ਦੋਨੋਂ ਗੁਰਦੁਆਰਿਆਂ ਦੀ ਮੌਜੂਦਾ ਸਥਿਤੀ ਬਰਕਰਾਰ ਰੱਖਣ ਦੀ ਕੀਤੀ ਗੱਲ
ਨਵੀਂ ਦਿੱਲੀ, 4 ਸਤੰਬਰ (ਪੰਜਾਬ ਪੋਸਟ ਬਿਊਰੋ) ਸਿੱਕਮ ਸਥਿਤ ਗੁਰਦੁਆਰਾ ਸਾਹਿਬਾਨਾਂ ’ਤੇ ਸਿੱਕਮ ਸਰਕਾਰ ਵੱਲੋਂ ਗੈਰ ਕਾਨੂੰਨੀ ਨਿਰਮਾਣ ਦੀ ਲਟਕਾਈ
ਗਈ ਤਲਵਾਰ ਨੂੰ ਹਟਾਉਣ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਗਰਮ ਹੋ ਗਈ ਹੈ।ਸਿੱਕਮ ਹਾਊਸ ’ਚ ਸੂਬੇ ਦੇ ਮੁੱਖ ਮੰਤਰੀ ਪਵਨ ਚਾਂਮਲਿੰਗ ਨਾਲ ਮੁਲਾਕਾਤ ਦੌਰਾਨ ਅਕਾਲੀ ਆਗੂਆਂ ਨੇ ਸਿੱਕਮ ਸਰਕਾਰ ਵੱਲੋਂ 1991 ’ਚ ਧਾਰਮਿਕ ਸਥਾਨਾਂ ਬਾਰੇ ਕੱਢੇ ਗਏ ਨੋਟੀਫਿਕੇਸ਼ਨ ਦਾ ਵੀ ਚੇਤਾ ਕਰਾਇਆ।
ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦੜ, ਦਿੱਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਵਫ਼ਦ ਵਿਚ ਸ਼ਾਮਿਲ ਸਨ। ਵਫ਼ਦ ਨੇ ਗੁਰਦੁਆਰਾ ਸਾਹਿਬਾਨਾਂ ਨੂੰ ਤੋੜਕ ਦੱਸਤੇ ਦੇ ਚੁੰਗਲ ਤੋਂ ਬਾਹਰ ਕੱਢਣ ਦੀ ਮੰਗ ਕਰਦੇ ਹੋਏ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਵਾਸਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਆਦੇਸ਼ ਦਾ ਵੀ ਹਵਾਲਾ ਦਿੱਤਾ।
ਵਫ਼ਦ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਸਿੱਕਿਮ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਡਾਂਗਮਾਰ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਅਤੇ ਹੋਰ ਸਮਾਨ ਨੂੰ ਗੁਰਦੁਆਰਾ ਚੰੁਗਥਾਂਗ ਸਾਹਿਬ ਵਿਖੇ ਭੇਜਣ ਦੌਰਾਨ ਮਰਿਯਾਦਾ ਦਾ ਖਿਆਲ ਨਹੀਂ ਰੱਖਿਆ ਗਿਆ। ਜਿਸ ਕਰਕੇ ਸਮੂਹ ਸੰਸਾਰ ਵਿਚ ਵੱਸਦੇ ਸਿੱਖਾਂ ਦੀ ਭਾਵਨਾਵਾਂ ਆਹਤ ਹੋਈਆਂ ਹਨ। ਜੀ.ਕੇ. ਨੇ ਦਿੱਲੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਚੰਗੇ ਪ੍ਰਬੰਧ, ਸਟਾਫ਼ ਦੀ ਲੋੜ ਅਤੇ ਮੁਰੱਮਤ ਆਦਿਕ ਲਈ ਹਰ ਪ੍ਰਕਾਰ ਦੀ ਸਹਾਇਤਾ ਸਿੱਕਿਮ ਪ੍ਰਸ਼ਾਸਨ ਨੂੰ ਉਪਲੱਬਧ ਕਰਾਉਣ ਦੀ ਪੇਸ਼ਕਸ ਕੀਤੀ।
ਜੀ.ਕੇ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹਾਲਾਤ ਨੂੰ ਬਰਕਰਾਰ ਰੱਖਣ ਦੇ ਸਿੱਕਮ ਪ੍ਰਸ਼ਾਸਨ ਨੂੰ 1 ਸਤੰਬਰ 2017 ਨੂੰ ਦਿੱਤੇ ਗਏ ਆਦੇਸ਼ ਦੀ ਪਰਵਾਹ ਸਿੱਕਿਮ ਸਰਕਾਰ ਵੱਲੋਂ ਨਾ ਕਰਨ ਦਾ ਵੀ ਦੋਸ਼ ਲਗਾਇਆ।ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਚੁੰਗਥਾਂਗ ਦੇ ਐਸ.ਡੀ.ਐਮ ਨੇ 2 ਸਤੰਬਰ ਨੂੰ ਗੁਰਦੁਆਰਾ ਚੁੰਗਥਾਂਗ ਸਾਹਿਬ ਨੂੰ ਗੈਰਕਾਨੂੰਨੀ ਨਿਰਮਾਣ ਸਬੰਧੀ ਪੱਤਰ ਭੇਜ ਕੇ ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।ਜੀ.ਕੇ ਨੇ ਗੁਰਦੁਆਰਾ ਡਾਂਗਮਾਰ ਸਾਹਿਬ ਵਿਖੇ ਤੁਰੰਤ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੀ ਮੰਗ ਕਰਦੇ ਹੋਏ ਗੁਰਦੁਆਰਾ ਚੁੰਗਥਾਂਗ ਸਾਹਿਬ ਦੇ ਖਿਲਾਫ਼ ਪ੍ਰਸ਼ਾਸਨ ਵੱਲੋਂ ਐਲਾਨੀ ਗਈ ਕਾਰਵਾਈ ਨੂੰ ਰੋਕਣ ਦੀ ਮੰਗ ਕੀਤੀ।
ਸਿਰਸਾ ਨੇ ਦੱਸਿਆ ਕਿ ਮੁਖਮੰਤਰੀ ਨੇ ਹਰ ਹਾਲਾਤ ’ਚ ਸੂਬੇ ਦੇ ਧਾਰਮਿਕ ਭਾਈਚਾਰੇ ਨੂੰ ਬਰਕਰਾਰ ਰੱਖਣ ਦਾ ਭਰੋਸਾ ਦਿੱਤਾ ਹੈ।ਇਸ ਦੇ ਨਾਲ ਹੀ ਮੁਖਮੰਤਰੀ ਨੇ ਦੋਨੋਂ ਗੁਰਦੁਆਰਾ ਸਾਹਿਬਾਨਾਂ ਦੀ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਲਈ ਕੰਮ ਕਰਨ ਦੀ ਗੱਲ ਕੀਤੀ ਹੈ।ਸਥਾਨਕ ਲੋਕਾਂ ਵੱਲੋਂ ਗੁਰਦੁਆਰਾ ਸਾਹਿਬਾਨਾਂ ਦੇ ਖਿਲਾਫ ਕੀਤੀਆਂ ਗਈਆਂ ਸ਼ਿਕਾਇਤਾਂ ’ਤੇ ਆਪ ਨਿਗਾਹ ਪਾਉਣ ਦਾ ਵੀ ਮੁਖਮੰਤਰੀ ਨੇ ਭਰੋਸਾ ਦਿੱਤਾ ਹੈ।ਸਿਰਸਾ ਨੇ ਕਿਹਾ ਕਿ ਮਾਮਲੇ ਦੇ ਹੱਲ ਲਈ ਮੁਖਮੰਤਰੀ ਨੇ ਤਿੰਨ ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਰਦੇ ਹੋਏ ਹਰ ਸੂਰਤ ’ਚ ਗੁਰਦੁਆਰਾ ਸਾਾਹਿਬ ਦੀ ਬਹਾਲੀ ਦਾ ਵਿਸ਼ਵਾਸ ਜਤਾਇਆ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media