Sunday, February 1, 2026

‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’

ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ –

ਗੁਰੂ ਨਾਨਕ ਸਾਹਿਬ ਆਪਣੀ ਬਾਣੀ ’ਚ ਕੁਦਰਤ ਬਾਰੇ ਬੇਅੰਤ ਵਾਰੀ ਲਿਖਿਆ ਹੈ।ਕੁਦਰਤ ਦੀ ਅਨਮੋਲ ਸੌਗਾਤ ‘ਪਾਣੀ ਦਾ ਅਸਲ ਸੁਆਦ ਸਾਇਦ ਕੋਈ ਨਹੀ ਜਾਣਦਾ।ਪਰ ਇਹ ਸਭ ਨੂੰ ਪਤਾ ਹੈ ਕਿ ਪਾਣੀ ਦੇ ਸੁਆਦ ਤੋਂ ਬਿਨਾਂ ਜੀਵਨ ਦਾ ਕੋਈ ਵਜੂਦ ਨਹੀ ਰਹਿ ਜਾਂਦਾ।ਪਾਣੀ ਦਾ ਜੀਵਨ ਨਾਲ ਅਟੁੱਟ ਰਿਸ਼ਤਾ ਹੈ, ਪਰ ਮਨੁੱਖੀ ਲਾਲਸਾ ਪਾਣੀ ਦੀ ਸਰਵਉਚਤਾ ਤੋਂ ਮੂੰੁਹ ਮੋੜਦੀ ਹੋਈ ਇਸ ਨੂੰ ਨੁਕਸਾਨ ਪਹੰੁਚਾ ਰਹੀ ਹੈ।ਨਤੀਜਨ ਅੱਜ ਸਾਡੀ ਜਿੰਦਗੀ ਦਾਅ ’ਤੇ ਲੱਗੀ ਹੋਈ ਹੈ।ਸਰੀਰ ਦੀ ਰਚਨਾ ਕਰਨ ਵਾਲੇ ਪੰਜ ਤੱਤਾਂ ਵਿਚੋਂ ਪਾਣੀ ਇੱਕ ਅਹਿਮ ਤੱਤ ਹੈ।ਜਿਸ ਦਾ ਸਬੰਧ ਮਨੁੱਖ ਦੇ ਜਨਮ ਤੋਂ ਮਰਨ ਤੱਕ ਹੀ ਨਹੀ ਸਗੋਂ ਮੌਤ ਤੋਂ ਬਾਦ ਵੀ ਨਿਭਦਾ ਹੈ।ਪਾਣੀ ਸਮੁੱਚੀ ਮਨੁੱਖੀ ਹੋਂਦ ਦਾ ਵਰਤਾਰਾ ਚਲਾ ਰਿਹਾ ਹੈ।ਹਾਈਡ੍ਰੋਜ਼ਨ ’ਤੇ ਆਕਸ਼ੀਜਨ ਦਾ ਸੁਮੇਲ ਪਾਣੀ ਨਾ ਕੇਵਲ ਮਨੁੱਖੀ ਜੀਵਨ ਪ੍ਰਣਾਲੀ ਦਾ ਹੀ ਬੁਨਿਆਦੀ ਆਧਾਰ ਹੈ, ਬਲਕਿ ਸਮੁੱਚੀ ਵਾਤਾਵਰਨਿਕ ਜੀਵਨ ਪ੍ਰਣਾਲੀ ਦੀ ਸਲਾਮਤੀ ਵੀ ਪਾਣੀ ’ਤੇ ਹੀ ਨਿਰਭਰ ਹੈ।ਮਨੁੱਖ ਦੇ ਨਿੱਕੇ ਤੋਂ ਨਿੱਕੇ ਘਰੇਲੂ ਕਾਰ ਵਿਹਾਰ ਤੋਂ ਲੈ ਬਿਜਲੀ ਪੈਦਾ ਕਰਨ ਤੱਕ ਦੇ ਵੱਡੇ ਪੱਧਰ ਤੱਕ ਪਾਣੀ ਦੀ ਸਾਰਥਿਕਤਾ ਬਣੀ ਹੋਈ ਹੈ।ਕੁਦਰਤ ਨੇ ਸਾਨੂੰ ਝੀਲਾਂ, ਨਦੀਆਂ, ਨਹਿਰਾਂ, ਸਮੁੰਦਰਾਂ, ਮਹਾਂਸਾਗਰਾਂ ਆਦਿ ਦੇ ਰੂਪ ਵਿੱਚ ਪਾਣੀ ਦੇ ਭੰਡਾਰਾਂ ਦੀ ਅਥਾਹ ਬਖ਼ਸ਼ਿਸ਼ ਕੀਤੀ ਹੈ।ਮੀਂਹ ਦਾ ਪਾਣੀ ਤਾਂ ਸਮੁੱਚੀ ਜੀਵਨ ਪ੍ਰਣਾਲੀ ਲਈ ਵਰਦਾਨ ਹੋ ਨਿਬੜਦਾ ਹੈ।ਬੇਸ਼ੱਕ ਕੁੱਲ ਧਰਤੀ ਦਾ 71ਪ੍ਰਤੀਸ਼ਤ ਹੈ, ਪਰ ਸਾਫ਼ ਸੁਥਰੇ ਤੇ ਪੀਣਯੋਗ ਪਾਣੀ ਦੀ ਸਮੱਸਿਆ ਅਜੋਕੇ ਸਮੇਂ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ।ਅਸੀਂ ਆਪਣੇ ਨਿੱਜੀ ਸੁਆਰਥਾਂ ਦੀ ਖਾਤਰ ਅੱਜ ਪਾਣੀ ਦੇ ਸੋਮਿਆਂ ਨਾਲ ਖਿਲਵਾੜ ਕਰਦੇ ਹੋਏ ਇਨਾਂ ਨੂੰ ਦੂਸ਼ਤ ਕਰਨ ’ਤੇ ਤੁਲੇ ਹੋਏ ਹਾਂ।ਪ੍ਰਦੂਸ਼ਣ ਦੇ ਪੱਖੋਂ ਅੱਜ ਸਭ ਤੋਂ ਖ਼ਤਰਨਾਕ ਸਥਿਤੀ ਪਾਣੀ ਦੇ ਸ਼ੋਤਾਂ ਦੀ ਹੈ।ਸਾਫ਼ ਪਾਣੀ ਦੀ ਉਪਲੱਬਧਤਾ ਹੁਣ ਇੱਕ ਸਹੂਲਤ ਦੀ ਬਜਾਏ ਸਮੱਸਿਆ ਬਣ ਕੇ ਰਹਿ ਗਈ ਜਾਪਦੀ ਹੈ।ਏਨਾ ਹੀ ਨਹੀ ਧਾਰਮਿਕ ਸਥਾਨਾਂ ’ਤੇ ਉਪਲੱਬਧ ਪਾਣੀ ਦੇ ਸੋਮੇ ਜੋ ‘ਪਵਿੱਤਰਤਾ’ ਦਾ ਪ੍ਰਤੀਕ ਹਨ, ਉਨਾਂ ਵਿੱਚ ਵੀ ਆਪਣੀ ਸ਼ਰਧਾਮਈ ਬਿਰਤੀ ਅਧੀਨ ਕੁਝ ਅਜਿਹੇ ਖ਼ਤਰਨਾਕ ਪਦਾਰਥ ਵਹਾ ਦਿੰਦੇ ਹਾਂ ਜਿਨਾਂ ਰਾਹੀਂ ਉਸ ਪਵਿੱਤਰ ਪਾਣੀ ਵਿੱਚ ਵੀ ਪ੍ਰਦੂਸ਼ਤ ਹੋਣ ਦੇ ਆਸਾਰ ਨਜ਼ਰੀ ਪੈਣ ਲੱਗਦੇ ਹਨ।ਦਰਿਆਈ ਪਾਣੀਆਂ ’ਤੇ ਹੋਰਨਾਂ ਜਲ-ਇਕਾਈਆਂ ਦਾ ਦੂਸ਼ਤ ਹੋਣਾ ਗੰਭੀਰ ਚਿੰਤਾਵਾਂ ’ਤੇ ਚੁਣੌਤੀਆਂ ਦਾ ਵਿਸ਼ਾ ਬਣ ਚੁੱਕਾ ਹੈ।
ਪੰਜ+ਆਬ (ਪੰਜਾਬ) ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਪਾਣੀ ਵੰਡੇ ਜਾਣ ਦੇ ਨਾਲ ਨਾਲ ਪ੍ਰਦੂਸ਼ਤ ਹੋਣ ‘ਤੇ ਖ਼ਤਮ ਹੋਦ ਦੀ ਤਾਦਾਦ ਤੱਕ ਪਹੰੁਚੇ ਹੋਏ ਹਨ। ਇਸ ਪੰਜਾਂ ਪਾਣੀਆਂ ਦੀ ਧਰਤੀ ’ਤੇ ਵੀ ਸਾਫ਼ ਸੁਥਰੇ ਪੀਣਯੋਗ ਪਾਣੀ ਦੀ ਕਮੀ ਰੜਕਦੀ ਹੈ ’ਤੇ ਸਾਫ਼ ਪਾਣੀ ਮੁੱਲ ਵਿਕਣ ਲੱਗਾ ਹੈ।ਧਰਤੀ ਹੇਠਲੇ ਪਾਣੀ ਦਾ ਦਿਨੋਂ ਦਿਨ ਨੀਵਾ ਹੋ ਰਿਹਾ ਪੱਧਰ ਘੋਰ ਚਿੰਤਾ ਦਾ ਵਿਸ਼ਾ ਹੈ।ਖੇਤਬਾੜੀ ਜੋ ਸਾਡੇ ਦੇਸ਼ ਦਾ ਮੁੱਖ ਕਿੱਤਾ ਹੈ ਅਤੇ ਜਿਸ ਦੀ ਖੁਸ਼ਹਾਲੀ ਪਾਣੀ ਦੀ ਉਚਿੱਤ ਪੂਰਤੀ ’ਤੇ ਆਧਾਰਤ ਹੈ ਅੱਜ ਚੌਰਾਹੇ ’ਤੇ ਖੜੀ ਹੈ।ਜਿਸ ਦਾ ਕਾਰਨ ਕੁਦਰਤ ਨਹੀ ਅਸੀਂ ਖੁਦ ਹਾਂ।ਜਦੋਂ ਕੋਈ ਕੁਦਰਤ ਨਾਲ ਖਿਲਵਾੜ ਕਰਦਾ ਹੈ ਤਾਂ ਕੁਦਰਤ ਸਿੱਧੇ ਜਾਂ ਅਸਿੱਧੇ ਢੰਗ ਨਾਲ ਬਦਲਾ ਜਰੂਰ ਲੈਂਦੀ ਹੈ।ਵਰਖਾ ਹੁਣ ਵਰਦਾਨ ਨਹੀ ਬਲਕਿ ਬੇਮੌਸਮੀ ਵਰਖਾ ਨਾ ਸਿਰਫ਼ ਫ਼ਸਲਾਂ ਬਲਕਿ ਸਮੁੱਚੀ ਜੀਵਨ ਪ੍ਰਣਾਲੀ ਨੂੰ ਵੀ ਪ੍ਰਭਾਵਿਤ ਕਰਕੇ ਰੱਖ ਦਿੰਦੀ ਹੈ।ਪਾਣੀ ਦੇ ਖ਼ਤਮ ਹੋਣ ’ਤੇ ਪ੍ਰਦੂਸ਼ਤ ਹੋਣ ਕਾਰਨ ਨਾ ਸਿਰਫ਼ ਮਨੁੱਖ ਜਾਤੀ ਸਗੋਂ ਪਸ਼ੂ-ਪੰਛੀਆਂ ਦੀ ਸਿਹਤ ਸਬੰਧੀ ਗੰਭੀਰ ’ਤੇ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ।ਜਿੰਨਾਂ ਦਾ ਕੋਈ ਉਚਿੱਤ ਹੱਲ ਨਹੀ ਲੱਭਦਾ ਅਤੇ ਜੇਕਰ ਲੱਭਦਾ ਹੈ ਤਾਂ ਆਮ ਲੋਕਾਂ ਦੀ ਪਹੰੁਚ ਤੋਂ ਬਾਹਰ ਹੰੁਦਾ ਹੈ।ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਅਤੇ ਨਾਲ ਹੀ ਕਈ ਮਾਨਸਿਕ ਰੋਗ ਵੀ ਉਪਜਦੇ ਹਨ।ਸੜਕਾਂ, ਗਲੀਆਂ ’ਚ ਫਿਰਦੇ ਬੇਸਹਾਰਾ ਪਸੂ ਜਿੰਨਾਂ ਨੂੰ ਅਵਾਰਾ ਦਾ ਨਾਮ ਦਿੱਤਾ ਜਾਂਦਾ ਹੈ।ਪਾਣੀ ਦੀ ਕਮੀ ਜਾਂ ਪ੍ਰਦੂਸ਼ਤ ਪਾਣੀ ਪੀਣ ਕਾਰਨ ਆਪਣਾ ਦਮ ਤੋੜ ਦਿੰਦੇ ਹਨ।ਮਨੁੱਖ ਉਦਯੋਗਿਕ ਵਿਕਾਸ ਤਾਂ ਕਰ ਚੁੱਕਾ ਹੈ, ਪਰ ਇਨਸਾਨੀਅਤ ਪੱਖੋਂ ਹੀਣਾ ਹੋ ਗਿਆ ਹੈ। ਉਦਯੋਗਾਂ ਦੀ ਤੇਜ਼ਾਬੀ ਰਹਿੰਦ-ਖੰੂਹਦ, ਖੇਤਾਂ ਦਾ ਕੀਟਨਾਸਕ ਮਾਦਾ ਪਾਣੀ ਦੇ ਸ੍ਰੋਤਾਂ ਵਿੱਚ ਮਿਲਣ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ।ਪਾਣੀ ਨੂੰ ਵਿਅਰਥ ਗੁਆਉਣਾ ਜਾਂ ਬੇਲੋੜੀ ਵਰਤੋਂ ਪਾਣੀ ਦੀ ਘਾਟ ਦਾ ਕਾਰਨ ਬਣਦਾ ਹੈ।ਪਾਣੀ ਦੀ ਸਾਲਾਨਾ ਮੰਗ ਵਧੇਰੇ ਹੈ, ਪਰ ਉਪਲੱਬਧੀ ਓਨੀ ਹੋ ਨਹੀ ਪਾਉਂਦੀ।ਪਾਣੀ ਦੀ ਮਾਤਰਾ ਦੀ ਘਾਟ ਨਿੱਤ ਦਿਨ ਗੰਭੀਰ ਹੰੁਦੀ ਜਾ ਰਹੀ ਹੈ।ਦੇਖਿਆ ਜਾਵੇ ਤਾਂ ਪਾਣੀ ਦੀ ਸਮੱਸਿਆ ਕਿਸੇ ਇੱਕ ਦੀ ਨਹੀ ਸਗੋਂ ਸਾਡੀ ਸਭ ਦੀ ਸਾਂਝੀ ਹੈ, ਸਿਰਫ਼ ਸਰਕਾਰਾਂ ਦੀ ਹੀ ਨਹੀ ਬਲਕਿ ਸਾਡਾ ਸਭ ਦਾ ਫਰਜ਼ ਬਦਦਾ ਹੈ ਕਿ ਇਸ ਸਮੱਸਿਆ ਨੂੰ ਨਜਿੱਠਣ ਲਈ ਵਿਅਕਤੀਗਤ ਤੌਰ ’ਤੇ ਸਾਂਝੇ ਤੇ ਸਹਿਕਾਰੀ ਯਤਨਾਂ ਨਾਲ ਯੋਗਦਾਨ ਪਾਈਏ।ਪਾਣੀ ਦੀ ਸੰਜਮ ਨਾਲ ਵਰਤੋਂ, ਪਾਣੀ ਦੀ ਵਿਅਰਥ ਬਰਬਾਦੀ ਤੋਂ ਰੋਕ, ਘਰੇਲੂ ਪਾਣੀ ਦੀ ਆਮਦ ’ਤੇ ਨਿਕਾਸ ਦਾ ਉਚਿੱਤ ਪ੍ਰਬੰਧ ਅਤੇ ਇਸ ਨੂੰ ਸਿੰਚਾਈ ਲਈ ਵਰਤਣਾ ਜਾਂ ਹੋਰ ਪੁਨਰ ਵਰਤੋਂ ਅਤੇ ਪਾਣੀ ਦੇ ਸੋਮਿਆਂ ਨੂੰ ਦੂਸ਼ਤ ਪਾਣੀ ਦੀ ਸੁਧਾਈ ਦਾ ਕਾਰਜ ਵੱਡੇ ਪੱਧਰ ’ਤੇ ਲੈਣਾ ਚਾਹੀਦਾ ਹੈ ਤਾਂ ਕਿ ਆਮ ਵਰਗ ਦੇ ਹਿੱਸੇ ਵੀ ਸਾਫ਼ ਸੁਥਰਾ ਪਾਣੀ ਆ ਸਕੇ।
ਸੋ, ਇਹ ਸਾਡਾ ਫਰਜ ਹੈ ਕਿ ਪਾਣੀ ਦੀ ਸਰਵਉੱਚਤਾ ਨੂੰ ਸਮਝਦੇ ਹੋਏ ਇਸ ਦੇ ਸੋਮਿਆਂ ਨਾਲ ਖਿਲਵਾੜ ਨਾ ਕਰੀਏ, ਕਿੳਂਕਿ ਜੇਕਰ ਪਾਣੀ ਹੈ ਤਾਂ ਜੀਵਨ ਹੈ, ਖੁਸ਼ਹਾਲੀ ਹੈ ਅਤੇ ਹਰਿਆਲੀ ਹੈ।

Avtar Kainth2

 ਅਵਤਾਰ ਸਿੰਘ ਕੈਂਥ
ਮੋ -9356200120
ਬਠਿੰਡਾ

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply