ਭਗਤੀ ਕਰਨ ਨਾਲ ਹੀ ਗੁਰੂ ਦੀ ਖੁਸ਼ੀ ਮਿਲਦੀ ਹੈ- ਭਾਈ ਗੁਰਇਕਬਾਲ ਸਿੰਘ

ਅੰਮ੍ਰਿਤਸਰ, 25 ਜੂਨ (ਪ੍ਰੀਤਮ ਸਿੰਘ)- ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਸਥਾ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ‘350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ’ ਦਾ ਛੇਵਾਂ ਅਰਦਾਸ ਸਮਾਗਮ 28 ਜੂਨ ਨੂੰ ਦਿੱਲੀ ਵਿਖੇ ਹੋਵੇਗਾ। ਇਹ ਜਾਣਕਾਰੀ ਭਲਾਈ ਕੇਂਦਰ ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਜੀ ਨੇ ਦਿੱਤੀ।ਭਾਈ ਸਾਹਿਬ ਨੇ ਦੱਸਿਆ ਕਿ ਟਰੱਸਟ ਵੱਲੋਂ ਚਲਾਈ ਜਾ ਰਹੀ ਪੰਜਵੀਂ ਲਹਿਰ 350 ਸਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ, ਜੋ ਕਿ 2017 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ ਅਵਤਾਰ ਦਿਹਾੜੇ ਨੂੰ ਸਮਰਪਿੱਤ ਹੈ। ਇਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਗੁਰੂ ਜੀ ਦੀਆਂ ਖੁਸ਼ੀਆਂ ਲੈਣ ਲਈ ਵਾਹਿਗੁਰੂ ਸਿਮਰਨ, ਜਪੁ ਜੀ ਸਾਹਿਬ ਜੀ ਦੇ ਪਾਠ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ਼ ਪਾਠਾਂ ਦੀਆਂ ਹਾਜ਼ਰੀਆਂ ਲਗਾ ਰਹੀਆਂ ਹਨ। ਇੰਨਾਂ ਪਾਠਾਂ ਦੀ ਅਰਦਾਸ ਇਸ ਵਾਰ 28 ਜੂਨ ਸ਼ਨੀਵਾਰ ਨੂੰ ਗੁ. ਸ੍ਰੀ ਗੁਰੂ ਸਿੰਘ ਸਭਾ, ਗ੍ਰੇਟਰ ਕੈਲਾਸ਼ 1 , ਪਹਾੜੀ ਵਾਲਾ, ਨਵੀਂ ਦਿੱਲੀ ਵਿਖੇ ਹੋਵੇਗੀ। ਇਸ ਦੌਰਾਨ ਸ਼ਾਮ 7 ਤੋਂ 12 ਵਜੇ ਤੱਕ ਵਿਸ਼ੇਸ਼ ਗੁਰਮਤਿ ਸਮਾਗਮ ਵੀ ਹੋਣਗੇ, ਜਿਸ ਵਿੱਚ ਸੰਤ ਸ਼ਾਹ ਅਵਤਾਰ ਸਿੰਘ, ਸਿੰਘ ਸਾਹਿਬ ਗਿ. ਰਣਜੀਤ ਸਿੰਘ (ਹੈਡ ਗ੍ਰੰਥੀ ਗੁ. ਸ੍ਰੀ ਬੰਗਲਾ ਸਾਹਿਬ), ਸਿੰਘ ਸਾਹਿਬ ਗਿ. ਹੇਮ ਸਿੰਘ (ਹੈਡ ਗ੍ਰੰਥੀ ਗੁ. ਸੀਸ ਗੰਜ ਸਾਹਿਬ ਜੀ) ਭਾਈ ਸਤਿੰਦਰ ਸਿੰਘ ਭਾਈ ਹਰਵਿੰਦਰ ਸਿੰਘ ਦਿੱਲੀ ਵਾਲੇ, ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਜਸਵਿੰਦਰ ਸਿੰਘ ਸਿਵਲ ਲਾਈਨ ਅੰਮ੍ਰਿਤਸਰ, ਭਾਈ ਗੁਰਨਾਮ ਸਿੰਘ ਦੀਦਾਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਹਰਵਿੰਦਰ ਪਾਲ ਸਿੰਘ ਲਿਟਲ, ਮਾਤਾ ਵਿਪਨਪ੍ਰੀਤ ਕੌਰ ਲੁਧਿਆਣਾ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਭਾਈ ਸਾਹਿਬ ਜੀ ਨੇ ਕਿਹਾ ਕਿ ਸਿੰਘ ਸਾਹਿਬ ਗਿ. ਗੁਰਬਚਨ ਸਿੰਘ (ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ) ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਦਰਸ਼ਨ ਕਰਣਗੇ। ਇਹ ਸਾਰਾ ਸਮਾਗਮ ਐਮ.ਐਚ. 1 ਅਤੇ ਚੜਦੀ ਕਲਾ ਟਾਈਮ ਟੀ.ਵੀ. ਤੋਂ ਲਾਈਵ ਪ੍ਰਕਾਸ਼ਿਤ ਕੀਤਾ ਜਾਵੇਗਾ। ਭਾਈ ਸਾਹਿਬ ਜੀ ਵੱਲੋਂ ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਵੱਲੋਂ ਕੀਤਾ ਗਿਆ ਜਪ-ਤਪ 28 ਜੂਨ ਸ਼ਾਮ 5-00 ਵਜੇ ਤੱਕ ਆਪ ਜੀ ਨੂੰ ਦਿੱਤੇ ਗਏ ਨੰਬਰਾਂ ਤੇ ਲਿਖਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ। ਭਾਈ ਸਾਹਿਬ ਜੀ ਨੇ ਕਿਹਾ ਕਿ ਜਪੁ-ਤਪੁ ਕਰਨ ਨਾਲ ਹੀ ਗੁਰੂ ਜੀ ਦੀ ਖੁਸ਼ੀ ਮਿਲਦੀ ਹੈ। ਭਾਈ ਸਾਹਿਬ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਪਰੋਕਤ ਉਪਰਾਲਾ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਬਾਬਾ ਹਰਭਜਨ ਸਿੰਘ ਨਾਨਕਸਰ, ਬਾਬਾ ਸੁਖਦੇਵ ਸਿੰਘ (ਭੁੱਚੋਂ ਕਲਾਂ) ਅਤੇ ਸਮੂੰਹ ਸਿੰਘ ਸਾਹਿਬਾਨ, ਸੰਤ ਮਹਾਂਪੁਰਸ਼ਾਂ ਦੀਆਂ ਅਸੀਸਾਂ ਅਤੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਹੋ ਰਿਹਾ ਹੈ। ਸਮੂੰਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ।
Punjab Post Daily Online Newspaper & Print Media