ਅੰਮ੍ਰਿਤਸਰ, 31 ਮਾਰਚ (ਜਗਦੀਪ ਸਿੰਘ ਸੱਗੂ) – ਕੈਬਨਿਟ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਵੱਖ-ਵੱਖ ਵਿਕਾਸ ਕੰਮਾਂ ਬਾਬਤ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਉਨਾਂ ਨੂੰ ਵਿਕਾਸ ਕੰਮ ਤੇਜ਼ੀ ਨਾਲ ਨੇਪਰੇ ਚਾੜਨ ਦੀ ਹਦਾਇਤ ਵੀ ਕੀਤੀ। ਸ. ਰਣੀਕੇ ਨੇ ਅੱਜ ਦੀਆਂ ਮੀਟਿੰਗਾਂ ਵਿਚ ਆਪਣੇ ਵਿਧਾਨ ਸਭਾ ਹਲਕੇ ਦੇ ਦੋ ਪਿੰਡ ਹਮੀਦਪੁਰਾ ਅਤੇ ਮਾਹਲ, ਜੋ ਕਿ ਨਗਰ ਕੌਸ਼ਲ ਦੀ ਹਦੂਦ ਵਿਚ ਪੈਂਦੇ ਹਨ, ਦੇ ਵਿਕਾਸ ਕੰਮਾਂ ਬਾਰੇ ਨਗਰ ਨਿਗਮ ਅਤੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕੀਤੀ। ਉਨਾਂ ਇੰਨਾਂ ਪਿੰਡਾਂ ਵਿਚ ਸ਼ਹਿਰ ਦੀ ਤਰਜ਼ ‘ਤੇ ਕੰਮ ਕਰਨ ਲਈ ਕਿਹਾ ਤਾਂ ਜੋ ਨਗਰ ਕੌਸ਼ਲ ਵਿਚ ਹੋਣ ਕਾਰਨ ਉਨਾਂ ਦਾ ਵਿਕਾਸ ਤੇਜ਼ੀ ਨਾਲ ਸੰਭਵ ਹੋ ਸਕੇ। ਆਟਾ-ਦਾਲ ਸਕੀਮ ਅਧੀਨ ਕਣਕ ਦੀ ਵੰਡ ਅਤੇ ਨੀਲੇ ਕਾਰਡਾਂ ਬਾਰੇ ਕਮੇਟੀ ਬਨਾਉਣ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਉਨਾਂ ਨੇ ਸਪੱਸ਼ਟ ਕੀਤਾ ਕਿ ਸਾਰੇ ਹਲਕੇ ਵਿਚ ਰਾਸ਼ਨ ਦੀ ਸਹੀ ਵੰਡ ਲਈ ਜ਼ੋਨ ਪੱਧਰ ‘ਤੇ ਕਮੇਟੀਆਂ ਗਠਿਤ ਕੀਤੀਆਂ ਜਾਣ, ਤਾਂ ਜੋ ਕੋਈ ਲੋੜਵੰਦ ਸਰਕਾਰ ਦੀ ਇਸ ਕਲਿਆਣਕਾਰੀ ਸਕੀਮ ਤੋਂ ਵਾਂਝਾ ਨਾ ਰਹੇ। ਉਨਾਂ ਨੇ ਇਸ ਲਈ ਹਰ ਚਾਰ-ਪੰਜ ਪਿੰਡਾਂ ਦੇ ਇਲਾਕੇ ‘ਤੇ ਇਕ ਜੋਨ ਕਮੇਟੀ ਬਨਾਉਣ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਸ. ਰਣੀਕੇ ਨੇ ਅਟਾਰੀ ਵਿਧਾਨ ਸਭਾ ਹਲਕੇ ਵਿਚ ਸਾਲ 2013-14 ਤੋਂ ਹੁਣ ਤੱਕ ਜਾਰੀ ਹੋਈਆਂ ਗਰਾਂਟਾਂ ਦੀ ਵਰਤੋਂ ਬਾਰੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਕੋਲੋਂ ਜਾਣਕਾਰੀ ਲਈ। ਰਾਮਤੀਰਥ ਵਿਖੇ ਹੋ ਰਹੀ ਤੀਰਥ ਦੀ ਉਸਾਰੀ ਦਾ ਜਾਇਜ਼ਾ ਲੈਦੇ ਸ. ਰਣੀਕੇ ਨੇ ਇਸ ਵਿਰਾਸਤੀ ਇਮਾਰਤ ਨੂੰ ਮਿੱਥੇ ਸਮੇਂ ਵਿਚ ਪੂਰਾ ਕਰਨ ਲਈ ਕਿਹਾ ਤਾਂ ਜੋ ਇਸ ਪਵਿਤਰ ਸਥਾਨ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾ ਸਕੇ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ, ਐਸ ਡੀ ਐਮ ਅਜਨਾਲਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media