ਮੁੱਖ ਮੰਤਰੀ ਬਾਦਲ ਵੱਲੋਂ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ ਸਨਮਾਨਿਤ – ਲੰਗਰ ਵਿਚ ਸੇਵਾ ਕੀਤੀ

ਅੰਮ੍ਰਿਤਸਰ, ੩ ਦਸੰਬਰ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਹਾਰਟ ਆਫ ਏਸ਼ੀਆ ਸਮਾਗਮ ਮੌਕੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਚੇਚੀ ਫੇਰੀ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਜਿੱਥੇ ਦਰਬਾਰ ਸਾਹਿਬ ਦੀ ਪਰਿਕਰਮਾ ਕੀਤੀ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਵੀ ਸੀਸ ਨਿਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਅਫਗਾਨਿਸਤਾਨ ਦੇ ਰਾਸ਼ਟਰਪਤੀ ਜਨਾਬ ਅਸ਼ਰਫ ਗਨੀ, ਰਾਜਪਾਲ ਸ੍ਰੀ ਵੀ.ਪੀ. ਬਦਨੌਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਫੂਡ ਪ੍ਰੋਸੈਸਿੰਗ ਸਨਅਤ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀ ਵੀ.ਕੇ. ਸਿੰਘ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਆਦਿ ਵੀ ਸਨ। ਪ੍ਰਧਾਨ ਮੰਤਰੀ ਨੇ ਕਰੀਬ ੩੫ ਮਿੰਟ ਦਰਬਾਰ ਸਾਹਿਬ ਵਿਚ ਬਿਤਾਏ ਜਿਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮੌਕੇ ਉਨ੍ਹਾਂ ਨੂੰ ਹੈੱਡ ਗ੍ਰੰਥੀ ਵੱਲੋਂ ਸਿਰੋਪਾਓ ਨਾਲ ਨਿਵਾਜ਼ਿਆ ਗਿਆ। ਉਹ 8.15 ਤੋਂ 8.50 ਤੱਕ ਸ੍ਰੀ ਦਰਬਾਰ ਸਾਹਿਬ ਅੰਦਰ ਰਹੇ। ਇਸ ਦੌਰਾਨ ਉਨ੍ਹਾਂ ਨੇ ਲੰਗਰ ਵਿਚ ਸੇਵਾ ਵੀ ਕੀਤੀ। ਉਨ੍ਹਾਂ ਨੂੰ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। 
ਸ੍ਰੀ ਨਰਿੰਦਰ ਮੋਦੀ ਹੈਰੀਟੇਜ਼ ਸਟਰੀਟ ਵਿਚ ਆਪਣੀਆਂ ਕਾਰਾਂ ਦੇ ਕਾਫਲੇ ਨਾਲ ਆਏ ਅਤੇ ਉਨ੍ਹਾਂ ਨੇ ਤਾਜ਼ਾ ਤਬਦੀਲੀ ਅਤੇ ਵਿਰਾਸਤੀ ਦਿੱਖ ਦਾ ਨਜ਼ਾਰਾ ਤੱਕਿਆ। ਦਰਬਾਰ ਸਾਹਿਬ ਅੰਦਰ ਪਰਿਕਰਮਾ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਖੁਸ਼ੀ ਦਾ ਜਲੌਅ ਸੀ। ਆਪਣੀ ਇਸ ਫੇਰੀ ਨੂੰ ਅਲੌਕਿਕ ਅਤੇ ਰੂਹਾਨੀ ਦੱਸਦਿਆਂ ਸ੍ਰੀ ਮੋਦੀ ਨੇ ਦਰਬਾਰ ਸਾਹਿਬ ਦੀ ਵਿਜ਼ਟਰ ਬੁੱਕ ਵਿਚ ‘ਗੁਰੂ ਭੂਮੀ ਕੋ ਸ਼ਤ ਸ਼ਤ ਪ੍ਰਣਾਮ’ ਲਿਖ ਕੇ ਆਪਣੀ ਅੰਤਰੀਵ ਸ਼ਰਧਾ ਪ੍ਰਗਟ ਕੀਤੀ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਦਿਆਂ ਆਪਣੀ ਇਸ ਫੇਰੀ ਨੂੰ ਇਤਿਹਾਸਕ ਕਰਾਰ ਦਿੱਤਾ ਅਤੇ ਅੰਮ੍ਰਿਤਸਰ ਦੀ ਖੂਬਸੂਰਤੀ ਦੀ ਰੱਜ ਕੇ ਤਾਰੀਫ ਕੀਤੀ। ਉਨ੍ਹਾਂ ਨੇ ਵਿਜ਼ਟਰ ਬੁੱਕ ਵਿਚ ‘ਦਾ ਵੰਡਰ ਆਫ ਇਮੈਜੀਨੇਸ਼ਨ’ ਦਾ ਇੰਦਰਾਜ਼ ਕੀਤਾ।ਇਸ ਫੇਰੀ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਅਤੇ ਹੋਰ ਕੌਮਾਂਤਰੀ ਆਗੂਆਂ ਨੂੰ ਪੰਜਾਬੀ ਸਭਿਆਚਾਰ ਅਤੇ ਧਾਰਮਿਕ ਵਿਰਸੇ ਤੋਂ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ਵ ਪੱਧਰ ‘ਤੇ ਆਪਣੀ ਵੱਖਰੀ ਪਛਾਣ ਵਾਲੇ ਇਸ ਪਵਿੱਤਰ ਸ਼ਹਿਰ ਨੂੰ ਖੂਬਸੂਰਤ ਵਿਰਾਸਤੀ ਦਿੱਖ ਪ੍ਰਦਾਨ ਕਰਨ ਲਈ ਉਨ੍ਹਾਂ ਨੇ ਦਿਨ-ਰਾਤ ਮਿਹਨਤ ਕੀਤੀ। ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆਉਂਦੀ ਹੈਰੀਟੇਜ਼ ਸਟਰੀਟ ਦੀ ਦਿੱਖ ਸੰਵਾਰਨ ਲਈ ੧੬੦ ਕਰੋੜ ਰੁਪਏ ਦੀ ਲਾਗਤ ਨਾਲ ਆਸੇ-ਪਾਸੇ ਵਾਲੀਆਂ ਸਾਰੀਆਂ 170 ਇਮਾਰਤਾਂ ਨੂੰ ਪੁਰਾਤਨ ਦਿੱਖ ਦਿੱਤੀ ਗਈ ਹੈ।ਇਸ ਰਸਤੇ ਦੀ ਬਦਲੀ ਨੁਹਾਰ ਪੰਜਾਬ ਦੇ ਕਲਾ ਅਤੇ ਵਿਰਾਸਤ ਦੀ ਗਵਾਹੀ ਖੁਦ ਭਰਦੀ ਹੈ ਅਤੇ ਸ਼ਹਿਰ ਦਾ ਪ੍ਰਸਿੱਧ ਫੁਹਾਰਾ ਚੌਕ ਜਿਥੇ ਕਦੇ ਇੰਗਲੈਂਡ ਦੀ ਰਾਣੀ ਵਿਕਟੋਰੀਆ ਦਾ ਬੁੱਤ ਅੰਗਰੇਜ਼ ਸਰਕਾਰ ਵਲੋਂ ਲਗਾਇਆ ਗਿਆ ਸੀ, ਉਥੇ ਹੁਣ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਜਿਨ੍ਹਾਂ ਦਾ ਰਾਜ ਧਰਮ ਨਿਰਪੱਖਤਾ, ਭਾਈਚਾਰਕ ਸਾਂਝ ਅਤੇ ਤਰੱਕੀ ਦਾ ਗਵਾਹ ਹੈ।ਉਨ੍ਹਾਂ ਕਿਹਾ ਕਿ ਇਸ ਹੈਰੀਟੇਜ ਸਟਰੀਟ ਵਿਚ ਵਿਚਰਦਿਆਂ ਤੁਹਾਨੂੰ 18ਵੀਂ ਸਦੀ ਦੀ ਯਾਦ ਆ ਜਾਂਦੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਕੇ.ਜੇ.ਐਚੀਮਾ, ਉੱਪ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਐਸ.ਔਜਲਾ, ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਪੁਲਿਸ ਕਮਿਸ਼ਨਰ ਲੋਕ ਨਾਥ ਆਂਗਰਾ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ, ਐਸਜੀਪੀਸੀ ਦੇ ਸਕੱਤਰ ਅਮਰਜੀਤ ਸਿੰਘ ਚਾਵਲਾ, ਮੁੱਖ ਸਕੱਤਰ ਹਰਚਰਨ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media