Wednesday, March 18, 2026

ਤਰਕਸ਼ੀਲ ਸੁਸਾਇਟੀ ਵਲੋਂ ਬਰੇਨ ਐਕਟੀਵੇਸ਼ਨ ਅਕੈਡਮੀ ਦਾ ਭੰਡੀ ਪ੍ਰਚਾਰ ਧੋਖਾ ਕਰਾਰ

ਪੰਜ ਲੱਖ ਇਨਾਮ ਜਿੱਤਣ ਦੀ ਦਿੱਤੀ ਚੁਣੌਤੀ
PPN1007201717ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਤਰਨ ਤਾਰਨ ਜ਼ਿਲੇ ਦੇ ਬਰੇਨ ਐਕਟੀਵੇਸ਼ਨ ਅਕੈਡਮੀ ਨਾਮਕ ਸੰਸਥਾ ਵਲੋਂ ਬੱਚਿਆਂ ਤੇ ਵਿਦਿਆਰਥੀਆਂ ਦੇ ਦਿਮਾਗੀ ਯਾਦ ਸ਼ਕਤੀ ਵਧਾਉਣ ਦੇ ਭੰਡੀ ਪ੍ਰਚਾਰ ਵਜੋਂ ਉਨਾਂ ਵਲੋਂ ਅੱਖਾਂ ਉਤੇ ਪੱਟੀ ਬੰਨ ਕੇ ਸੁੰਘਣ ਸ਼ਕਤੀ ਰਾਹੀਂ ਪੜਣ ਅਤੇ ਰੰਗ ਬੁੱਝਣ ਦੇ ਕੀਤੇ ਝੂਠੇ ਵਾਅਦੇ ਨੂੰ ਧੋਖਾ ਕਰਾਰ ਦਿੰਦਿਆਂ ਤਰਕਸ਼ੀਲ ਸੁਸਾਇਟੀ ਨੇ ਉਨਾਂ ਦੀਆਂ ਸ਼ਰਤਾਂ ਤਹਿਤ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਹੈ।ਇਹ ਫੈਸਲਾ  ਸਥਾਨਕ ਵਿਰਸਾ ਵਿਹਾਰ ਵਿਖੇ ਅੰਮਿ੍ਰਤਸਰ ਇਕਾਈ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਪੰਜਾਬ ਮਾਝਾ ਜੋਨ ਦੀ ਇਕ ਮੀਟਿੰਗ ਵਿਚ ਕੀਤਾ ਗਿਆ।
ਇਸ ਮੌਕੇ ਸੁਸਾਇਟੀ ਦੇ ਜੋਨ ਆਗੂਆਂ ਮੁਖਤਿਆਰ ਗੋਪਾਲਪੁਰਾ, ਮੁਖਵਿੰਦਰ ਚੋਹਲਾ ਤੇ ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਪੰਜਾਬ ਵਿਚ ਬਰੇਨ ਪੀਡੀਆ ਅਤੇ ਬਰੇਨ ਐਕਟੀਵੇਸ਼ਨ ਨਾਂ ਦੀਆਂ ਸੰਸਥਾਵਾਂ ਦਿਮਾਗੀ ਸ਼ਕਤੀ ਦੇ ਵਿਕਾਸ ਦੀ ਤਕਨੀਕ ਦਾ ਗੁਮਰਾਹਕੁੰਨ ਪ੍ਰਚਾਰ ਕਰਕੇ ਆਮ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਇਸ ਅੰਧ ਵਿਸ਼ਵਾਸ ਤੇ ਭਰਮ ਭੁਲੇਖੇ ਵਿਚ ਪਾ ਕੇ ਲੁੱਟ ਰਹੀਆਂ ਹਨ ਕਿ ਅਜਿਹੀਆਂ ਸੰਸਥਾਵਾਂ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਕਮਜ਼ੋਰ ਤੇ ਮੰਦਬੁਧੀ ਦਿਮਾਗ ਵਾਲੇ ਬੱਚਿਆਂ ਅਤੇ ਵਿਦਿਆਰਥੀਆਂ ਦੀ ਸਮਰਥਾਂ ਦੋਗੁਣੀ ਹੋ ਜਾਂਦੀ ਹੈ ਅਤੇ ਉਹ ਅੱਖਾਂ ਉਤੇ ਪੱਟੀ ਬੰਨ ਕੇ ਨੱਕ ਰਾਹੀਂ ਸੁੰਘ ਕੇ ਪੜਣ ਅਤੇ ਕਿਸੇ ਚੀਜ਼ ਦਾ ਰੰਗ ਦਸਣ ਦੇ ਸਮਰਥ ਹੋ ਜਾਂਦੇ ਹਨ ਪਰ ਅਜਿਹੇ ਦਾਅਵਿਆਂ ਪਿਛੇ ਕੋਈ ਵਿਗਿਆਨਕ ਸੱਚਾਈ ਨਹੀਂ ਹੈ।
ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਦਸਿਆ ਕਿ ਦੋ ਸਾਲ ਪਹਿਲਾਂ ਵੀ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਖੇ ਬਰੇਨ ਪੀਡੀਆ ਸੰਸਥਾ ਦੇ ਅਜਿਹੇ ਝੂਠੇ ਅਤੇ ਗੈਰ ਵਿਗਿਆਨਕ ਦਾਅਵਿਆਂ ਦਾ ਵੱਡੇ ਇਕੱਠ ਵਿਚ ਪਰਦਾਫਾਸ਼ ਕੀਤਾ ਗਿਆ ਸੀ ਅਤੇ ਇਸ ਸੰਸਥਾ ਦੀ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੇ ਇਵਜ਼ ਵਿਚ ਜਮਾਂ ਕਰਾਈ ਦਸ ਹਜ਼ਾਰ ਰੁਪਏ ਦੀ ਜ਼ਮਾਨਤ ਦੀ ਰਕਮ ਵੀ ਜ਼ਬਤ ਹੋ ਗਈ ਸੀ। ਉਨਾਂ ਨੇ ਮਾਪਿਆਂ ਤੇ ਬੱਚਿਆਂ ਨੂੰ ਅਜਿਹੇ ਪਾਖੰਡੀਆਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਤਰਕਸ਼ੀਲ ਆਗੂਆਂ ਰਾਜਵੰਤ ਬਾਗੜੀਆ, ਸੰਦੀਪ ਭੋਜਾ ਅਤੇ ਮੇਜਰ ਸਿੰਘ ਨੇ ਦੋਸ਼ ਲਾਇਆ ਕਿ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੂੰ ਇਸ ਸਬੰਧੀ ਪਿਛਲੇ ਮਹੀਨੇ ਮੰਗ ਪੱਤਰ ਵੀ ਦਿੱਤਾ ਗਿਆ ਸੀ, ਪਰ ਪ੍ਰਸ਼ਾਸਨ ਨੇ ਅੰਧ ਵਿਸ਼ਵਾਸ ਫੈਲਾਉਣ ਵਾਲੀ ਸੰਸਥਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਤਰਕਸ਼ੀਲ ਆਗੂਆਂ ਨੇ ਬਰੇਨ ਐਕਟੀਵੇਸ਼ਨ ਸੰਸਥਾ ਦੇ ਸੰਸਥਾਪਕ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਹ ਨਿਰਪੱਖ ਤੇ ਸਮਰੱਥ ਵਿਅਕਤੀਆਂ ਦੀ ਹਾਜ਼ਰੀ ਵਿਚ ਆਪਣੀ ਸੰਸਥਾ ਦੇ ਸਿਖਲਾਈ ਪ੍ਰਾਪਤ ਬੱਚਿਆਂ ਤੋਂ ਧੋਖਾ ਰਹਿਤ ਹਾਲਤਾਂ ਵਿਚ ਦਿਮਾਗੀ ਯਾਦ ਸ਼ਕਤੀ ਦਾ ਪ੍ਰਦਰਸ਼ਨ ਕਰਾਉਣ ਦੀ ਚੁਣੌਤੀ ਸਵੀਕਾਰ ਕਰਨ ਨੂੰ ਤਿਆਰ ਹੈ ਤਾਂ ਉਹ ਸੁਸਾਇਟੀ ਵਲੋਂ ਨਾਮਜ਼ੱਦ ਵਿਅਕਤੀ ਕੋਲ ਦਸ ਹਜ਼ਾਰ ਰੁਪਏ ਬਤੌਰ ਜ਼ਮਾਨਤ ਜਮਾਂ ਕਰਵਾਏ ਨਹੀਂ ਤਾਂ ਜਨਤਾ ਦੀ ਕਚਹਿਰੀ ਵਿਚ ਉਸ ਦੇ ਪਾਖੰਡ ਦਾ ਪਰਦਾਫਾਸ਼ ਕੀਤਾ ਜਾਵੇਗਾ।ਇਸ ਮੌਕੇ ਮੈਂਬਰ ਸੁਖਮੀਤ ਸਿੰਘ, ਜਸਪਾਲ ਬਾਸਰਕਾ, ਮਾਸਟਰ ਤਸਵੀਰ ਸਿੰਘ, ਤਰਲੋਚਨ ਸਿੰਘ, ਜਸਬੀਰ ਖਿਲਚੀਆਂ, ਲਖਵਿੰਦਰ ਗੋਪਾਲਪੁਰਾ, ਸੇਵਾ ਸਿੰਘ, ਸੁਖਵਿੰਦਰ ਖਾਰਾ ਅਤੇ ਬਲਕਾਰ ਸਿੰਘ ਆਦਿ ਹਾਜ਼ਰ ਹੋਏ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply