ਸੰਦੌੜ, 5 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਕਹਿੰਦੇ ਹਨ ਜਦੋਂ ਕਿਸੇ ਚੰਗੇ ਮਕਸਦ ਨੂੰ ਲੈ ਕੇ ਕੋਈ ਇਨਸਾਨ ਤੁਰਦਾ ਹੈ ਤਾਂ ਕਦੋਂ ਕਾਫ਼ਲਾ ਬਣ ਜਾਂਦਾ ਹੈ ਪਤਾ ਵੀ ਨਹੀਂ ਚੱਲਦਾ ਕੁਛ ਅਜਿਹਾ ਹੀ ਹੋਇਆ ਹੈ ਜਿਲਾ ਸੰਗਰੂਰ ਦੇ ਪਿੰਡ ਪੰਜਗਰਾਈਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸੇਵਾ ਨਿਭਾ ਰਹੇ ਅਧਿਆਪਕ ਰਾਜੇਸ਼ ਰਿਖੀ ਨਾਲ ਜਿਹੜੇ ਤਿੰਨ ਸਾਲ ਪਹਿਲਾ ਕੁਦਰਤ ਦੀ ਦੇਣ ਪੰਛੀਆਂ ਅਤੇ ਵਾਤਾਵਰਨ ਦੀ ਸੰਭਾਲ ਲਈ ਇਕੱਲੇ ਤੁਰੇ ਸਨ ਅਤੇ ਅੱਜ ਉਨਾਂ ਦੀ ਇੱਕ ਪਿੰਡ ਤੋਂ ਚਲਾਈ ਮੁਹਿੰਮ ਨਾਲ ਪੰਜਾਬ ਦੇ ਦਸ ਜਿਲਿਆਂ ਦੀਆਂ ਸੈਂਕੜੇ ਸੰਸਥਾਵਾਂ ਜੁੜ ਚੁੱਕੀਆਂ ਹਨ।ਆਪਣੀ ਮੁਹਿੰਮ ਬਾਰੇ ਮਲੇਰਕੋਟਲਾ ਵਿਖੇ ਗੱਲਬਾਤ ਕਰਦਿਆਂ ਵਾਤਾਵਰਨ ਪ੍ਰੇਮੀ ਰਾਜੇਸ਼ ਰਿਖੀ ਨੇ ਦੱਸਿਆ ਕਿ ਸਾਲ 2014 ਵਿਚ ਉਨਾਂ ਨੇ ਆਪਣੀ ਸਕੂਲ ਤੋਂ ਇਸ ਮੁਹਿੰਮ ਦਾ ਆਗਾਜ਼ ਕੀਤਾ ਸੀ ਅਤੇ ਫਿਰ ਦੇਖਦੇ ਹੀ ਦੇਖਦੇ ਕਦੋਂ ਪੰਜਾਬ ਭਰ ਦੀਆਂ ਉਹ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਗਈਆਂ ਇਹਨਾਂ ਨੂੰ ਉਹ ਪਹਿਲਾ ਕਦੇ ਜਾਣਦੇ ਵੀ ਨਹੀਂ ਸਨ।ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਗਰਮੀਆਂ ਦੇ ਦਿਨਾਂ ਵਿਚ ਪੰਛੀਆਂ ਲਈ ਪਾਣੀ ਦੇ ਬਰਤਨ ਰੱਖੇ ਜਾਂਦੇ ਹਨ ਅਤੇ ਰੋਜ਼ਾਨਾ ਉਨਾਂ ਦੇ ਵਿਚ ਪਾਣੀ ਰੱਖਿਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਰੁੱਖ ਲਗਾਏ ਜਾਂਦੇ ਹਨ ਤੇ ਪੰਛੀਆਂ ਨੂੰ ਬਚਾਉਣ ਦੇ ਲਈ ਸਕੂਲਾਂ ਦੇ ਵਿਚ ਜਾ ਕੇ ਜਿੱਥੇ ਇਸ ਕਾਰਜ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਉਥੇ ਚਾਈਨਾ ਡੋਰ ਅਤੇ ਪੰਛੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਰੋਕਣ ਲਈ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 10 ਹਜ਼ਾਰ ਮਿੱਟੀ ਦੇ ਬਰਤਨ ਅਤੇ ਵੱਡੀ ਗਿਣਤੀ ਦੇ ਵਿਚ ਰੁੱਖ ਲਗਾਏ ਜਾ ਚੁੱਕੇ ਹਨ ਤੇ ਨਾਲ ਹੀ ਰੁੱਖ ਲਗਾ ਕੇ ਉਨਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਹੁਣ ਤੱਕ ਇਹ ਮੁਹਿੰਮ ਆਪਣੇ ਜ਼ਿਲੇ ਸੰਗਰੂਰ ਦੇ ਨਾਲ ਨਾਲ ਬਰਨਾਲਾ, ਲੁਧਿਆਣਾ, ਪਟਿਆਲਾ, ਮੋਹਾਲੀ, ਜਲੰਧਰ, ਫ਼ਰੀਦਕੋਟ, ਮਾਨਸਾ, ਅੰਮਿ੍ਰਤਸਰ, ਮੋਗਾ, ਬਠਿੰਡਾ ਜਿੱਲਿਆਂ ਵਿਚ ਚੱਲ ਚੁੱਕੀ ਹੈ ਅਤੇ ਹੁਣ ਪੰਜਾਬ ਦੇ ਬਾਕੀ ਜਿੱਲਿਆਂ ਵਿਚ ਵੀ ਪਹੁੰਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ਦੀ ਏਨੀ ਵੱਡੀ ਸਫਲਤਾ ਮੀਡੀਆ ਦੇ ਸਹਿਯੋਗ ਅਤੇ ਵਾਤਾਵਰਨ ਤੇ ਪੰਛੀ ਪ੍ਰੇਮੀਆਂ ਦੇ ਸਹਿਯੋਗ ਸਦਕਾ ਹੀ ਪ੍ਰਾਪਤ ਹੋ ਸਕੀ ਹੈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਛੀ ਕੁਦਰਤ ਦਾ ਅਨਮੋਲ ਸਰਮਾਇਆ ਹਨ ਇਹਨਾਂ ਨੂੰ ਬਚਾਉਣ ਅਤੇ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਸਮਾਜ ਨੂੰ ਹੋਰ ਵੀ ਵਧੀਆਂ ਤੇ ਖ਼ੁਸ਼ਹਾਲ ਬਣਾ ਸਕੀਏ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media