ਮਾਲੇਰਕੋਟਲਾ, 25 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕ ਵਰਗ ਨਾਲ ਕੀਤੇ ਵਾਅਦਿਆਂ ‘ਤੇ ਖਰਾ ਨਾ ਉੱਤਰਣ ਕਾਰਨ ਕੰਪਿਊਟਰ ਅਧਿਆਪਕਾਂ ਨੇ ਜਥੇਬੰਦੀ ਦੇ ਪੰਜਾਬ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਬਲਜਿੰਦਰ ਸਿੰਘ ਫਤਹਿਪੁਰ ਦੀ ਅਗਵਾਈ ਹੇਠ ਕਰੋ ਜਾਂ ਮਰੋ ਦੀ ਨੀਤੀ ਅਪਣਾਉਂਦਿਆਂ ਪੰਜਾਬ ਸਰਕਾਰ ਖਿਲਾਫ ਵਾਅਦਾ ਖਿਲਾਫੀ ਮੁਹਿੰਮ ਅਰੰਭ ਕਰਨ ਦਾ ਐਲਾਨ ਕੀਤਾ। ਸਰਕਾਰ ਵੱਲੋਂ ਕੀਤੀ ਜਾ ਰਹੀ ਲਗਾਤਾਰ ਧੱਕੇਸ਼ਾਹੀ ਖਿਲਾਫ ਰੋਸ ਪ੍ਰਗਟਾਉਂਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਰਵੀਇੰਦਰ ਸਿੰਘ ਮੰਡੇਰ ਅਤੇ ਸੰਗਰੂਰ ਜ਼ਿਲ੍ਹਾ ਜਨਰਲ ਸਕੱਤਰ ਰੋਬਿਨ ਸ਼ਰਮਾਂ ਨੇ ਜਥੇਬੰਦੀ ਦੀਆਂ ਮੰਗਾਂ ਸਬੰਧੀ ਅੱਜ ਸਾਥੀ ਕੰਪਿਊਟਰ ਅਧਿਆਪਕਾਂ ਸਮੇਤ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਇਜ਼ਹਾਰ ਆਲਮ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਠੇਕੇ ਜਾਂ ਸੁਸਾਇਟੀਆਂ ਅਧੀਨ ਪਹਿਲਾਂ ਤੋਂ ਨੌਕਰੀ ਕਰਦੇ ਹਜ਼ਾਰਾਂ ਅਧਿਆਪਕਾਂ ਨਾਲ ਪੰਜਾਬ ਸਰਕਾਰ ਵੱਲੋਂ ਧੋਖਾ ਤੇ ਵਿਤਕਰੇਬਾਜ਼ੀ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਦੱਸਿਆ ਕਿ ਸੁਸਾਇਟੀ ਨੇ ਰੈਗੂਲਰ ਸਰਵਿਸ ਦਿੱਤੇ ਜਾਣ ਬਹਾਨੇ ਪਿਛਲੇ ਚਾਰ ਸਾਲਾਂ ਤੋਂ ਪਿਕਟਸ ਅਧੀਨ 7 ਹਜ਼ਾਰ ਕੰਪਿਊਟਰ ਅਧਿਆਪਕਾਂ ਨੂੰ ਸਾਰੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਹੋਇਆ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਠੇਕੇ ‘ਤੇ ਰੱਖੇ 700 ਕੰਪਿਊਟਰ ਅਧਿਆਪਕਾਂ ਵਿਚੋਂ ਤਿੰਨ ਸਾਲ ਦੀ ਸੇਵਾ ਸ਼ਰਤ ਪੂਰੀ ਕਰ ਚੁੱਕੇ ਅਧਿਆਪਕਾਂ ਨੂੰ ਰੈਗੂਲਰ ਆਡਰ ਜਾਰੀ ਕਰਨ ‘ਚ ਬੇਲੋੜੀਆਂ ਅੜਚਨਾਂ ਪੈਦਾ ਕਰ ਰਿਹਾ ਹੈ। ਉਪਰੋਕਤ ਆਗੂਆਂ ਨੇ ਦੱਸਿਆ ਕਿ 1 ਜੁਲਾਈ 2011 ਵਿਚ ਪੰਜਾਬ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਮੌਕੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਉਸ ਵਿਚ ਤੈਅ ਕੀਤੀਆਂ ਸ਼ਰਤਾਂ ਨੂੰ ਕੰਪਿਊਟਰ ਅਧਿਆਪਕਾਂ ‘ਤੇ ਅਜੇ ਤੱਕ ਲਾਗੂ ਨਹੀਂ ਕੀਤਾ। ਜਿਸ ਕਾਰਨ ਕੰਪਿਊਟਰ ਅਧਿਆਪਕਾਂ ਨੂੰ ਆਮ ਕਰਮਚਾਰੀਆਂ ਵਾਂਗ ਮੈਡੀਕਲ ਰੀਬਰਸਮੈਂਟ, ਹੈਂਡੀਕੈਪ ਭੱਤਾ, ਸੀ.ਪੀ.ਐਫ. ਕਟੌਤੀ, ਸੀ.ਐਸ.ਆਰ. ਰੂਲਜ਼ ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਜਿਸ ਸਬੰਧੀ ਜਥੇਬੰਦੀ ਦੇ ਨੁਮਾਇੰਦੇ ਕਈ ਵਾਰ ਸਰਕਾਰ ਅਤੇ ਉਚ ਅਧਿਕਾਰੀਆਂ ਨਾਲ ਮੀਟਿਗਾਂ ਕਰ ਚੁੱਕੇ ਹਨ ਪਰੰਤੂ ਹਰ ਵਾਰ ਜਥੇਬੰਦੀ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਲਾਰਿਆਂ ਰਾਹੀਂ ਡੰਗ ਟਪਾਉਣ ਦੀ ਅਪਣਾਈ ਜਾ ਰਹੀ ਨੀਤੀ ਕਾਰਨ ਕੰਪਿਊਟਰ ਅਧਿਆਪਕਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਿਆ ਹੈ ਅਤੇ ਹੁਣ ਕੰਪਿਊਟਰ ਅਧਿਆਪਕ ਕਰੋ ਜਾਂ ਮਰੋ ਵਾਲੀ ਨੀਤੀ ਅਪਣਾਉਣ ਦਾ ਕਦਮ ਚੁੱਕਣ ਲਈ ਮਜ਼ਬੂਰ ਹੋ ਗਏ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media