ਐਡੀਟਰ ਦੀ ਡਾਕ………..
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ ਕਰਦੇ ਹੋਏ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਉਸ ਨੁਕਤੇ ਨੂੰ ਮਲੇਰੀਏ ਬੁਖ਼ਾਰ ਨਾਲ ਜੋੜ ਕੇ ਕੀਤੀ ਵਿਅੰਗਮਈ ਟਿੱਪਣੀ ਜਿਸ ਵਿੱਚ ਕਾਂਗਰਸ ਵੱਲੋਂ ਚਾਰ ਹਫ਼ਤੇ ਵਿੱਚ ਪੰਜਾਬ ਅੰਦਰੋਂ ਨਸ਼ਾ ਖਤਮ ਕਰਨ ਦੀ ਗੱਲ ਕਹੀ ਹੈ।ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਪਾਰਟੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਖ਼ਰੀ ਨਹੀਂ ਉਤਰਦੀ ਉਸ ਪਾਰਟੀ ਦੀ ਮਾਨਤਾ ਰੱਦ ਹੋਣੀ ਚਾਹੀਦੀ ਹੈ। ਇਹ ਦੋਨੋਂ ਹੀ ਵਿਅੰਗਮਈ ਟਿੱਪਣੀਆਂ ਇੱਕ ਉੱਚ ਅਹੁੱਦੇ `ਤੇ ਬਿਰਾਜਮਾਨ ਅਤੇ ਸਿਆਸਤ ਦੇ ਬਾਬਾ ਬੋਹੜ ਦੇ ਮੂੰਹੋਂ ਬਿਲਕੁੱਲ ਨਹੀਂ ਜਚੀਆਂ, ਕਿਉਂਕਿ ਇਸ ਨਾਲ ਸਾਫ਼ ਜਾਹਰ ਹੁੰਦਾ ਹੈ ਕਿ ਮੁੱਖ ਮੰਤਰੀ ਸਾਹਿਬ ਹੁਣ ਆਪ ਮੰਨ ਗਏ ਹਨ ਕਿ ਬੀਤੇ 10 ਸਾਲਾਂ ਦੇ ਉਨ੍ਹਾਂ ਦੇ ਰਾਜ ਦੌਰਾਨ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਇੰਨੀਂ ਗਲ਼ਤਾਨ ਹੋ ਚੁੱਕੀ ਹੈ ਕਿ ਚਾਰ ਹਫ਼ਤੇ ਤਾਂ ਕੀ, ਆਉਂਦੇ ਚਾਰ ਸਾਲਾਂ ਵਿੱਚ ਆਪਣੇ ਪੈਰਾਂ ਤੇ ਖੜ੍ਹੀ ਨਹੀਂ ਹੋ ਸਕਦੀ।
ਦੂਸਰੀ ਟਿੱਪਣੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਉਨ੍ਹਾਂ ਦੀ ਆਪਣੀ ਪਾਰਟੀ ਆਪਣੇ ਪਿਛਲੇ ਚੋਣ ਮਨੋਰਥ ਪੱਤਰ ਤੇ ਕਿੰਨੀ ਕੁ ਖ਼ਰੀ ਉਤਰੀ ਹੈ? ਹਾਂ ਇੱਕ ਗੱਲ ਤਾਂ ਸ. ਬਾਦਲ ਸੱਚੀ ਕਹਿ ਗਏ `ਜੇਕਰ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਕਿਹੜਾ ਸਜ਼ਾ ਹੋਣ ਲੱਗੀ ਹੈ`।ਇਨ੍ਹਾਂ ਸਾਰੇ ਵਿਅੰਗਾਂ ਤੋਂ ਸਾਫ਼ ਜਾਹਰ ਹੋ ਗਿਆ ਹੈ ਕਿ ਅੱਜ ਦੀ ਰਾਜਨੀਤੀ ਲੋਕ ਸੇਵਾ ਨਹੀਂ, ਬਲਕਿ ਬਿਜ਼ਨਸ ਬਣ ਗਈ ਹੈ।ਰਾਜਨੀਤਕ ਪਾਰਟੀਆਂ ਦਾ ਮੁੱਖ ਮਕਸਦ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਫਸਾ ਕੇ ਲੁੱਟਣਾ ਤੇ ਕੁੱਟਣਾ ਹੀ ਹੈ।ਇਨ੍ਹਾਂ ਦਾ ਮਨੋਰਥ ਵੋਟਾਂ ਵੇਲੇ ਆਮ ਲੋਕਾਂ ਨਾਲ ਵਾਅਦੇ ਜੋ ਮਰਜੀ ਕਰੋ ਜਾਓ, ਪੁਗਾਓ ਚਾਹੇ ਕੋਈ ਵੀ ਨਾ।ਇਸ ਤੋਂ ਇਲਾਵਾ ਕੋਈ ਵੀ ਰਾਜਨੀਤਕ ਪਾਰਟੀ ਆਪਣੇ ਚੋਣ ਮਨੋਰਥ ਵਿੱਚ ਇਹ ਕਦੀ ਵੀ ਲਿਖਦੀ ਕਿ ਜੇਕਰ ਆਮ ਲੋਕਾਂ ਦਾ ਚੁਣਿਆ ਨੇਤਾ ਉਨ੍ਹਾਂ ਦੀਆਂ ਇਛਾਵਾਂ `ਤੇ ਪੂਰਾ ਨਹੀਂ ਉਤਰੇਗਾ, ਤਾਂ ਉਸ ਨੂੰ ਵਾਪਸ ਬੁਲਾਉਣ ਦਾ ਹੱਕ ਜਨਤਾ ਕੋਲ ਹੋਵੇਗਾ ਜਾਂ ਉਹ ਨੇਤਾ ਖੁਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਵੇਗਾ।ਸੋ ਇਸ ਵਾਰ ਪੰਜਾਬ ਦੇ ਵੋਟਰਾਂ ਨੂੰ ਇਹ ਗੱਲ ਆਪਣੇ ਧਿਆਨ ਰੱਖਕੇ ਵੋਟ ਪਾਉਣੀ ਪਵੇਗੀ ਕਿ ਉਹ ਸਹੀ ਅਤੇ ਨਿਰਪੱਖ ਨੇਤਾ ਦੀ ਚੋਣ ਕਰਨ।ਇਨ੍ਹਾਂ ਰਾਜਸੀ ਨੇਤਾਵਾਂ ਦੇ ਲੋਕ ਭਰਮਾਊ ਜੁਮਲਿਆਂ ਵਿੱਚ ਨਾ ਆਉਣ।ਹੁਣ ਇਹ ਦੇਖਣਾ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਜਿੱਤਣਗੇ ਜਾਂ ਫਿਰ ਮੁੜ ਲੋਕਾਂ ਨੂੰ ਆਪਣੇ ਭਰਮ ਜਾਲ ਵਿੱਚ ਭਰਮਾਉਣ ਵਾਲੇ ਨੇਤਾ।
ਐਡੀਟਰ ਨੂੰ ਡਾਕ ਭੇਜਣ ਵਾਲੇ…….
ਇੰਦਰਜੀਤ ਸਿੰਘ ਕੰਗ, ਕੋਟਲਾ ਸਮਸ਼ਪੁਰ
(ਸਮਰਾਲਾ) ਜ਼ਿਲ੍ਹਾ ਲੁਧਿਆਣਾ
ਮੋਬਾ: 98558-82722
Punjab Post Daily Online Newspaper & Print Media