Thursday, June 11, 2026

ਕਵੀ ਤਰਲੋਕ ਸਿੰਘ ਦੀਵਾਨਾ ਦੀ ਝੋਲੀ ਪਿਆ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ

PPN2108201701
ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵੱਲੋਂ ਸਥਾਨਕ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਪ੍ਰਗਤੀਵਾਦੀ ਸ਼ਾਇਰ ਬਾਵਾ ਬਲਵੰਤ ਦੇ 103ਵੇਂ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਨਾਨਕ ਸਿੰਘ ਸੈਮੀਨਾਰ ਹਾਲ ਵਿਖੇ ਆਯੋਜਿਤ ਕੀਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਉਸਤਾਦ ਸ਼ਾਇਰ ਸੁਲੱਖਣ ਸਰਹੱਦੀ, ਡਾ. ਦਰਿਆ, ‘ਏਕਮ’ ਦੇ ਸੰਪਾਦਕ ਅਰਤਿੰਦਰ ਸੰਧੂ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਜਨਰਲ ਸਕੱਤਰ ਸ਼ੈਲਿੰਦਰਜੀਤ ਸਿੰਘ ਰਾਜਨ ਨੇ ਕੀਤੀ। ਇਸ ਵਾਰ ਬਾਵਾ ਬਲਵੰਤ ਯਾਦਗਾਰੀ ਪੁਰਸਕਾਰ ਪ੍ਰਸਿੱਧ ਪੰਥਕ ਸਟੇਜੀ ਕਵੀ ਤਰਲੋਕ ਸਿੰਘ ਦੀਵਾਨਾ ਨੂੰ ਭੇਂਟ ਕੀਤਾ ਗਿਆ। ਮੰਚ ਸੰਚਾਲਕ ਦੇ ਫਰਜ਼ ਨਿਭਾਅ ਰਹੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਤਰਲੋਕ ਸਿੰਘ ਦੀਵਾਨਾ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਸਾਹਿਤਕ ਸਾਧਨਾ ਬਾਰੇ ਜਾਣਕਾਰੀ ਦਿੱਤੀ।ਸੀਨੀ. ਮੀਤ ਪ੍ਰਧਾਨ ਸਤਨਾਮ ਸਿੰਘ ਔਲਖ ਨੇ ਬਾਵਾ ਬਲਵੰਤ ਬਾਰੇ ਖੋਜ ਭਰਪੂਰ ਪਰਚਾ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ ਅਟਾਰੀ ਸਰਹੱਦ ਨੇੜੇ ਪਿੰਡ ਨੇਸ਼ਟਾ ਵਿਖੇ ਹੋਇਆ। ਉਨ੍ਹਾਂ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੈਂਬਰ ਕਾਰਜਕਾਰਨੀ ਭੁਪਿੰਦਰ ਸਿੰਘ ਸੰਧੂ, ਸੁਲੱਖਣ ਸਰਹੱਦੀ, ਅਰਤਿੰਦਰ ਸਿੰਧੂ ਅਤੇ ਡਾ. ਦਰਿਆ ਨੇ ਕਿਹਾ ਕਿ ਬਾਵਾ ਬਲਵੰਤ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜੁੜਿਆ ਬਹੁਰੰਗੀ, ਪ੍ਰਤੀਬੱਧ ਸ਼ਾਇਰ ਸੀ, ਜਿਸ ਨੇ ਜਿੱਥੇ ਪਿਆਰ ਮਹੱਬਤ ਦੀਆਂ ਕਵਿਤਾਵਾਂ ਲਿਖੀਆਂ ਉਥੇ ਸਮਾਜ ਦੇ ਲਤਾੜੇ ਅਤੇ ਪੱਛੜੇ ਹੋਏ ਲੋਕਾਂ ਦੀ ਗੱਲ ਵੀ ਕੀਤੀ। ਉਕਤ ਵਿਦਵਾਨਾਂ ਨੇ ਲੇਖਕਾਂ ਨੂੰ ਸਮਾਜ ਦੀਆਂ ਚੁਣੌਤੀਆਂ ਨੂੰ ਸਾਹਿਤ ਦਾ ਹਿੱਸਾ ਬਣਾਉਣ ਦੀ ਲੋੜ ਤੇ ਜੋਰ ਦਿੱਤਾ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੰਤੋਖ ਸਿੰਘ ਰਾਹੀ, ਪ੍ਰਿੰ. ਗੁਰਬਾਜ ਸਿੰਘ ਛੀਨਾ, ਸਤਨਾਮ ਔਲਖ, ਮੁਖਤਾਰ ਅਦਲੀਵਾਲਾ, ਚੰਨਾ ਰਾਣੀਵਾਲੀਆ, ਚਰਨਜੀਤ ਅਜਨਾਲਾ, ਰਾਜਵਿੰਦਰ ਕੌਰ, ਅਜੀਤ ਸਿੰਘ ਨਬੀਪੁਰੀ, ਹਰਭਜਨ ਖੇਮਕਰਨੀ, ਕੁਲਦੀਪ ਸਿੰਘ ਦਰਾਜਕੇ, ਮੱਖਣ ਭੈਣੀ ਵਾਲਾ, ਹਰੀ ਸਿੰਘ ਗਰੀਬ, ਅਜੀਤ ਸਿੰਘ ਰਤਨ, ਗਿਆਨੀ ਪਿਆਰਾ ਸਿੰਘ ਜਾਚਕ, ਗੁਰਜਿੰਦਰ ਸਿੰਘ ਬਘਿਆੜੀ ਆਦਿ ਸ਼ਾਇਰਾਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਤੇ ਚਲੰਤ ਮਾਮਲਿਆਂ ਦੇ ਮਾਹਰ, ਉੱਘੇ ਕਾਲਮ ਨਵੀਸ, ਡਾ. ਹਜ਼ਾਰਾ ਸਿੰਘ ਚੀਮਾ ਦੀ ਧਰਮ ਪਤਨੀ ਸ੍ਰੀਮਤੀ ਨਿਰਮਲਜੀਤ ਕੌਰ ਦੇ ਵਿਛੋੜੇ ਤੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ। ਬਾਵਾ ਬਲਵੰਤ ਦੇ ਭਤੀਜੇ ਸੂਰਜ ਰਾਣਾ, ਸ. ਕੰਨਣ ਸਿੰਘ, ਗੁਰਪ੍ਰੀਤ ਸਿੰਘ ਧੰਜੂ, ਰਾਜਖੁਸ਼ਵੰਤ ਸਿੰਘ ਸੰਧੂ, ਹਰਦੇਵ ਸਿੰਘ ਔਲਖ, ਜਗਤਾਰ ਮਾਹਲਾ, ਗੁਰਦੇਵ ਸਿੰਘ ਅਚਿੰਤਕੋਟ, ਡਾ. ਸਵਿੰਦਰ ਸਿੰਘ ਕੋਹਾਲਾ ਆਦਿ ਨੇ ਸਮਾਗਮ ਨੂੰ ਭਰਭੂਰਤਾ ਬਖਸ਼ੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply