
ਫਾਜ਼ਿਲਕਾ 1 ਜੂਨ (ਵਨੀਤ ਅਰੋੜਾ) – ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਅਤੇ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਸ. ਗੁਲਜਾਰ ਸਿੰਘ ਰਾਣੀਕੇ ਨੇ ਕਿਹਾ ਕਿ ਪਿੱਛਲੇ ਸਾਢੇ 9 ਸਾਲਾਂ ਦੌਰਾਨ ਸੂਬਾ ਸਰਕਾਰ ਵੱਲੋਂ ਰਾਜ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮੁੱਖ ਪ੍ਰਮੁੱਖਤਾ ਦਿੱਤੀ ਗਈ ਅਤੇ ਉਨ੍ਹਾਂ ਤੀਜੀ ਵਾਰ ਅਕਾਲੀ ਭਾਜਪਾ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਸੂਬੇ ਦੇ ਲੋਕਾਂ ਦੇ ਮਨੁੱਖੀ, ਸਮਾਜਿਕ ਅਤੇ ਆਰਥਿਕ ਵਿਕਾਸ ਸਬੰਧੀ ਨੀਤੀਆਂ ਬਣਾ ਕੇ ਲਾਗੂ ਕੀਤੀਆਂ ਜਾਣਗੀਆਂ।
ਅੱਜ ਇੱਥੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸ. ਗੁਲਜਾਰ ਸਿੰਘ ਰਾਣੀਕੇ ਨੇ ਕਿਹਾ ਕਿ ਲੰਬਾ ਸਮਾਂ ਸੂਬੇ ਅਤੇ ਦੇਸ਼ ਵਿਚ ਰਹੀ ਕਾਂਗਰਸ ਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਜਦ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਿਕਾਰਡ ਤੋੜ ਵਿਕਾਸ ਕਰਵਾਇਆ ਗਿਆ ਹੈ। ਆਪਣੀ ਸਰਕਾਰ ਨੂੰ ਮੁਲਾਜ਼ਮ, ਕਿਸਾਨ, ਵਪਾਰੀ ਅਤੇ ਗਰੀਬ ਪੱਖੀ ਸਰਕਾਰ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਜੋ ਵੀ ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਉਹ ਅਕਾਲੀ ਭਾਜਪਾ ਸਰਕਾਰ ਵੱਲੋਂ ਹੀ ਆਰੰਭੀਆਂ ਹਨ। ਉਨ੍ਹਾਂ ਪੈਨਸ਼ਨ ਸਕੀਮ, ਆਟਾ ਦਾਲ ਸਕੀਮ, ਸ਼ਗਨ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਕੀਮਾਂ ਆਰਥਿਕ ਤੌਰ ਤੇ ਕਮਜੋਰ ਪਰਿਵਾਰਾਂ ਦਾ ਵੱਡਾ ਸਹਾਰਾ ਬਣੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਰਾਜ ਦੇ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਿਆ ਗਿਆ ਹੈ ਉੱਥੇ 7 ਮੈਰੀਟੋਰੀਅਸ ਸਕੂਲ ਵੀ ਆਰੰਭ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 5 ਸਾਲਾਂ ਦੌਰਾਨ ਹੁਨਰ ਸਿਖਲਾਈ, ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਉਪਲਬੱਧਤਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਜਨ ਸਭਾ ਵਿਚ ਹਾਜਰ ਲੋਕਾਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਸਕੀਮਾਂ ਦੀ ਜਾਣਕਾਰੀ ਘਰ ਘਰ ਤੱਕ ਪੁੱਜਦੀ ਕਰਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਗੁਲਜਾਰ ਸਿੰਘ ਰਾਣੀਕੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਢੱਡਰੀਆਂ ਵਾਲੇ ਦੇ ਮਾਮਲੇ ਦਾ ਸਿਆਸੀਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦ ਕਿ ਪੰਜਾਬ ਦੇ ਸੂਝਵਾਨ ਲੋਕ ਉਸਦੀ ਇਸ ਮੁੱਦੇ ਤੇ ਸਿਆਸੀ ਰੋਟੀਆਂ ਸੇਕਣ ਦੀ ਚਾਲ ਨੂੰ ਭਲੀਭਾਂਤ ਸਮਝ ਚੁੱਕੇ ਹਨ। ਐਸ.ਸੀ.ਬੀ.ਸੀ. ਸਕਾਲਰਸ਼ਿਪ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਵਿਦਿਆਰਥੀਆਂ ਨੂੰ ਵਜੀਫ਼ਾ ਰਾਸ਼ੀ ਮਿਲ ਜਾਵੇਗੀ। ਆਪ ਪਾਰਟੀ ਦੇ ਚੋਣ ਸਰਵੇਖਣਾ ਬਾਰੇ ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਹੋ ਚੁੱਕੀ ਹੈ ਅਤੇ ਦਿੱਲੀ ਦੇ ਲੋਕ ਬਿਜਲੀ, ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਤੋਂ ਵੀ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਵੱਲੋਂ ਪਾਣੀਆਂ ਦੇ ਮੁੱਦੇ ਤੇ ਲਏ ਗਏ ਦੋਹਰੇ ਸਟੈਂਡ ਕਾਰਨ ਪੰਜਾਬ ਦੇ ਲੋਕ ਇਸ ਪਾਰਟੀ ਦੇ ਦੋਹਰੇ ਚਰਿੱਤਰ ਤੋਂ ਜਾਣੂੰੰ ਹੋ ਚੁੱਕੇ ਹਨ ਅਤੇ ਅਗਾਮੀ ਚੋਣਾਂ ਵਿਚ ਲੋਕ ਇਸ ਪਾਰਟੀ ਨੂੰ ਕਰਾਰਾ ਜਵਾਬ ਦੇਣਗੇ।
ਇਸ ਤੋਂ ਪਹਿਲਾਂ ਬੋਲਦਿਆਂ ਟਰਾਂਸਪੋਰਟ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਗੁਰਤੇਜ ਸਿੰਘ ਘੁੜਿਆਣਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਐਸ.ਸੀ.ਭਾਈਚਾਰੇ ਦੇ ਲਈ ਅਨੇਕਾਂ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਕਰ ਦਿੱਤੀ ਗਈ ਹੈ ਅਤੇ ਰਾਜ ਸਰਕਾਰ ਦੀ ਆਟਾ ਦਾਲ ਯੋਜਨਾ ਕਾਰਨ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ ਜਿੱਥੇ ਕੋਈ ਭੁੱਖਾ ਨਹੀਂ ਸੌਂਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਡਾ. ਰਾਜ ਸਿੰਘ, ਬਲਾਕ ਸਮੰਤੀ ਚੇਅਰਮੈਨ ਸੁਖਜਿੰਦਰ ਸਿੰਘ, ਤੇਜਵੰਤ ਸਿੰਘ ਟੀਟਾ ਵਾਈਸ ਪ੍ਰਧਾਨ ਮਾਰਕੀਟ ਕਮੇਟੀ ਫਾਜ਼ਿਲਕਾ, ਨਰਿੰਦਰ ਸਿੰਘ ਸਵਨਾ, ਰਜਿੰਦਰ ਪਾਲ ਸਿੰਘ ਬਰਾੜ ਦੌਲਤਪੁਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media