆੜੂ, ਨਾਖ ਦਾ ਫਲ ਬਣਨਾ ਸ਼ੁਰੂ ਹੋ ਗਿਆ ਹੈ ਤੇ ਗੜੇਮਾਰੀ ਤੋਂ ਪ੍ਰਭਾਵਿਤ ਫਲਾਂ ‘ਤੇ ਦਾਗ ਪੈਣ ਕਾਰਨ ਇਨ੍ਹਾਂ ਦੀ ਗੁਣਵੱਤਾ ਪ੍ਰਭਾਵਿਤ ਹੋਵੇਗੀ। ਇਸ ਤੋਂ ਇਲਾਵਾ ਲੀਚੀ, ਅੰਬ, ਸਟਰਾਬੇਰੀ ਅਤੇ ਨਿੰਬੂ ਜਾਤੀ ਦੇ ਫਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਮੁਆਵਜੇ ਦਾ ਤੁਰੰਤ ਐਲਾਨ ਕਰੇ ਸਰਕਾਰ
ਕਿਸਾਨਾਂ ਮੁਤਾਬਕ ਇਸ ਬੇਮੌਸਮੀ ਬਾਰਿਸ਼ ਨੇ ਕਣਕ, ਸਬਜੀਆਂ ਅਤੇ ਹੋਰ ਫਸਲਾਂ ਦਾ ਨੁਕਸਾਨ ਕੀਤਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ। ਕਿਸਾਨਾਂ ਮੰਗ ਕੀਤੀ ਹੈ ਕਿ ਸਰਕਾਰ ਨੂੰ ਬਾਰਿਸ਼ ਕਾਰਨ ਨੁਕਸਾਨੀਆਂ ਫਸਲਾਂ ਲਈ ਤੁਰੰਤ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ ਨਹੀਂ ਤਾਂ ਕਿਸਾਨਾਂ ਸਿਰ ਕਰਜੇ ਦੀ ਪੰਡ ਹੋ ਭਾਰੀ ਹੋ ਜਾਵੇਗਾ।
Punjab Post Daily Online Newspaper & Print Media