
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ ਸੱਗੂ)-ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲੈਂਦਿਆਂ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਦੀ ਚੁਨੌਤੀ ਦਿੱਤੀ ਹੈ। ਸ. ਮਜੀਠੀਆ ਅੱਜ ਇੱਥੇ ਪਿੰਡ ਜੈਂਤੀਪੁਰ,ਅੱਡਾ ਜੈਂਤੀਪੁਰ ਅਤੇ ਪਾਪਰਪੁਰ ਦੇ ਵਿਕਾਸ ਕੰਮਾਂ ਇੱਕ ਕਰੋੜ 65 ਲਖ ਰੁਪੈ ਦੀ ਗ੍ਰਾਂਟ ਦੇਣ ਅਤੇ ਪਿੰਡਾਂ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਆਏ ਸਨ।
ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੂੰ ਪੰਜਾਬ ਅਤੇ ਪੰਜਾਬੀ ਵਿਰੋਧੀ ਮਾਨਸਿਕਤਾ ਰਖਣਵਾਲਾ ਗਰਦਾਨਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਦਰਿਆਈ ਪਾਣੀਆਂ ਦੇ ਮਸਲੇ ‘ਤੇ ਪੰਜਾਬ ਦਾ ਪੱਖ ਪੂਰਨ ਪਰ ਜਿਊਂ ਹੀ ਦਿਲੀ ਪਹੁੰਚਿਆ ਆਪਣੇ ਬਿਆਨ ਤੋਂ ਯੂ ਟਰਨ ਲੈ ਲੈਣਾ ਪੰਜਾਬ ਵਿਰੋਧੀ ਹੋਣ ਦੀ ਉਕਤ ਗਲ ਨੂੰ ਤਸਲੀਮ ਕਰਨ ਲਈ ਕਾਫ਼ੀ ਹੈ।ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਰਾਜ ਸਤਾ ‘ਤੇ ਕਬਜ਼ਾ ਕਰਨ ਦੀ ਖੁਆਇਸ਼ ਤਾਂ ਰੱਖਦਾ ਹੈ ਪਰ ਉਸ ਕੋਲ ਨਾ ਮੁੱਖ ਮੰਤਰੀ ਉਮੀਦਵਾਰ ਲਈ ਕੋਈ ਪੰਜਾਬੀ ਚਿਹਰਾ ਹੈ ਅਤੇ ਨਾ ਹੀ ਪੰਜਾਬ ਵਾਸਤੇ ਮੁੱਖ ਮੰਤਰੀ ਉਮੀਦਵਾਰ ਲਈ ਨਾਂਅ ਐਲਾਨਣ ਦੀ ਜੁਰਅਤ ਰੱਖਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਰਾਜ ਦੀ ਪਾਰਟੀ ਇਕਾਈ ਵਿੱਚ ਪੰਜਾਬੀਆਂ ਨੂੰ ਅਹਿਮੀਅਤ ਦੇਣ ਦੀ ਥਾਂ ਤਾਨਾਸ਼ਾਹੀ ਰਵਈਆ ਅਪਣਾ ਕੇ ਗੈਰ ਪੰਜਾਬੀਆਂ ਨੂੰ ਤਾਕਤ ਦੇਣ ਵਿੱਚ ਲਗਾ ਹੋਇਆ ਹੈ ਜਿਸ ਦਾ ਉਸ ਦੇ ਪਾਰਟੀ ਵਰਕਰਾਂ ਵੱਲੋਂ ਹੀ ਜਮ ਕੇ ਵਿਰੋਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਤੋਂ ਆਏ ਉਸ ਦੇ ਅਜ਼ੀਜ਼ ਲੋਕ ਕੇਵਲ ਸ਼ੋਸੇਬਾਜੀਆਂ ਅਤੇ ਗੱਪਾਂ ਮਾਰਕੇ ਹੀ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ, ਪਰ ਰਾਜ ਦੀ ਕਿਸ਼ਤੀ ਦਾ ਮਲਾਹ ਕਿਸ ਨੂੰ ਬਣਾਉਣਾ ਹੈ, ਉਸ ਬਾਰੇ ਕੋਈ ਫੈਸਲਾ ਤੱਕ ਨਹੀਂ ਲੈ ਸਕਦੇ। ਅੱਜ ਪਿੰਡ ਜੈਂਤੀਪੁਰ ਵਿਖੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਪੰਜਾਬ ਵਾਸੀਆਂ ਨੂੰ ਅਜਿਹੇ ਲੋਕਾਂ ਦੀਆਂ ਕੁਚਾਲਾਂ ਵਿੱਚ ਨਾ ਆਉਣ ਦੀ ਸਲਾਹ ਦਿੱਤੀ ।ਉਹਨਾਂ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਸ: ਪ੍ਰਕਾਸ਼ ਸਿੰਘ ਬਾਦਲ ਹੀ ਕਰਦੇ ਆਏ ਹਨ । ਉਹਨਾਂ ਕਿਹਾ ਕਿ ਪੰਜਾਬ ਵਿੱਚ 70 ਫੀਸਦੀ ਲੋਕ ਕਿਸਾਨ ਹਨ ਤੇ ਇੱਥੇ ਪਾਣੀ ਦੀ ਪਹਿਲਾਂ ਹੀ ਕਿੱਲਤ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਬਾਹਰ ਨਹੀਂ ਦਿੱਤਾ ਜਾਵੇਗਾ, ਇਸ ਲਈ ਕੋਈ ਵੀ ਕੁਰਬਾਨੀ ਕਰਨ ਲਈ ਉਹ ਤਿਆਰ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਗੱਲ ਤਾਂ ਦੱਸਦਾ ਹੈ ਪਰ ਇਹ ਨਹੀਂ ਦੱਸਦਾ ਕਿ ਦਿੱਲੀ ਵਿੱਚ ਕੇਵਲ ਤੇ ਕੇਵਲ 264 ਹੀ ਕਿਸਾਨ ਹਨ। ਸ. ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਗੱਪੀਆਂ ਦੀ ਪਾਰਟੀ ਦੱਸਦਿਆਂ ਕਿਹਾ ਕਿ ਇਹ ਲੋਕ ਦਿੱਲੀ ਵਿੱਚ ਇੱਕ ਕਲੀਨਿਕ ਖੋਲ੍ਹ ਕੇ ਹਜ਼ਾਰਾਂ ਕਲੀਨਿਕ ਖੋਲ੍ਹਣ ਦੀਆਂ ਡੀਂਗਾਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਲੋਕ ਭਲਾਈ ਅਤੇ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕਰਨ ਦਾ ਸਿਹਰਾ ਕੇਵਲ ਤੇ ਕੇਵਲ ਅਕਾਲੀ-ਭਾਜਪਾ ਸਰਕਾਰ ਨੂੰ ਹੀ ਜਾਂਦਾ ਹੈ, ਜਿਸਨੇ ਹਰੇਕ ਵਰਗ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਹੈ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਆਟਾ-ਦਾਲ ਯੋਜਨਾ, ਬੁਢਾਪਾ ਪੈਨਸ਼ਨ ਯੋਜਨਾ ਆਦਿ ਦਾ ਜ਼ਿਕਰ ਕਰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਸਕੀਮਾਂ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਢਾਈ ਲੱਖ ਨਵੇਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾ ਰਹੇ ਹਨ।ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਤੇ 10 ਸਾਲ ਦੀ ਮਿਸਾਲੀ ਸਜਾਵਾਂ ਦੇਣ ਦੀ ਸ: ਬਾਦਲ ਵੱਲੋਂ ਕੀਤੀ ਗਈ ਨਵੀਂ ਵਿਵਸਥਾ ਦਾ ਸਵਾਗਤ ਕੀਤਾ।
ਸ. ਮਜੀਠੀਆ ਨੇ ਅੱਜ ਪਿੰਡ ਜੈਂਤੀਪੁਰ ਦੇ ਵਿਕਾਸ ਕੰਮਾਂ ਲਈ 43 ਲੱਖ ਰੁਪਏ, ਅੱਡਾ ਜੈਂਤੀਪੁਰ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 57.70 ਲੱਖ ਰੁਪਏ ਅਤੇ ਪਿੰਡ ਪਾਖਰਪੁਰ ਦੀ ਪੰਚਾਇਤ ਨੂੰ ਵਿਕਾਸ ਕੰਮਾਂ ਲਈ 63 ਲੱਖ ਰੁਪਏ ਦੀਆਂ ਗਰਾਟਾਂ ਦੇ ਚੈਕ ਵੰਡਦੇ ਇਹ ਕੰਮ ਇਮਾਨਦਾਰੀ ਨਾਲ ਛੇਤੀ ਤੋਂ ਛੇਤੀ ਨੇਪਰੇ ਚਾੜ੍ਹਨ ਦੀ ਹਦਾਇਤ ਕਰਦੇ ਕਿਹਾ ਕਿ ਇੰਨਾਂ ਗਰਾਟਾਂ ਦੀ ਵਰਤੋਂ ਤੋਂ ਬਾਅਦ ਵੀ ਜੇਕਰ ਪਿੰਡਾਂ ਦੇ ਕੰਮ ਬਾਕੀ ਬਚਦੇ ਹਨ, ਤਾਂ ਉਨ੍ਹਾਂ ਲਈ ਹੋਰ ਰਕਮਾਂ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ,ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਰਵੇਲ ਸਿੰਘ ਅਲਕੜੇ, ਨਿਰਮਲ ਸਿੰਘ ਪਾਖਰਪੁਰਾ, ਮੀਡੀਆ ਸਲਾਹਕਾਰ ਪੋ: ਸਰਚਾਂਦ ਸਿੰਘ, ਬਲਰਾਜ ਸਿੰਘ ਔਲਖ, ਪ੍ਰਾਣਨਾਥ ਗੋਰੀ, ਮੁਖਤਿਆਰ ਸਿੰਘ ਸਰਪੰਚ, ਸਰਪੰਚ ਕੁਲਵੰਤ ਸਿੰਘ , ਮੇਜਰ ਸਿੰਘ ਕਲੇਰ, ਬੱਬੀ ਭੰਗਵਾਂ, ਭਵਨ ਕੁਮਾਰ ਨੰਬਰਦਾਰ, ਸਰਪੰਚ ਗੁਰਮੀਤ ਸਿੰਘ ਬੱਲ, ਪਰਮਜੀਤ ਸਿੰਘ ਪੰਮਾ ਜੈਂਤੀਪੁਰ, ਜਸਵਿੰਦਰ ਸਿੰਘ ਹੈਪੀ, ਰਣਜੀਤ ਸਿੰਘ, ਬੌਬੀ ਸੋਢੀ, ਲਾਲ ਚੰਦ ਰਮਨ ਕੁਮਾਰ, ਪ੍ਰਧਾਨ ਰਕੇਸ਼ ਕੁਮਾਰ, ਜਥੇਦਾਰ ਕਸ਼ਮੀਰ ਸਿੰਘ, ਸੋਹਣ ਲਾਲ ਠੇਕੇਦਾਰ, ਕੈਪਟਨ ਰਤਨ ਲਾਲ, ਬਲਕਾਰ ਹੈਪੀ, ਦੁਰਗਾ ਦਸ ਪਟਵਾਰੀ, ਨਾਨਕ ਸਿੰਘ ਪ੍ਰਧਾਨ, ਨਿਰਮਲ ਸਿੰਘ ਸਾਬਕਾ ਸਰਪੰਚ, ਗੁਰਵਿੰਦਰ ਸਿੰਘ ਬਲ, ਮਨਜੀਤ ਸਿੰਘ ਮੰਨੂ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media