
ਫਾਜ਼ਿਲਕਾ 1 ਜੂਨ (ਵਨੀਤ ਅਰੋੜਾ) -ਅੱਜ ਵਿਸ਼ਵ ਦੁੱਧ ਦਿਵਸ ਦੇ ਮੌਕੇ ਤੇ ਕਾਰਜਕਾਰੀ ਅਫ਼ਸਰ ਡੇਅਰੀ ਵਿਕਾਸ ਬੀ.ਐਸ. ਗਿੱਲ ਨੇ ਦੱਸਿਆ ਕਿ ਦੁੱਧ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੇ ਮਹੱਤਵ ਤੋਂ ਜਾਣੂੰ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਦੁੱਧ ਨੂੰ ਗਲੋਬਲ ਫੂਡ ਦੇ ਤੌਰ ਤੇ ਕੇਂਦਰਤ ਕਰਕੇ ਵਿਸ਼ਵ ਦੁੱਧ ਦਿਵਸ ਮਨਾਇਆ ਜਾਂਦਾ ਹੈ।ਇਸ ਨਾਲ ਵੱਡੀ ਤਦਾਦ ਵਿਚ ਲੋਕਾਂ ਨੂੰ ਦੁੱਧ ਦੇ ਮਹੱਤਵ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।ਦੁੱਧ ਵਿਚ ਤੰਦਰੁਸਤ ਰਹਿਣ ਲਈ ਜਰੂਰੀ ਪੌਸ਼ਟਿਕ ਤੱਤ ਜੋ ਕਿ ਸਾਡੇ ਸ਼ਰੀਰ ਲਈ ਜਰੂਰੀ ਹਨ ਜਿਵੇਂ ਕਿ ਕੈਲਸ਼ੀਅਮ, ਮੈਗਨੀਸ਼ੀਅਮ, ਜਿੰਕ ਫਾਸਫੋਰਸ, ਆਇਓਡੀਨ, ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਵਿਟਾਮਿਨ ਬੀ, ਰੋਬੋਫਾਲੇਵਿਨ, ਵਿਟਾਮਿਨ ਬੀ 12, ਪ੍ਰੋਟੀਨ, ਥਿੰਦਿਆਈ ਆਦਿ ਹੁੰਦੇ ਹਨ। ਉਨ੍ਹਾਂ ਕਿਹਾ ਕਿ ਦੁੱਧ ਸਾਡੇ ਸ਼ਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਸ ਵਿਚ ਉਚ ਗੁਣਵਤਾ ਦੇ ਪ੍ਰੋਟੀਨ ਹੁੰਦੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਦੁੱਧ ਦਿਵਸ ਲੋਕਾਂ ਨੂੰ ਸੰਤੁਲਿਤ ਖੁਰਾਕ ਲੈਣ ਲਈ ਪ੍ਰੇਰਿਤ ਕਰਨ ਦਾ ਇਕ ਮਹੱਤਵਪੂਰਨ ਦਿਨ ਹੈ।ਉਨ੍ਹਾਂ ਦੁੱਧ ਉਤਪਾਦਕ ਕਿਸਾਨਾਂ ਨੂੰ ਇਸ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਦੁੱਧ ਨੂੰ ਜਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਕਿਵੇਂ ਕਰੀਏ ਸ਼ੁੱਧ ਦੁੱਧ ਦੀ ਪਹਿਚਾਣ
ਸ. ਬੀ.ਐਸ.ਗਿੱਲ ਕਾਰਜਕਾਰੀ ਅਫ਼ਸਰ ਡੇਅਰੀ ਵਿਕਾਸ ਬੋਰਡ ਨੇ ਸ਼ੁੱਧ ਦੁੱਧ ਦੀ ਪਹਿਚਾਣ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਸ਼ੁੱਧ ਦੁੱਧ ਦਾ ਰੰਗ ਸਫੈਦ ਹੁੰਦਾ ਹੈ ਜਦ ਕਿ ਮਿਲਾਵਟੀ ਦੁੱਧ ਵਿਚ ਪੀਲਾਪਣ ਹੁੰਦਾ ਹੈ।ਸ਼ੁੱਧ ਦੁੱਧ ਦਾ ਸੁਆਦ ਮਿੱਠਾ ਹੁੰਦਾ ਹੈ ਜਦ ਕਿ ਮਿਲਾਵਟੀ ਦੁੱਧ ਦਾ ਸੁਆਦ ਕੌੜਾ ਹੁੰਦਾ ਹੈ।ਇਸੇ ਹੀ ਤਰ੍ਹਾਂ ਅੰਗੂਠੇ ਅਤੇ ਉਂਗਲ ਵਿਚ ਰਗੜਨ ਤੇ ਜੇਕਰ ਦੁੱਧ ਗਿਰੀਸ਼ ਜਾਂ ਸਾਬਣ ਵਾਂਗ ਜਾਪੇ ਤਾਂ ਇਹ ਮਿਲਾਵਟ ਦੀ ਨਿਸ਼ਾਨੀ ਹੈ।ਮਿਲਾਵਟੀ ਦੁੱਧ ਦੀ ਇਕ ਹੋਰ ਨਿਸ਼ਾਨੀ ਦੱਸਦਿਆਂ ਕਿਹਾ ਕਿ ਜਿਆਦਾ ਸਮਾਂ ਰੱਖੇ ਜਾਣ ਤੇ ਖਰਾਬ ਨਹੀਂ ਹੁੰਦਾ।ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਦੀ ਸ਼ੁੱਧਤਾ ਜਾਂਚਣ ਲਈ ਇਹ ਤਰੀਕੇ ਆਪਣਾ ਸਕਦੇ ਹਨ।
Punjab Post Daily Online Newspaper & Print Media