ਭਿੱਖੀਵਿੰਡ, 6 ਫਰਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਅਨੋਖੇ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਗੁਰਦੁਆਰਾ ਸਹੀਦਾਂ ਸਾਹਿਬ ਅੰਮ੍ਰਿਤਸਰ ਤੋਂ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਜੀ ਦੇ ਜਨਮ ਅਸਥਾਨ ਗੁ: ਪਹੁਵਿੰਡ ਸਾਹਿਬ ਪੁੱਜਾ।
ਸੰਗਤਾਂ ਆਪੋ ਆਪਣੇ ਵਾਹਣਾਂ ਅਤੇ ਕਈ ਸ਼ਰਧਾਲੂ ਰੇਹੜੇ ਘੋੜੇ, ਘੜੂਕੇ, ਬੱਸਾਂ, ਟਰੱਕਾਂ ਤੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਸਕੂਟਰ ਤੇ ਮੋੇਟਰ ਸਾਈਕਲਾਂ `ਤੇ ਸਵਾਰ ਹੋ ਕੇ ਸ਼ਾਮਲ ਹੋਏ।ਸੰਗਤਾਂ ਨੇ ਨਗਰ ਕੀਰਤਨ ਦੌਰਾਨ ਝੂਲਦੇ ਹੋਏ ਕੇਸਰੀ ਤੇ ਨੀਲੇ ਨਿਸ਼ਾਨ ਵਾਹਣਾਂ `ਤੇ ਲਹਿਰਾਏ, ਜਦਕਿ ਕਈਆਂ ਨੇ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਲਾ ਕੇ ਨਗਰ ਕੀਰਤਨ ਵਿੱਚ ਹਾਜਰੀ ਭਰੀ। ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਆਪਣੇ ਜੋਹਰ ਵਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਾਨ ਵਿੱਚ ਸ਼ਾਮਲ ਸੰਗਤਾਂ ਲਈ ਰਸਤੇ ਵਿੱਚ ਥਾਂ ਥਾਂ ਸ਼ਰਧਾਲੂਆਂ ਵਲੌਂ ਬੇਅੰਥ ਤਰਾਂ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ ਅਤੇ ਸੇਵਾਦਾਰਾਂ ਨੇ ਸੰਗਤਾਂ ਨੂੰ ਰੋਕ ਰੋਕ ਕੇ ਬੜੇ ਹੀ ਉਤਸ਼ਾਹ ਨਾਲ ਸੇਵਾ ਵਿੱਚ ਹਿੱਸਾ ਪਾਇਆ।ਜਨਮ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੁਵਿੰਡ ਵਿਖੇ ਮੱਥਾ ਟੇਕਣ ਉਪਰੰਤ ਸੰਗਤਾਂ ਨੇ ਵਾਪਸ ਅੰਮ੍ਰਿਤਸਰ ਵੱਲ ਚਾਲੇ ਪਾਏ।
Punjab Post Daily Online Newspaper & Print Media