Tuesday, September 8, 2026

ਹਰਮਿੰਦਰ ਸਿੰਘ ਦੇ ਦੋਸ਼ ਝੂਠੇ ਤੇ ਬੇਬੁਨਿਆਦ ਹਨ- ਜਥੇਦਾਰ

ਲੋੜ ਪਈ ਤਾਂ ਜਾਂਚ ਕਰਵਾਵਾਂਗੇ- ਸ੍ਰ. ਮੱਕੜ

PPN240627

 

ਅੰਮ੍ਰਿਤਸਰ 24  ਜੂਨ (ਜਸਬੀਰ ਸਿੰਘ) – ਰਿਸ਼ਵਤ, ਲੜਾਈ ਝਗੜੇ, ਘੱਪਲਿਆਂ, ਘੁਟਾਲਿਆਂ ਤੇ ਗੁੰਡਾਗਰਦੀ ਦੇ ਕੇਸਾਂ ਵਿੱਚ ਉਲਝੀ ਰਹਿਣ ਵਾਲੀ ਸ਼੍ਰੋਮਣੀ ਕਮੇਟੀ ਦੇ ਇੱਕ ਅਧਿਕਾਰੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਚੱਲ ਰਹੇ ਇੱਕ ਕੇਸ ਵਿੱਚੋਂ ਬਰੀ ਕਰਾਉਣ ਲਈ ਰਿਸ਼ਵਤ ਵਜੋਂ 50 ਹਜਾਰ ਲਏ, ਪਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਉਸ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਉਪਰੰਤ ਜਦੋਂ ਇਸ ਰਿਸ਼ਵਤਖੋਰ ਅਧਿਕਾਰੀ ਦਾ ਭਾਂਡਾ ਚੁਰਾਹੇ ਵਿੱਚ ਫੁੱਟਿਆ ਤਾਂ ਸਬੰਧਿਤ ਅਧਿਕਾਰੀ ਨੇ ਆਪਣਾ ਬਚਾਅ ਕਰਦਿਆ ਇਸ ਨੂੰ ਉਸ ਦੇ ਖਿਲਾਫ ਸਾਜ਼ਿਸ਼ ਦੱਸਿਆ, ਪਰ ਠੋਸ ਸਬੂਤਾਂ ਕਾਰਨ ਉਸ ਦਾ ਬਚਾਅ ਕਿਸੇ ਵੀ ਸੂਰਤ ਵਿੱਚ ਹੁੰਦਾ ਨਜਰ ਨਹੀ ਆ ਰਿਹਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸਾਬਕਾ ਨਿੱਜੀ ਸਹਾਇਕ ਤੇ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਦੇ ਸੁਪਰਵਾਈਜਰ ਇੰਦਰਮੋਹਨ ਸਿੰਘ ਵੱਲੋਂ ਬੰਗਲੌਰ ਨਿਵਾਸੀ ਹਰਿਮੰਦਰ ਸਿੰਘ ਕੋਲੋ ਸ੍ਰੀ ਅਕਾਲ ਤਖਤ ਸਾਹਿਬ ‘ਤੇ ਚੱਲਦੇ ਕੇਸ ਨੂੰ ਖਤਮ ਕਰਾਉਣ ਲਈ 50 ਹਜਾਰ ਰੁਪਏ ਰਿਸ਼ਵਤ ਲੈਣ ਸਬੰਧੀ ਲੱਗੇ ਕਥਿਤ ਦੋਸ਼ਾਂ ਦਾ ਦਿੱਤਾ ਗਿਆ ਸਪੱਸ਼ਟੀਕਰਨ ਗਲੇ ਥੱਲੇ ਉਤਰਨ ਵਾਲਾ ਨਹੀ ਹੈ।ਫਿਰ ਵੀ ਇੰਦਰਮੋਹਨ ਨੇ ਕਿਹਾ ਕਿ ਉਸ ਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਜਾ ਰਿਹਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਇੰਦਰਮੋਹਨ ਸਿੰਘ ਨੇ ਕਿਹਾ ਕਿ ਡਾ: ਹਰਮਿੰਦਰ ਸਿੰਘ ਦਾ 12 ਅਪ੍ਰੈਲ 2012 ਨੂੰ ਚਰਿਤਰਹੀਣਤਾ ਦਾ ਕੇਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਿਆ, ਦਫ਼ਤਰ ਇੰਚਾਰਜ਼ ਹੋਣ ਦੇ ਨਾਤੇ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਆਦੇਸ਼ ਅਨੁਸਾਰ ਟੈਲੀਫੋਨ ਅਤੇ ਚਿੱਠੀ ਪੱਤਰ ਰਾਹੀਂ ਹਰਿਮੰਦਰ ਸਿੰਘ ਨਾਲ ਸੰਪਰਕ ਬਣਾ ਕੇ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣਾ ਪੱਖ ਪੇਸ਼ ਕਰਨ ਲਈ ਜਾਣਕਾਰੀ ਦਿੱਤੀ ਸੀ। ਡਾ: ਹਰਮਿੰਦਰ ਸਿੰਘ 18 ਮਈ 2012 ਨੂੰ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਇਆ, ਜਿਥੇ ਉਸ ਨੇ ਆਪਣੇ ਵੱਲੋਂ ਹੋਈ ਇਸ ਬੱਜ਼ਰ ਭੁੱਲ ਨੂੰ ਸਵੀਕਾਰਦੇ ਹੋਏ ਖਿਮਾਂ ਯਾਚਨਾ ਕੀਤੀ ਤੇ ਉਹ ਕਾਫੀ ਪਛਤਾਇਆ।ਜਥੇਦਾਰ ਜੀ ਨੇ ਇਹ ਮਸਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਰੱਖਵਾ ਦਿੱਤਾ ਅਤੇ ਇਸ ਨੂੰ ਭਵਿੱਖ ਵਿਚ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਹਾਜ਼ਰ ਹੋਣ ਦੇ ਆਦੇਸ਼ ਦਿੱਤੇ।
ਇੰਦਰਮੋਹਨ ਸਿੰਘ ਨੇ ਕਿਹਾ ਕਿ ਪੇਸ਼ ਹੋਣ ਤੋਂ ਬਾਅਦ ਹਰਮਿੰਦਰ ਸਿੰਘ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਕੋਲ ਜੋ ਪੈਸੇ ਸਨ ਉਹ ਖ਼ਰਚੇ ਗਏ ਹਨ ਅਤੇ ਉਸ ਨੂੰ ਪੰਜਾਹ ਹਜਾਰ ਰੁਪਏ ਦੀ ਸਖਤ ਜ਼ਰੂਰਤ ਹੈ। ਇੰਦਰਮੋਹਨ ਨੇ ਕਿਹਾ ਕਿ ਉਸ ਨੇ ਇਨਸਾਨੀਅਤ ਦੇ ਨਾਤੇ ਉਸ ਦੀ ਮਦਦ ਕਰਨੀ ਚਾਹੀ ਅਤੇ ਉਸ ਨੇ 40  ਹਜਾਰ ਰੁਪਏ ਆਪਣੇ ਕਿਸੇ ਸੱਜਣ ਕੋਲੋਂ ਉਧਾਰੇ ਫੜੇ ਤੇ ਦਸ ਹਜਾਰ ਉਸ ਦੇ ਪਾਸ ਸਨ ਅਤੇ ਕੁੱਲ 50 ਹਜ਼ਾਰ ਰੁਪਏ ਦੇ ਦਿੱਤੇ ਜਿਹੜੇ ਹਰਮਿੰਦਰ ਸਿੰਘ ਨੇ ਉਸ ਪੰਜ ਪੰਜ ਦਸ ਦਸ ਹਜਾਰ ਕਰਕੇ ਵਾਪਸ ਕੀਤੇ।
ਉਸ ਨੇ ਕਿਹਾ ਕਿ ਹਰਮਿੰਦਰ ਸਿੰਘ ਨੇ ਉਸ ਨੂੰ ਹੁਣ ਤੱਕ 45 ਹਜਾਰ ਰੁਪਏ ਵਾਪਸ ਕੀਤੇ ਹਨ ਅਤੇ ਹੁਣ ਉਹ ਸਾਜ਼ਿਸ਼ ਰਚ ਕੇ ਉਸ ਨੂੰ ਬਲੈਕਮੇਲ ਕਰ ਰਿਹਾ ਹੈ। ਉਸ ਨੇ ਕਿਹਾ ਕਿ ਜਦੋ 15 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਹਰਿਮੰਦਰ ਸਿੰਘ ਨੂੰ ਤਨਖਾਹੀਆ ਘੋਸ਼ਿਤ ਕੀਤਾ ਗਿਆ ਹੈ ਤਾਂ ਉਸ ਨੇ ਝੂਠੇ ਤੇ ਨਿਰਮੂਲ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਕਿ ਉਸ ਨੇ ਜਥੇਦਾਰ ਸਾਹਿਬ ਨੂੰ ਇੰਦਰਮੋਹਨ ਰਾਹੀ ਰਿਸ਼ਵਤ ਦਿੱਤੀ ਹੈ।ਜਦਂੋ ਉਸ ਨੂੰ ਪੁੱਛਿਆ ਗਿਆ ਕਿ ਅੱਜ ਦੇ ਜ਼ਮਾਨੇ ਵਿੱਚ ਹਰੇਕ ਵਿਅਕਤੀ ਦੀ ਜੇਬ ਵਿੱਚ ਬੈਂਕ ਦੇ ਏ.ਟੀ.ਐਮ ਦਾ ਕਾਰਡ ਪਿਆ ਹੁੰਦਾ ਹੈ ਅਤੇ ਹਰਮਿੰਦਰ ਸਿੰਘ ਇੱਕ ਅਮੀਰ ਵਿਅਕਤੀ ਹੈ, ਉਸ ਨੂੰ ਪੰਜਾਹ ਹਜ਼ਾਰ ਉਸ ਕੋਲੋ ਮੰਗਣ ਦੀ ਕੀ ਲੋੜ ਪੈ ਗਈ? ਇਸ ਸਵਾਲ ਦਾ ਇੰਦਰਮੋਹਨ ਕੋਈ ਵੀ ਸਾਰਥਿਕ ਜਵਾਬ ਨਹੀ ਦੇ ਸਕਿਆ । ਜਿਸ ਤੋਂ ਸ਼ੱਕ ਪੈਦਾ ਹੈ ਕਿ ਦਾਲ ਵਿੱਚ ਕੁੱਝ ਕਾਲਾ ਜਰੂਰ ਹੈ। ਇਸ ਸਬੰਧੀ ਜਦੋਂ ਜਿਸ ਵਿਅਕਤੀ ਕੋਲੋ ਇੰਦਰਮੋਹਨ ਉਧਾਰੇ ਪੈਸੇ ਲੈਣ ਦੀ ਗੱਲ ਜੋੜ ਰਿਹਾ ਹੈ, ਜਦੋਂ ਉਸ ਨਾਲ ਰਾਬਤਾ ਕਾਇਮ ਕੀਤਾ ਤਾਂ ਉਸ ਨੇ ਕਿਹਾ ਕਿ ਇੰਦਰਮੋਹਨ ਦਾ ਬੇਟਾ ਉਸ ਦਾ ਦੋਸਤ ਹੈ ਤੇ ਜਦੋਂ ਉਹ ਸੰਨ 2011 ਵਿੱਚ ਇੰਦਰਮੋਹਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਦਫਤਰ ਵਿੱਚ ਮਿਲਣ ਗਿਆ ਤਾਂ ਉਹ ਬਹੁਤ ਘਬਰਾਇਆ ਹੋਇਆ ਸੀ। ਉਸ ਨੇ ਕਿਹਾ ਕਿ ਜਦੋ ਉਸ ਨੇ ਇੰਦਰਮੋਹਨ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ 40 ਰੁਪਏ ਦੀ ਸਖਤ ਜਰੂਰਤ ਹੈ ਤਾਂ ਉਸ ਨੇ ਆਪਣੇ ਸਹੁਰੇ ਕੋਲੋ 40 ਹਜਾਰ ਰੁਪਏ ਇੰਦਰਮੋਹਨ ਨੂੰ ਲੈ ਕੇ ਦਿੱਤੇ ਤੇ ਪੈਸੇ ਦੇਣ ਵਾਲਿਆਂ ਨੇ ਇਸ ਦੀ ਲਿਖਤ ਪੜਤ ਵੀ ਕੀਤੀ। ਉਸ ਵਿਅਕਤੀ ਜਿਸ ਦਾ ਨਾਮ ਓਂਕਾਰ ਸਿੰਘ ਨੇ ਦੱਸਿਆ ਕਿ ਇੰਦਰਮੋਹਨ ਨੇ ਉਹਨਾਂ ਨੂੰ ਹਰਿਮੰਦਰ ਸਿੰਘ ਨੂੰ ਪੈਸੇ ਦੇਣ ਦਾ ਕੋਈ ਜ਼ਿਕਰ ਨਹੀ ਕੀਤਾ ਜਦ ਕਿ ਹਰਮਿੰਦਰ ਸਿੰਘ ਦਾ ਮਾਮਲਾ ਤਾਂ 2012 ਦਾ ਹੈ।
ਇਸੇ ਤਰਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰਮਿੰਦਰ ਸਿੰਘ ਵੱਲੋ ਉਹਨਾਂ ਤੇ ਰਿਸ਼ਵਤ ਦੇ ਲਗਾਏ ਜਾ ਰਹੇ ਦੋਸ਼ ਪੂਰੀ ਤਰ੍ਹਾ ਝੂਠੇ ਤੇ ਨਿਰਮੂਲ ਹਨ ਕਿਉਕਿ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਬੱਜਰ ਗਲਤੀ ਕਰਨ ਦੋ ਦੋਸ਼ ਵਿੱਚ ਤਨਖਾਹੀਆ ਘੋਸ਼ਿਤ ਕੀਤਾ ਗਿਆ ਹੈ ਜਿਸ ਕਰਕੇ ਉਹ ਹੁਣ ਦੋਸ਼ ਲਗਾ ਕੇ ਸੱਚਾ ਹੋਣ ਦੀ ਫਿਰਾਕ ਵਿੱਚ ਹੈ। ਜਦੋਂ ਉਹਨਾਂ ਨੂੰ ਇੰਦਰਮੋਹਨ ਸਿੰਘ ਨੂੰ ਬੈਂਕ ਦੇ ਚੈਕਾਂ ਦੁਆਰਾ ਅਦਾਇਗੀ ਕਰਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਇੰਦਰਮੋਹਨ ਦਾ ਹਰਮਿੰਦਰ ਸਿੰਘ ਨਾਲ ਜਾਤੀ ਮਾਮਲਾ ਹੈ ਤੇ ਇਸ ਦੀ ਜੇਕਰ ਸ਼ਿਕਾਇਤ ਪੁੱਜੇਗੀ ਤਾਂ ਸ਼੍ਰੋਮਣੀ ਕਮੇਟੀ ਆਪਣੇ ਪੱਧਰ ਤੇ ਜਾਂਚ ਕਰਵਾ ਲਵੇਗੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਹਰਿਮੰਦਰ ਸਿੰਘ ਤਾਂ ਪੰਜਾਹ ਹਜਾਰ ਹੋਰ ਵੀ ਦੇਣ ਬਾਰੇ ਕਹਿ ਰਿਹਾ ਹੈ ਤਾਂ ਜਥੇਦਾਰ ਜੀ ਕਿਹਾ ਕਿ ਉਹ ਜੱਟ ਜਿੰਮੀਦਾਰ ਹੈ ਤੇ ਉਸ ਦੀ ਆਪਣੀ ਜ਼ਮੀਨ ਜਾਇਦਾਦ ਹੈ ਅਤੇ ਉਹਨਾਂ ਦੇ ਦੋ ਬੇਟੇ ਕਮਾਈ ਕਰਦੇ ਹਨ ਇਸ ਲਈ ਉਹਨਾਂ ਨੂੰ ਕਿਸੇ ਵੀ ਗਰਜ ਦੀ ਲੋੜ ਨਹੀ ਹੈ। ਉਹਨਾਂ ਕਿਹਾ ਕਿ ਹਰਮਿੰਦਰ ਸਿੰਘ ਨੂੰ ਤਨਖਾਹੀਆ ਕਰਾਰ ਦੇਣ ਉਪਰੰਤ ਹੀ ਉਸ ਨੇ ਦੋਸ਼ ਲਗਾਉਣੇ ਕਿਉ ਸ਼ੁਰੂ ਕੀਤੇ?  ਉਹਨਾਂ ਕਿਹਾ ਕਿ ਜੇਕਰ ਉਹ ਹੁਣ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਤਨਖਾਹ ਨਹੀ ਲਗਵਾਉਦਾ ਤਾਂ ਉਸ ਵਿਰੁੱਧ ਮਰਿਆਦਾ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਜਿਹੜੇ ਖੁਦ ਆਪਣੀਆਂ ਗੱਡੀਆਂ ਦੇ ਪੈਟਰੋਲ ਦੀ ਹੋਈ ਲੁੱਟ-ਘਸੁੱਟ ਦੇ ਮਾਮਲੇ ਵਿੱਚ ਫਸੇ ਹੋਏ ਹਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲੇ ਮਾਮਲੇ ਦੀ ਕੋਈ ਵੀ ਜਾਣਕਾਰੀ ਨਹੀ ਹੈ ਤੇ ਉਹ ਪੁੱਛਗਿੱਛ ਕਰਨਗੇ ਤਾਂ ਲੋੜ ਪਈ ਤਾਂ ਪੜਤਾਲ ਕਰਵਾਈ ਜਾਵੇਗੀ।
ਇਸੇ ਤਰ੍ਹਾ ਡਾਂ ਹਰਮਿੰਦਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਇੱਕ ਵਾਰੀ ਫਿਰ ਰਿਸ਼ਵਤ ਦੇ ਸੰਗੀਨ ਦੋਸ਼ ਲਗਾਉਦਿਆ ਕਿਹਾ ਕਿ ਇੰਦਰਮੋਹਨ ਜਥੇਦਾਰਾਂ ਦੀ ਦਲਾਲਗਿਰੀ ਕਰਦਾ ਹੈ ਤੇ ਜਥੇਦਾਰ ਵੀ ਰਿਸ਼ਵਤ ਲੈ ਕੇ ਫੈਸਲੇ ਕਰਾਉਣ ਦਾ ਦਾਅਵਾ ਕਰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਕੇਸ ਅਦਾਲਤ ਵਿੱਚ ਚੱਲਦਾ ਹੈ ਤੇ ਅਦਾਲਤ ਦੇ ਕੇਸ ਨੂੰ ਕਦੇ ਵੀ ਅਕਾਲ ਤਖਤ ਸਾਹਿਬ ‘ਤੇ ਵਿਚਾਰਿਆ ਨਹੀ ਜਾ ਸਕਦਾ। ਉਸ ਨੇ ਕਿਹਾ ਕਿ ਜਥੇਦਾਰ ਨੂੰ ਉਹ ਜਿੰਨਾ ਚਿਰ ਤੱਕ ਰਿਸ਼ਵਤ ਦਿੰਦਾ ਰਿਹਾ ਤਾਂ ਉਸ ਨੇ ਕੋਈ ਕਾਰਵਾਈ ਨਹੀ ਕੀਤੀ ਤੇ ਜਦੋ ਜਥੇਦਾਰ ਨੇ ਉਸ ਕੋਲੋ ਪੰਜ ਲੱਖ ਦੀ ਮੰਗ ਰੱਖ ਦਿੱਤੀ ਤਾਂ ਉਹ ਇਹ ਮੰਗ ਪੂਰੀ ਕਰਨ ਤੋ ਅਸਮੱਰਥ ਸੀ ਅਤੇ ਉਸ ਨੇ ਪੰਜ ਲੱਖ ਰਿਸ਼ਵਤ ਦੋਣ ਤੋਂ ਇਨਕਾਰ ਕਰਨ ਉਪਰੰਤ ਹੀ ਉਸ ਵਿਰੁੱਧ ਕਾਰਵਾਈ ਕੀਤੀ ਗਈ ਹੈ। ਉਸ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਪੂਰਾ ਪੂਰਾ ਸਤਿਕਾਰ ਕਰਦਾ ਹੈ, ਪਰ ਗਿਆਨੀ ਗੁਰਬਚਨ ਸਿੰਘ ਦੇ ਸਾਹਮਣੇ ਉਹ ਕਦੇ ਵੀ ਪੇਸ਼ ਨਹੀ ਹੋਵੇਗਾ। ਉਸ ਨੇ ਕਿਹਾ ਕਿ ਉਹ ਪੰਜਾਂ ਜਥੇਦਾਰਾਂ ਤੇ ਇੰਦਰਮੋਹਨ ਸਿੰਘ ਨੂੰ ਕਰਨਾਟਕਾ ਦੀਆ ਅਦਾਲਤਾਂ ਵਿੱਚ ਘਸੀਟੇਗਾ ਤੇ ਇਸ ਸਬੰਧ ਵਿੱਚ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਣਕਾਰੀ ਦੇ ਦਿੱਤੀ ਹੈ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply