ਸੰਦੌੜ, 5 ਮਈ (ਹਰਮਿੰਦਰ ਸਿੰਘ ਭੱਟ) –
ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਅਣਥੱਕ ਯੋਧੇ ਭਾਈ ਦਇਆ ਸਿੰਘ ਲਹੌਰੀਆ ਜੋ ਕਿ ਅੱਜਕਲ ਤਿਹਾੜ ਜੇਲ ਨਵੀਂ ਦਿੱਲੀ ਚ ਬੰਦ ਹਨ,ਦੀ ਧਰਮ ਪਤਨੀ ਸ੍ਰੀਮਤੀ ਕਮਲਜੀਤ ਕੌਰ ਨੂੰ ਭਾਈ ਸਾਹਿਬ ਦੇ ਢਹਿ ਚੁੱਕੇ ਮਕਾਨ ਦੀ ਉਸਾਰੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਦੇ ਅੰਤਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਹਨ, ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਅੱਜ ਕਸਬਾ ਭਰਾਲ ਵਿਖੇ ਭਾਈ ਸਾਹਿਬ ਦੇ ਘਰ ਪੁੱਜ ਕੇ ਭੇਟ ਕੀਤਾ ਗਿਆ।ਇਸ ਸਮੇਂ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੁਰਜੀਤ ਸਿੰਘ ਕਾਲਾਬੂਲਾ ਨੇ ਦੱਸਿਆ ਕਿ ਉਨਾਂ ਵੱਲੋਂ ਇਸ ਸਬੰਧੀ ਕਮੇਟੀ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਤੋਂ ਭਾਈ ਲਹੌਰੀਆ ਦੇ ਢਹਿ ਚੁੱਕੇ ਮਕਾਨ ਦੀ ਮੁੜ ਉਸਾਰੀ ਲਈ ਪੰਜ ਲੱਖ ਰੁਪਏ ਦੀ ਮਾਲੀ ਮਦਦ ਦੀ ਮੰਗ ਕੀਤੀ ਗਈ ਸੀ ਤੇ ਉਨਾਂ ਚੋਂ ਇੱਕ ਲੱਖ ਰੁਪਏ ਦਾ ਚੈਕ ਉਹ ਅੱਜ ਲੈ ਕੇ ਆਏ ਹਨ ਤੇ ਬਾਕੀ ਦੀ ਰਕਮ ਵੀ ਜਲਦੀ ਹੀ ਭੈਣ ਕਮਲਜੀਤ ਕੌਰ ਨੂੰ ਦੇਵਾਂਗੇ।ਇਸ ਸਮੇਂ ਭਾਈ ਲਹੌਰੀਆ ਦੀ ਪਤਨੀ ਸ਼੍ਰੀਮਤੀ ਕਮਲਜੀਤ ਕੌਰ ਨੇ ਦੱਸਿਆ ਕਿ ਉਨਾਂ ਕਦੇ ਵੀ ਕੋਈ ਮਾਲੀ ਮਦਦ ਦੀ ਗੁਹਾਰ ਨਹੀਂ ਲਗਾਈ, ਪਰ ਸੁਰਜੀਤ ਸਿੰਘ ਕਾਲਾਬੂਲਾ ਵਲੋਂ ਆਪਣੇ ਤੌਰ ਹੀ ਇਹ ਸਹਾਇਤਾ ਲਿਆਂਦੀ ਗਈ ਹ,ੈ ਜਿਸ ਦਾ ਉਹ ਧੰਨਵਾਦ ਕਰਦੇ ਹਨ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ. ਕੇਵਲ ਸਿੰਘ ਸਹੋਤਾ, ਬਾਬਾ ਨਿਰਮਲ ਸਿੰਘ, ਗੁਰਜੀਤ ਸਿੰਘ ਕਸਬਾ ਭਰਾਲ, ਜਸਵੀਰ ਸਿੰਘ ਫਰਵਾਲੀ, ਜੀਤ ਸਿੰਘ ਬਾਜਵਾ ਅਤੇ ਜਸਪਾਲ ਸਿੰਘ ਚੀਮਾ ਹਾਜ਼ਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media