ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਲੰਮੇਂ ਸਮੇਂ ਤੋਂ ਅਤਿ ਦੀ ਗਰਮੀ ਨਾਲ ਬੇਹਾਲ ਲੋਕ ਰੱਬ ਅੱਗੇ ਬਾਰਸ਼ ਲਈ ਅਰਦਾਸਾਂ ਕਰ ਰਹੇ ਹਨ। ਪਰ ਨੇੜਲੇ ਪਿੰਡ ਡੱਬਵਾਲੀ ਮਲਕੋ ਕੀ ਵਿੱਚ ਕਿਸੇ ਨੇ ਸੋਚਿਆਂ ਵੀ ਨਹੀਂ ਸੀ ਹੋਣਾ ਕਿ ਮਲੋਟ ਇਲਾਕੇ ਵਿੱਚ ਅੱਜ ਸਵੇਰ ਹੋਈ ਮਾਨਸੂਨ ਦੀ ਇਹ ਪਲੇਠੀ ਬਾਰਸ਼ ਇੱਕ ਗਰੀਬ ਪਰਿਵਾਰ ‘ਤੇ ਕਹਿਰ ਬਣ ਕੇ ਟੁੱਟੇਗੀ।ਜਿੱਥੇ ਪਿੰਡ ਦਿਆਂ ਕਿਸਾਨਾਂ ‘ਤੇ ਚਿਹਰਿਆਂ ‘ਤੇ ਖੇਤਾਂ ਵਿੱਚ ਬਾਰਸ਼ ਨਾਲ ਮਹਿਕ ਉੱਠੀ ਝੋਨੇ ਦੀ ਫਸਲ ਨੂੰ ਵੇਖ ਰੋਣਕ ਆਈ ਸੀ ਉੱਥੇ ਹੀ ਜਦ ਪਿੰਡ ਵਿੱਚ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਸਵੇਰੇ ਲਗਭਗ ਚਾਰ ਵਜੇ ਸ਼ੁਰੂ ਹੋਈ ਬਾਰਸ਼ ਕਾਰਨ ਇੱਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਪੈਣ ਨਾਲ ਉਸ ਹੇਠ ਆਏ ਮਾਂ-ਪੁੱਤ ਦੀ ਮੋਕੇ ‘ਤੇ ਮੌਤ ਹੋ ਗਈ ਹੈ ਤਾਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੋੜ ਗਈ। ਵਾਪਰੀ ਇਸ ਮੰਦਭਾਗੀ ਘਟਨਾ ਬਾਰੇ ਸੁਣਦਿਆਂ ਹੀ ਜੋ ਜਿੱਥੇ ਸੀ ਉਹ ਉਸ ਘਰ ਵੱਲ ਨੂੰ ਭੱਜ ਉੱਠਿਆ। ਪਿੰਡ ਵਾਸੀਆਂ ਨੇ ਰਲ ਮਿਲ ਹੰਬਲਾ ਮਾਰ ਛੱਤ ਹੇਠ ਆਏ ਮੰਦਰ ਸਿੰਘ (5੦) ਪੁੱਤਰ ਸਵ. ਮੁਕੰਦ ਸਿੰਘ ਅਤੇ ਉਸ ਦੀ ਮਾਂ ਦਰਬਾਰ ਕੌਰ (80) ਨੂੰ ਮਲਬੇ ਵਿੱਚੋਂ ਕੱਢਿਆ ਪਰ ਤੱਦ ਤੱਕ ਇਹ ਦੋਨੋਂ ਮਾਂ-ਪੁੱਤਰ ਮੌਤ ਦੇ ਆਗੋਸ਼ ਵਿੱਚ ਸਮਾ ਚੁੱਕੇ ਸਨ।
ਸਵੇਰੇ ਖੇਤ ਪਾਣੀ ਦੀ ਵਾਰੀ ‘ਤੇ ਗਏ ਮਜ੍ਹਬੀ ਸਿੱਖ ਬਿਰਾਦਰੀ ਨਾਲ ਸਬੰਧਤ ਦਿਹਾੜੀਦਾਰ ਸੁੱਖਜਿੰਦਰ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਪਿਤਾ ਦਿਹਾੜੀ ਦੱਪਾ ਕਰਕੇ ਆਪਣੇ ਘਰ ਦਾ ਗੁਜਾਰਾ ਕਰਦੇ ਸਨ।ਉਹ ਸਵੇਰੇ ਜਿੰਮੀਦਾਰ ਦੇ ਖੇਤ ਪਾਣੀ ਦੀ ਵਾਰੀ ‘ਤੇ ਗਿਆ ਸੀ ਤੇ ਉਸ ਦਾ ਪਿਤਾ ਅਤੇ ਦਾਦੀ ਅਜੇ ਘਰ ਸੁੱਤੇ ਪਏ ਸਨ। ਉਸ ਨੇ ਦੱਸਿਆ ਕਿ ਉਸ ਦੀ ਭਾਣਜੀ ਹਰਪ੍ਰੀਤ ਕੌਰ ਜੋਕਿ ਆਪਣੀ ਨਾਨੇ ਨਾਲ ਹੀ ਸੁੱਤੀ ਹੋਈ ਸੀ ਕੁਝ ਸਮਾਂ ਪਹਿਲਾਂ ਹੀ ਉੱਠ ਕੇ ਕਮਰੇ ਚੋਂ ਬਾਹਰ ਗਈ ਸੀ ਤੇ ਉਨ੍ਹਾਂ ਨੂੰ ਉੱਠਣ ਲਈ ਕਹਿ ਰਹੀ ਸੀ। ਪਰ ਹੋਣੀ ਨੂੰ ਕੁਝ ਹੋਰ ਹੀ ਮੰਜੂਰ ਸੀ। 5.15 ਵਜੇ ਦੇ ਲਗਭਗ ਅਚਾਨਕ ਕਮਰੇ ਦੀ ਛੱਤ ਡਿੱਗ ਪਈ।ਛੱਤ ਡਿਗਦਿਆਂ ਹੀ ਘਰ ਵਿੱਚ ਚੀਕ ਚਿਹਾੜਾ ਪੈ ਗਿਆ ਤੇ ਪਿੰਡ ਵਾਸੀ ਇੱਕਠੇ ਹੋ ਗਏ ਜਿਨ੍ਹਾਂ ਨੇ ਉਸ ਦੇ ਪਿਤਾ ਤੇ ਦਾਦੀ ਨੂੰ ਮਲਬੇ ਹੋਠੋਂ ਕੱਢਿਆ ਪਰ ਤੱਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸ ਨੂੰ ਵੀ ਖੇਤ ਬੈਠੇ ਨੂੰ ਹੀ ਇਸ ਦੀ ਜਾਣਕਾਰੀ ਮਿਲੀ ‘ਤੇ ਉਹ ਘਰ ਆਇਆ। ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਛੱਤ ਦਾ ਪਰਨਾਲਾ ਕਿਸੇ ਕਾਰਨ ਬੰਦ ਹੋ ਜਾਣ ਨਾਲ ਛੱਤ ਉੱਪਰ ਪਾਣੀ ਦਾ ਵੱਡਾ ਜਮਵਾੜਾ ਹੋ ਗਿਆ ਤੇ ਉਸ ਪਾਣੀ ਦੇ ਭਾਰ ਨਾਲ ਹੀ ਛੱਤ ਹੇਠਾਂ ਆ ਡਿੱਗੀ।ਅਚਾਨਕ ਵਾਪਰੇ ਇਸ ਕੁਦਰਤੀ ਕਹਿਰ ਦਾ ਸ਼ਿਕਾਰ ਹੋਇਆ ਪਰਿਵਾਰ ਸਰਕਾਰੇ ਦਰਬਾਰੋਂ ਮਦਦ ਦੀ ਗੁਹਾਰ ਲਾ ਰਿਹਾ ਸੀ। ਉੱਧਰ ਮੌਕੇ ‘ਤੇ ਹੀ ਮੌਜੂਦ ਪਿੰਡ ਦੇ ਸਰਪੰਚ ਗੁਰਬਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਇਸ ਮੰਦਭਾਗੀ ਘਟਨਾ ਬਾਰੇ ਤਹਿਸੀਲਦਾਰ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਉਹ ਖੁਦ ਹਰ ਸੰਭਵ ਕੋਸ਼ਿਸ਼ ਕਰਣਗੇ ਕਿ ਇਸ ਪਰਿਵਾਰ ਦੀ ਵੱਧ ਵੱਧ ਆਰਥਿੱਕ ਮਦਦ ਕੀਤੀ ਜਾ ਸਕੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media