Wednesday, April 29, 2026

ਧਾਰਮਿਕ ਤੇ ਇਤਿਹਾਸਕ ਲਾਈਟ ਐਂਡ ਸਾਊਂਡ ਨਾਟਕ ‘ਪਰਖ ਦੀ ਘੜੀ’ ਨੇ ਦਰਸ਼ਕ ਕੀਲ੍ਹੇ

PPN0905201607

ਅੰਮ੍ਰਿਤਸਰ, 9 ਮਈ (ਦੀਪ ਦਵਿੰਦਰ ਸਿੰਘ)- ਸੋਹਲ ਗਰੁਪ ਆਫ ਆਰਟਸ ਵੱਲੋਂ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੇ ਸਹਿਯੋਗ ਨਾਲ ਆਰਟ ਗੈਲਰੀ ਦੇ ਇੰਜੀ: ਧਰਮ ਸਿੰਘ ਆਡੀਟੋਰੀਅਮ ਵਿਖੇ ਪੇਸ਼ ਕੀਤਾ ਗਿਆ ਧਾਰਮਿਕ ਤੇ ਇਤਿਹਾਸਕ ਲਾਈਟ ਐਂਡ ਸਾਊਂਡ ਨਾਟਕ ‘ਪਰਖ ਦੀ ਘੜੀ’ ਦਰਸ਼ਕਾਂ ਨੂੰ 18ਵੀਂ ਸਦੀ ਦੇ ਸਿੱਖ ਇਤਿਹਾਸ ਦੇ ਰੂਬਰੂ ਕਰਵਾ ਗਿਆ।ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਹਰਿੰਦਰ ਸਿੰਘ ਸੋਹਲ ਦੀ ਨਿਰਦੇਸ਼ਨਾਂ ਅਤੇ ਸੰਗੀਤ ਵਿੱਚ ਸਫਲਤਾ ਸਹਿਤ ਪੇਸ਼ ਕੀਤੇ ਗਏ ਇਸ ਨਾਟਕ ਦੇ ਦ੍ਰਿਸ਼, ਵਾਰਤਾਲਾਪ, ਸੰਗੀਤ ਤੇ ਵੀਡੀਉ ਇਫੈਕਟਸ ਇੰਨੇ ਪ੍ਰਭਾਵਸ਼ਾਲੀ ਸਨ ਕਿ ਦਰਸ਼ਕ ਆਪਣੇ ਆਪ ਨੂੰ ਤਿੰਨ ਸਦੀਆਂ ਪਹਿਲਾਂ ਦੇ ਪੰਜਾਬ ਵਿੱਚ ਬੈਠਿਆਂ ਤੇ ਮੁਗਲ ਹਾਕਮਾਂ ਦੀ ਦੇ ਜ਼ੁਲਮਾਂ ਅਤੇ ਪੁਰਾਤਨ ਸਿਦਕੀ ਸਿੰਘਾਂ ਦੀ ਬਹਾਦਰੀ, ਸਿਰੜ ਤੇ ਤਿਆਗ ਨੂੰ ਅੱਖੀਂ ਦੇਖਣ ਵਾਂਗ ਮਹਿਸੂਸ ਕਰਦੇ ਰਹੇ।ਬਲਦੇਵ ਸਿੰਘ ਮੋਗਾ ਦੀ ਕਹਾਣੀ ‘ਤੇ ਆਧਾਰਤ ਇਸ ਨਾਟਕ ਵਿੱਚ ਅਠਾਰਵੀਂ ਸਦੀ ਦੇ ਮੁਗਲ ਬਾਦਸ਼ਾਹ ਫਰੁੱਖਸੀਅਰ ਵੱਲੋਂ ਸਿੰਘਾਂ ‘ਤੇ ਕੀਤੇ ਅਥਾਹ ਜ਼ੁੁਲਮਾਂ ਅਤੇ ਸਿੰਘਾਂ ਵੱਲੋਂ ਸਿਦਕ, ਸਬਰ ਅਤੇ ਬਹਾਦਰੀ ਨਾਲ ਇਨਾਂ ਜ਼ੁਲਮਾਂ ਅਤੇ ਜ਼ਾਲਮਾਂ ਦਾ ਡਟ ਕੇ ਮੁਕਾਬਲਾ ਕਰਨ ਦੀਆਂ ਘਟਨਾਵਾਂ ਨੂੰ ਬਾਖੂਬੀ ਤੇ ਕਲਾਤਮਿਕ ਢੰਗ ਨਾਲ ਦਰਸਾਇਆ ਗਿਆ। ਬਾਦਸ਼ਾਹ ਫਰੁੱਖਸੀਅਰ ਕੈਦ ਵਿੱਚ ਲੰਬੇ ਸਮੇਂ ਤੋਂ ਭੁੱਖੇ ਰੱਖੇੇ ਗਏ ਕੁੱਝ ਸਿੱਖਾਂ ਨੂੰ ਦੋ ਰੋਟੀਆਂ ਦੇ ਕੇ ਆਪਸ ਵਿੱਚ ਰੋਟੀ ਤੇ ਭੁੱਖ ਖਾਤਰ ਲੜਾਉਣ ਦੀ ਵਿਉਂਤ ਬਣਾਉਂਦਾ ਹੈ, ਪਰ ਸਿਰੜ, ਸਿਦਕ ਤੇ ਸਬਰ ਨਾਲ ਸਿੰਘ ਇਸ ਸਾਜ਼ਿਸ਼ ਦਾ ਮੁਕਾਬਲਾ ਕਰਦੇ ਹਨ ਤੇ ਅੰਤ ਬਾਦਸ਼ਾਹ ਨੂੰ ਹਾਰ ਦਾ ਸਾਮਣਾ ਕਰਨਾ ਪੈਂਦਾ ਹੈ। ਇਸ ਨਾਟਕ ਵਿੱਚ ਬਾਦਸ਼ਾਹ ਫਰੁਖਸੀਅਰ ਦਾ ਕਿਰਦਾਰ ਹਰਿੰਦਰ ਸੋਹਲ ਨੇ ਬਾਖੂਬੀ ਨਿਭਾਇਆ ਜਦਕਿ ਸਿੰਘਾਂ ਵਿੱਚੋਂ ਜਸਵੰਤ ਸਿੰਘ ਜੱਸ (ਬਜ਼ੁੱਰਗ ਸਿੱਖ), ਕੁਲਜੀਤ ਸਿੰਘ ਡੌਨੀ, ਜਤਿੰਦਰ ਸਿੰਘ ਭੋਲਾ, ਜਸਕਰਨ ਸਿੰਘ ਸੋਹਲ, ਮਾਂ ਮੀਨੂੰ ਸ਼ਰਮਾ ਦੇ ਨਾਲ ਨਾਲ ਜ਼ਕਰੀਆ ਖਾਨ ਦੇ ਰੂਪ ਵਿੱਚ ਦਿਨੇਸ਼ ਕੁਮਾਰ ਨੇ ਆਪਣੇ ਕਿਰਦਾਰਾਂ ਨਾਲ ਪੂਰਾ ਇਨਸਾਫ ਕਰਕੇ ਆਪਣੀ ਅਭਿਨੈ ਕਲਾ ਦਾ ਲੋਹਾ ਮੰਨਵਾਇਆ।ਨਾਟਕ ਦੇ ਬਾਕੀ ਕਲਾਕਾਰਾਂ ਵਿੱਚ ਮੁਗ਼ਲ ਸਿਪਾਹੀਆਂ ਸਾਵਨ ਕੁਮਾਰ, ਤਰੁਣ ਸ਼ਰਮਾ, ਮਨਪ੍ਰੀਤ ਸੋਹਲ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਸਨਮਦੀਪ ਸਿੰਘ ਤੇ ਅੰਕਿਤ ਆਦਿ ਕਲਾਕਾਰਾਂ ਦਾ ਅਭਿਨੈ ਅਤੇ ਅਮਰੀਕ ਰੰਧਾਵਾ ਦੇ ਮੇਕਅੱਪ ਵੀ ਸਰਾਹੁਣਯੋਗ ਰਹੇ। ਰੌਸ਼ਨੀ ਪ੍ਰਭਾਵ ਮਨਪ੍ਰੀਤ ਸੋਹਲ ਤੇ ਵੇਸ਼ ਭੂਸ਼ਾ ਬਲਰਾਜ ਕੌਰ ਦੇ ਸਨ। ਅੜੇ ਸੋ ਝੜੇ ਗਤਕਾ ਟੀਮ ਨੇ ਨਾਟਕ ਪੇਸ਼ਕਾਰੀ ਮੌਕੇ ਗਤਕੇ ਦੇ ਜੌਹਰ ਦਿਖਾਏ।
ਪੇਸ਼ਕਾਰੀ ਉਪਰੰਤ ਮੁੱਖ ਮਹਿਮਾਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਨਾਟਕ ਪੇਸ਼ਕਾਰੀ ਤੇ ਕਲਾਕਾਰਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਤੇ ਵਿਰਸਾ ਬਹੁਤ ਅਮੀਰ ਹੈ ਤੇ ਸੋਹਲ ਗਰੁੱਪ ਆਫ ਆਰਟਸ ਨੇ ਅਜੋਕੀ ਪੀੜੀ ਨੂੰ ਪੁਰਾਤਨ ਸਿੱਖਾਂ ਦੀ ਧਰਮ ਵਿੱਚ ਪਰਪੱਕਤਾ ਤੇ ਸਿਰੜ, ਸਿਦਕ ਤੇ ਤਿਆਗ ਦੀ ਭਾਵਨਾ ਦੇ ਦਰਸ਼ਨ ਕਰਵਾਏ ਹਨ ਜਿਸ ਲਈ ਉਹ ਹਰਿੰਦਰ ਸੋਹਲ ਤੇ ਪੂੁਰੀ ਟੀਮ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਨਾਟਕ ਦੇਖਦੇ ਸਮੇਂ ਇੰਝ ਲੱਗਦਾ ਸੀ ਕਿ ਜਿਵੇਂ ਦਰਸ਼ਕ ਵੀ 18ਵੀਂ ਸਦੀ ਦੇ ਦੌਰ ਵਿੱਚ ਪੁੱਜ ਗਏ ਹੋਣ। ਸ: ਛੀਨਾ ਨੇ ਕਿਹਾ ਪ੍ਰੀਖਿਆਵਾਂ ਉਪ੍ਰੰਤ ਇਸ ਨਾਟਕ ਦੀ ਖ਼ਾਲਸਾ ਕਾਲਜ ਵਿਖੇ ਪੇਸ਼ਕਾਰੀ ਕਰਵਾਈ ਜਾਵੇਗੀ।ਇਸ ਮੌਕੇ ਅਰਵਿੰਦਰ ਚਮਕ, ਸਕੱਤਰ ਡਾ: ਪੀ.ਐਸ. ਗਰੋਵਰ, ਸ: ਹਰਮਿੰਦਰ ਸਿੰਘ ਫ੍ਰੀਡਮ, ਆਰਕੀਟੈਕਟ ਨਰਿੰਦਰਜੀਤ ਸਿੰਘ, ਦਪਿੰਦਰ ਸਿੰਘ ਟੀਟੂ, ਅਦਾਕਾਰ ਸੁਖਬੀਰ ਸਿੰਘ ਜਲੰਧਰ, ਦਲਜੀਤ ਸਿੰਘ ਅਰੋੜਾ, ਪ੍ਰਿ: ਸਵਿੰਦਰ ਸਿੰਘ ਚਾਹਲ, ਠੇਕੇਦਾਰ ਗੁਰਮੀਤ ਸਿੰਘ, ਵਿਨੋਦ ਮਹਿਰਾ, ਹਰਜੀਤ ਸਿੰਘ ਸੰਧੂ, ਆਰਟਿਸਟ ਸੁਖਬੀਰ ਸਿੰਘ ਸੰਧੂ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜਰ ਸਨ। ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਇਸ ਮੌਕੇ ਕਲਾਕਾਰਾਂ ਨੂੰ ਆਰਟ ਗੈਲਰੀ ਵਲੋਂ ਸਰਟੀਫਿਕੇਟ ਭੇਟ ਕਰਕੇ ਸਨਮਾਨਤ ਕੀਤਾ ਗਿਆ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply