Wednesday, June 24, 2026

ਈ.ਜੀ.ਐਸ, ਏ.ਆਈ.ਈ ਅਤੇ ਐਸ.ਟੀ.ਆਰ. ਅਧਿਆਪਕਾਂ ਦੀ ਸੂਬਾ ਪੱਧਰੀ ਰੋਸ ਰੈਲੀ

ਪੁਲਿਸ ਵਲੋਂ ਪ੍ਰਦਸ਼ਨਕਾਰੀ ਅਧਿਆਪਕਾਂ ਦੀ ਖਿੱਚਧੂਹ-ਤਿੰਨ ਵਲੋਂ ਪੁੱਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼

ppn1409201604 ppn1409201605ਬਠਿੰਡਾ, 14 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹੀਦ ਕਿਰਨਜੀਤ ਕੌਰ ਈ.ਜੀ.ਐਸ. ਏ.ਐਸ.ਈ. ਅਤੇ ਐਸ.ਟੀ.ਅਧਿਆਪਕਾਂ ਵਲੋਂ ਆਪਣੇ ਪਹਿਲਾਂ ਕੀਤੇ ਐਲਾਨ ਮੁਤਾਬਕ ਬਠਿੰਡਾ ਵਿਖੇ ਪੱਕਿਆਂ ਕਰਨ ਅਤੇ ਹੋਰ ਮੰਗਾਂ ਸੰਬੰਧੀ ਸੂੁਬਾ ਪੱਧਰੀ ਰੈਲੀ ਕੀਤੀ ਗਈ ਅਤੇ ਬਾਦ ਵਿੱਚ ਆਈ.ਟੀ.ਆਈ. ਚੌਕ ‘ਤੇ ਬਣੇ ਪੁਲ ਨੂੰ ਜਾਮ ਕਰ ਦਿੱਤਾ ਗਿਆ। ਕਰੀਬ 4 ਵਜੇ ਤੋਂ ਲੈ ਕੇ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਅਧਿਆਪਕਾਂ ਵਲੋਂ ਪੁਲ ਤੇ ਜਾਮ ਜਾਰੀ ਸੀ। ਇਸ ਜਾਮ ਨਾਲ ਬਠਿੰਡਾ ਤੋਂ ਮਾਨਸਾ,ਤਲਵੰਡੀ ਸਾਬੋ ,ਡੱਬਵਾਲੀ ਜਾਣ ਅਤੇ ਉਕਤ ਥਾਵਾਂ ਤੋਂ ਬਠਿੰਡਾ ਆਉਣ ਵਾਲਾ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ।ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲਗ ਗਈਆਂ। ਜ਼ਿਕਰਯੋਗ ਹੈ ਕਿ ਬਰਨਾਲਾ-ਬਠਿੰਡਾ ਰੋਡ ਨੂੰ ਚਹੁੰਮਾਰਗੀ ਕੀਤਾ ਜਾ ਰਿਹਾ ਹੈ ਜਿਸ ਕਾਰਨ ਚੰਡੀਗੜ੍ਹ ਤੋਂ ਬਠਿੰਡਾ ਅਤੇ ਬਠਿੰਡਾ ਤੋਂ ਚੰਡੀਗੜ੍ਹ ਜਾਣ ਵਾਲਿਆਂ ਦਾ ਵੀ ਇਹੀ ਰਸਤਾ ਹੈ, ਜਿਸ ਦੇ ਚਲਦਿਆਂ ਇਹ ਜਾਮ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ। ਚੱਕਾ ਜਾਮ ਕਰਨ ਜਾਂਦਿਆਂ ਅਧਿਆਪਕਾਂ ਨੂੰ ਪੁਲਿਸ ਨੇ ਸਥਾਨਕ ਪੁਲਿਸ ਲਾਇਨ ਮੂਹਰੇ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਵਲੋਂ ਅਧਿਆਪਕਾਂ ਦੀ ਖਿੱਚਧੂਹ ਵੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਗਗਨ ਅਬੋਹਰ, ਸੁਖਚੈਨ ਮਾਨਸਾ, ਕਲਵੰਤ ਕੁਮਾਰੀ, ਸਤਵਿੰਦਰ ਫਰੀਦਕੋਟ ਆਦਿ ਨੇ ਆਖਿਆ ਕਿ ਉਹ 2003 ਤੋਂ ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਕੇ ਭਵਿੱਖ ਸੰਵਾਰਨ ਦਾ ਕੰਮ ਕਰ ਰਹੇ ਹਨ ਪਰ ਸਰਕਾਰ ਅਧਿਆਪਕਾਂ ਦਾ ਹੀ ਭਵਿੱਖ ਤਬਾਹ ਕਰਨ ‘ਤੇ ਤੁਲੀ ਹੋਈ ਹੈ। ਅਧਿਆਪਕ ਆਗੂਆਂ ਦਾਵਾ ਕੀਤਾ ਕਿ ਉਨ੍ਹਾਂ ਦੀ ਭਰਤੀ ਪਿਛੋਂ ਸਕੂਲਾਂ ਵਿੱਚ ਪੜ੍ਹਾਈ ਦਾ ਪੱਧਰ ਸੁਧਰਿਆ, ਹੈ ਪਰ ਉਨ੍ਹਾਂ ਨੂੰ ਆਪਣੇ ਰੁਜ਼ਗਾਰ ਲਈ ਸੜਕਾਂ ‘ਤੇ ਰੁਲਣਾ ਪੈ ਰਿਹਾ ਹੈ।ਆਗੂਆਂ ਨੇ ਆਖਿਆਂ ਕਿ ਉਨ੍ਹਾਂ ਵਲੋ ਬੀਤੀ 15 ਅਗਸਤ ਨੂੰ ਬਠਿੰਡਾ ‘ਚ ਗੁਪਤ ਐਕਸ਼ਨ ਦਾ ਪ੍ਰੋਗਰਾਮ ਐਲਾਨਿਆ ਗਿਆ ਸੀ ਪਰ ਪ੍ਰਸ਼ਾਸ਼ਨ ਨੇ ਉਨ੍ਹਾਂ ਦੀ ਜਥੇਬੰਦੀ ਅੱਗੇ ਝੁਕਦਿਆਂ 27 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਦੀ ਮੀਟਿੰਗ ਨਹੀ ਕਰਵਾਈ ਗਈ, ਜਿਸ ਕਾਰਨ ਮਜ਼ਬੂਰੀ ਵੱਸ ਉਨ੍ਹਾਂ ਨੂੰ ਅੱਜ ਸੂਬਾ ਪੱਧਰੀ ਰੋਸ ਰੈਲੀ ਕਰਕੇ ਸੜਕ ਤੇ ਬੈਠਣਾ ਪੈ ਰਿਹਾ ਹੈ। ਆਗੂਆਂ ਨੇ ਆਖਿਆਂ ਕਿ ਸਰਕਾਰ ਨੇ ਉਨ੍ਹਾਂ ਨੂੰ ਪੱਕਿਆਂ ਕਰਨ ਦਾ ਵਾਅਦਾ ਕਰਕੇ ਸਪੈਸ਼ਲ ਈ.ਟੀ.ਟੀ. ਕਰਵਾਈ ਸੀ ਪਰ ਹੁਣ ਸਰਕਾਰ ਵਾਅਦਾ ਖਿਲਾਫ਼ੀ ਕਰ ਰਹੀ ਹੈ। ਦੇਰ ਰਾਤ ਤੱਕ ਧਰਨਾ ਜਾਰੀ ਸੀ। ਐਸ.ਐਸ.ਪੀ ਬਠਿੰਡਾ ਸਵੱਪਨ ਸ਼ਰਮਾ ਧਰਨੇਵਾਲੀ ਥਾਂ ਤੇ ਪੁੱਜੇ ਹੋਏ ਸਨ।ਐਸ.ਐਸ. ਪੀ ਵਲੋਂ ਪੰਜ ਸੂਬਾਈ ਆਗੂਆਂ ਸੁਖਚੈਨ ਮਾਨਸਾ, ਗਗਨ ਅਬੋਹਰ,ਕੁਲਵੰਤ ਕੁਮਾਰੀ ਬਠਿੰਡਾ, ਮੰਗਾ ਸਿੰਘ ਆਜ਼ਾਦ ਫਾਜ਼ਿਲਕਾ ਅਤੇ ਸਤਵਿੰਦਰ ਕੌਰ ਕੋਟਕਪੂਰਾ ਨਾਲ ਮੀਟਿੰਗ ਚੱਲ ਰਹੀ ਸੀ ਜਿਸ ਵਿਚ ਪ੍ਰਸਾਸ਼ਨ ਉਨ੍ਹਾਂ ਦੀ ਪੈਨਲ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਉਣ ਦੀ ਗੱਲ ਆਖ ਰਿਹਾ ਸੀ। ਜਦਕਿ ਅਧਿਆਪਕ ਆਗੂ ਇਸ ਸੰਬੰਧੀ ਲਿਖਤੀ ਭਰੋਸਾ ਮੰਗ ਰਹੇ ਸਨ। ਉਧਰ ਪ੍ਰਸ਼ਾਸ਼ਨ ਵਲੋਂ ਗੱਲ ਨਾ ਸੁਣੇ ਜਾਣ ਦੇ ਰੋਸ ਵਿਚੋਂ ਤਿੰਨ ਅਧਿਆਪਕਾਂ ਸੁਖਵਿੰਦਰ ਸਿੰਘ ਮਲੋਟ, ਗੁਰਜੀਤ ਸਿੰਘ ਬਰਨਾਲਾ ਅਤੇ ਰਾਜਵਿੰਦਰ ਕੌਰ ਮਮਦੋਟ ਨੇ ਪੁਲ ਤੋਂ ਹੇਠਾਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਉਨ੍ਹਾਂ ਦੇ ਅਧਿਆਪਕਾਂ ਨੇ ਬੜੀ ਮੁਸ਼ਕਲ ਨਾਲ ਫੜਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply