ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਅੰਮ੍ਰਿਤਸਰ ਵਿਕਾਸ ਮੰਚ ਨੇ ਕੇਂਦਰ ਸਰਕਾਰ ਵੱਲੋਂ ਆਲ ਇੰਡੀਆ ਇਨਸਟਿਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਨੂੰ ਅੰਮ੍ਰਿਤਸਰ ਵਿਚ ਵੀ ਲਾਉਣ ਦੀ ਮੰਗ ਕੀਤੀ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਲਿਖੇ ਪੱਤਰ ਵਿਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ 2 ਅਪ੍ਰੈਲ 2014 ਨੂੰ ਮੌਜੂਦਾ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਜੋ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸਨ ਨੇ ਕਿਹਾ ਸੀ ਕਿ ਅੰਮ੍ਰਿਤਸਰ ਲਈ ਸਿਹਤ ਸੇਵਾਵਾਂ ਲਈ ਬਹੁਤ ਕੁਝ ਕਰਨ ਦੀ ਲੋੜ ਹੈ ।
ਉਨ੍ਹਾਂ ਦਾ ਇਹ ਵੀ ਮੰਨਣਾ ਸੀ ਕਿ ਚੰਗੀਆਂ ਸਿਹਤ ਸੇਵਾਵਾਂ ਲਈ ਦੇਸ਼ ਭਰ ਵਿਚ ਏਮਜ਼ ਖੋਲਣ ਦੀ ਜਰੂਰਤ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਪੰਜਾਬ ਵਿਚ ਏਮਜ਼ ਲਾਉਣ ਲਈ ਸਭ ਤੋਂ ਵਧੀਆ ਸਥਾਨ ਅੰਮ੍ਰਿਤਸਰ ਹੈ ਕਿਉਂਕਿ ਇਥੇ ਮੈਡੀਕਲ ਕਾਲਜ ਸਭ ਤੋਂ ਪੁਰਾਣਾ ਹੈ ।ਅਰੁਣ ਜੇਤਲੀ ਨੇ ਆਪਣੇ ਵਾਅਦੇ ਅਨੁਸਾਰ ਏਮਜ਼ ਤਾਂ ਪੰਜਾਬ ਨੂੰ ਦੇ ਦਿੱਤਾ ਪਰ ਪੰਜਾਬ ਸਰਕਾਰ ਨੇ ਇਸ ਨੂੰ ਅੰਮ੍ਰਿਤਸਰ ਦੀ ਥਾਂ `ਤੇ ਬੀਬੀ ਹਰਸਿਮਰਤਕੌਰ ਬਾਦਲ ਦੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਇਸ ਨੂੰ ਬਠਿੰਡੇ ਲਾ ਦਿੱਤਾ ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 25 ਨਵੰਬਰ2016 ਇਸ ਦਾ ਬਠਿੰਡੇ ਨੀਂਹ ਪੱਥਰ ਨੂੰ ਰਖ ਕੇ ਅੰਮ੍ਰਿਤਸਰ ਨਾਲ ਵਿਸ਼ਵਾਸਘਾਤ ਕੀਤਾ।ਅਰੁਣ ਜੇਤਲੀ ਵਲੋਂ ਹੁਣ ਪੇਸ਼ ਕੀਤੇ ਗਏ ਬਜਟ ਵਿਚ ਗੁਜਰਾਤ ਅਤੇ ਝਾੜਖੰਡ ਵਿਚ ਨਵੇਂ ਏਮਜ਼ ਖੋਲਣ ਦਾ ਐਲਾਨ ਕੀਤਾ ਗਿਆ ਹੈ ।
ਮੰਚ ਆਗੂ ਨੇ ਲੋਕ ਸਭਾ ਦੀ ਚੋਣ ਲੜ੍ਹ ਰਹੇ ਅਕਾਲੀ-ਭਾਜਪਾ ਉਮੀਦਵਾਰ ਰਜਿੰਦਰਮੋਹਨ ਸਿੰਘ ਛੀਨਾ , ਮਾਝੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਅਕਾਲੀ-ਭਾਜਪਾ ਉਮੀਦਵਾਰਾਂ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰ ਸਰਕਾਰ `ਤੇ ਇਸ ਸਬੰਧੀ ਆਪਣਾ ਦਬਾਅ ਪਾ ਕੇ ਅੰਮ੍ਰਿਤਸਰ ਵਿਚ ਵੀ ਏਮਜ਼ ਸਥਾਪਤ ਕਰਵਾਉਣ ਤਾਂ ਜੋ ਸਮੁਝੇ ਮਾਝੇ ਦੇ ਲੋਕਾਂ ਨੂੰ ਚੰਡੀਗੜ੍ਹ ਪੀ.ਜੀ.ਆਈ ਇਲਾਜ ਕਰਵਾਉਣ ਨਾ ਜਾਣਾ ਪਵੇ।ਇਸ ਨਾਲ ਗੁਆਂਢੀ ਰਾਜਾਂ ਜਿਵੇਂ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਨੂੰ ਵੀ ਲਾਭ ਹੋਵੇਗਾ। ਵਿਦੇਸ਼ਾਂ ਤੋਂ ਵੀ ਲੋਕ ਇਲਾਜ ਕਰਵਾਉਣ ਆਉਣਗੇ ਕਿਉਂਕਿ ਅੰਮ੍ਰਿਤਸਰ ਵਿਖੇ ਅੰਤਰ-ਰਾਸ਼ਟਰੀ ਹਵਾਈ ਅੱਡਾ ਹੈ, ਜਿੱਥੋਂ ਵਿਦੇਸ਼ਾਂ ਨੂੰ ਸਿੱਧੀਆਂ ਉਡਾਣਾਂ ਜਾਂਦੀਆਂ ਹਨ। ਇਸ ਨਾਲ ਹੋਟਲ ਉਦਯੋਗ ਨੂੰ ਵੀ ਤੇ ਸੈਰ ਸਪਾਟਾ ਉਦਯੋਗ ਨੂੰ ਵੀ ਲਾਭ ਹੋਵੇਗਾ ਤੇ ਪੰਜਾਬ ਦੀ ਆਰਥਕ ਅਵਸਥਾ ਵੀ ਬਿਹਤਰ ਹੋਵੇਗੀ।
Punjab Post Daily Online Newspaper & Print Media