ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗਿਆਨ ਦੀ ਛੜੀ ਨਾਲ ਵਿਦਿਆ ਦਾ ਦਾਨ ਬਖਸ਼ਣ ਵਾਲੇ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ
ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ ਸਿੱਖ ਜਗਤ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਤੇ ਇਸ ਦੇ ਅਧੀਨ ਚੱਲ ਰਹੇ ਸਮੂਹ ਅਦਾਰਿਆਂ ਵੱਲੋਂ 23 ਜੁਲਾਈ ਦਿਨ ਐਤਵਾਰ ਨੂੰ ਸ਼ਾਮ 5:00 ਤੋਂ 10:30 ਵਜੇ ਤੱਕ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਇਕ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਵਲੋਂ ਗੌਰਵਮਈ ਸਿੱਖ ਵਿਰਸੇ ਅਤੇ ਪਰੰਪਰਾਵਾਂ ਨੂੰ ਸੁਰਜੀਤ ਰੱਖਣ ਲਈ ਗੁਰੂ ਸਾਹਿਬਾਨ ਨਾਲ ਸੰਬੰਧਿਤ ਦਿਹਾੜੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਏ ਜਾਂਦੇ ਹਨ।ਅਜਿਹੇ ਉਪਰਾਲਿਆਂ ਨਾਲ ਸਿੱਖ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨਵੀਂ ਪਨੀਰੀ ਨੂੰ ਸਿਖੀ ਜੀਵਨ ਜਾਚ ਨਾਲ ਜੋੜਨ ਦੇ ਯਤਨਾਂ ਅਧੀਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੀ ਅਰੰਭਤਾ ਭਾਈ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਇਟੀ ਵਾਲੇ ਕਰਨਗੇ।
ਇਸ ਅਵਸਰ `ਤੇ ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਕੀਰਤਨ ਦਰਬਾਰ ਦੇ ਸ਼ੁਭ ਅਵਸਰ ਤੇ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖ ਕੌਮ ਦੀਆਂ ਕੁੱਝ ਪ੍ਰਮੁੱੱਖ ਸ਼ਖਸੀਅਤਾਂ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੌ੍ਰਮਣੀ ਕਮੇਟੀ, ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਸੁਨੀਤ ਸਿੰਘ ਤੁਲੀ ਕੈਨੇਡਾ, ਪਰਮਜੀਤ ਸਿੰਘ ਸਰਨਾ ਸਲਾਹਕਾਰ ਮੁੱਖ ਮੰਤਰੀ ਪੰਜਾਬ, ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਸਨਮਾਨਿਤ ਕੀਤਾ ਜਾਵੇਗਾ।
ਕੀਰਤਨ ਦਰਬਾਰ ਦੇ ਕਨਵੀਨਰ ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ ਨੇ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਗਿਆਨੀ ਜਗਤਾਰ ਸਿੰਘ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜਣਗੇ।ਕੀਰਤਨ ਦਰਬਾਰ ਦੌਰਾਨ ਭਾਈ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਇਟੀ ਵਾਲੇ, ਬੀਬੀ ਪ੍ਰਭਜੋਤ ਕੌਰ, ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ: ਸੈਕੰ: ਪਬਲਿਕ ਸਕੂਲ, ਜੀ.ਟੀ ਰੋਡ ਜਥਾ, ਭਾਈ ਸੁਰਿੰਦਰ ਸਿੰਘ ਜੀ ਜੋਧਪੁਰੀ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਇਕਬਾਲ ਸਿੰਘ, ਬੀਬੀ ਕੌਲਾਂ ਜੀ ਭਲਾਈ ਕੇਂਦਰ, ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ, ਕਾਨਪੁਰ ਵਾਲੇ ਦੇ ਕੀਰਤਨੀ ਜਥੇ ਸ਼ਬਦ ਕੀਰਤਨ ਦੀ ਛੀਹਬਰ ਲਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।ਉਨਾਂ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਸੇਵਾ ਸੰਸਥਾਵਾਂ ਜਿਨ੍ਹਾਂ ਵਿੱਚ ਗੁਰਮਤਿ ਸਤਿਸੰਗ ਸਭਾ, ਸ੍ਰੀ ਅੰਮ੍ਰਿਤਸਰ ਸੇਵਕ ਸਭਾ ਅਤੇ ਵਾਹਿਗੁਰੂ ਸਿਮਰਨ ਸੇਵਾ ਸੁਸਾਇਟੀ ਸ਼ਾਮਲ ਹਨ, ਦੀ ਮਦਦ ਨਾਲ ਇਸ ਕੀਰਤਨ ਦਰਬਾਰ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਨਾ, ਹਰਮਿੰਦਰ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਸੰਤੋਖ ਸਿੰਘ ਸੇਠੀ, ਤਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਅਰਿਦਮਨ ਸਿੰਘ ਮਾਹਲ, ਡਾ: ਧਰਮਵੀਰ ਸਿੰਘ ਡਾਇਰੈਕਟਰ ਐਜੂਕੇਸ਼ਨ ਤੇ ਚੀਫ ਖਾਲਸਾ ਦੀਵਾਨ ਅਧੀਨ ਸਕੂਲਾਂ ਦੇ ਪਿ੍ਰੰਸੀਪਲ ਅਤੇ ਸਭਾ ਸੁਸਾਇਟੀਆਂ ਦੇ ਮੁਖੀ ਸ਼ਾਮਲ ਹੋਏ ।
Check Also
ਭਗਵਾਨ ਸ੍ਰੀ ਰਾਮ : ਸਾਂਝੀਵਾਲਤਾ, ਕਰਮ ਅਤੇ ਧਰਮ
ਅੱਜ ਸਾਡਾ ਸਮਾਜ ਧਰਮਾਂ ਦੇ ਬਖੇੜੇ ਵਿੱਚ ਫਸਿਆ ਹੋਇਆ ਹੈ।ਅਸਲ ‘ਚ ਅਸੀਂ ਧਰਮ ਦੀ ਸਹੀ …
Punjab Post Daily Online Newspaper & Print Media