ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) “ਆਪਣੇ ਕੰਮ, ਅਦਾਰੇ ਅਤੇ ਚੌਗਿਰਦੇ ਪ੍ਰਤੀ ਪਿਆਰ ਅਤੇ ਆਦਰ ਦੀ ਭਾਵਨਾ ਰੱਖਣੀ ਚਾਹੀਦੀ ਹੈ ਤਾਂ ਹੀ ਆਪਣੇ ਕਾਰਜ ਨਾਲ ਨਿਆਂ ਕੀਤਾ ਜਾ ਸਕਦਾ ਹੈ”। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਅੱਜ ਇਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿਖੇ ਯੂਨੀਵਰਸਿਟੀ ਦੇ ਫੈਕਲਟੀ ਡੀਨ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ।ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ, ਪ੍ਰੋ. ਕਮਲਜੀਤ ਸਿੰਘ ਅਤੇ ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਵੀ ਹਾਜਰ ਸਨ।
ਪ੍ਰੋ. ਸੰਧੂ ਨੇ ਕਿਹਾ ਕਿ ਵਾਈਸ-ਚਾਂਸਲਰ ਦਫਤਰ ਦੇ ਦਰਵਾਜੇ ਚੰਗੇ ਸੁਝਾਅ ਜਿਹੜੇ ਕਿ ਯੂਨੀਵਰਸਿਟੀ ਦੇ ਹਿਤ ਵਿਚ ਹੋਣ, ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਕੋਈ ਵੀ ਵਿਦਿਆਰਥੀ, ਅਧਿਆਪਕ ਅਤੇ ਕਰਮਚਾਰੀ ਆਪਣੇ ਸੁਝਾਅ ਉਨ੍ਹਾਂ ਨੂੰ ਮਿਲਕੇ ਦੱਸ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਸਮੇਂ ਮੰਗ ਅਨੁਸਾਰ ਵੱਖ-ਵੱਖ ਕਲਾਸਾਂ ਦੇ ਸਿਲੇਬਸਾਂ ਨੂੰ ਸੋਧ ਕੇ ਅੰਤਰਰਾਸ਼ਟਰੀ ਪੱਧਰ ਦਾ ਬਣਾਇਆ ਜਾਵੇ।ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ‘ਤੇ ਕਾਮਯਾਬੀ ਹਾਸਲ ਕਰਨ ਲਈ ਵਿਦਿਆਰਥੀਆਂ ਨੂੰ ਪ੍ਰਯੋਗੀ ਜਾਣਕਾਰੀ ਤੋਂ ਇਲਾਵਾ ਆਪਣੀ ਰੁਚੀ ਅਨੁਸਾਰ ਵੱਖ-ਵੱਖ ਵਿਸ਼ਿਆਂ ਦਾ ਗਿਆਨ ਵੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਹੱਥੀ ਕੰਮ ਕਰਨ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ।ਇਸ ਲਈ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਹਰ ਸੰਭਵ ਉਪਰਾਲੇ ਨਾਲ ਹੱਥੀ ਸਿਖਲਾਈ ਦੇਣ ‘ਤੇ ਜ਼ੋਰ ਦੇਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਨਾਲ ਸਾਂਝ ਗੂੜ੍ਹੀ ਕਰਨੀ ਚਾਹੀਦੀ ਹੈ ਤਾਂ ਜੋ ਅਧਿਆਪਕ-ਵਿਦਿਆਰਥੀ ਰਿਸ਼ਤਾ ਮਜਬੂਤ ਹੋ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਅਨੁਸ਼ਾਸਨੀ ਵਿਸ਼ਿਆਂ ਦੀ ਚੋਣ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਹੀ ਵਿਸ਼ੇ ਦੀ ਚੋਣ ਕਰਕੇ ਲਾਹਾ ਪ੍ਰਾਪਤ ਕਰ ਸਕਣ।ਉਨ੍ਹਾਂ ਕਿਹਾ ਕਿ ਮਨੋਵਿਗਿਆਨ ਵਿਭਾਗ ਦੇ ਅਧਿਆਪਕਾਂ ਦੀ ਮਦਦ ਨਾਲ ਵਿਦਿਆਰਥੀਆਂ ਦੀ ਮਨੋਵਿਗਿਆਨਕ ਕੌਂਸਲਿੰਗ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਲੋੜ ਅਨੁਸਾਰ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯੂਨੀਵਰਸਿਟੀ ਤੋਂ ਬਾਹਰੀ ਵਿਦਿਆਰਥੀਆਂ ਨੂੰ ਵੀ ਕੌਂਸਲਿੰਗ ਦੀ ਸਹੂਲਤ ਦਿੱਤੀ ਜਾਵੇਗੀ।
ਵਾਈਸ-ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਛੇਤੀ ਹੀ ਵੈਬ ਪੋਰਟ ਸ਼ੁਰੂ ਕੀਤੇ ਜਾਣਗੇ ਤਾਂ ਜੋ ਵੱਖ-ਵੱਖ ਕਾਰਜ ਜਿਵੇਂ ਟਰਾਂਸਕ੍ਰਿਪਟ, ਪ੍ਰੀਖਿਆ ਪ੍ਰਣਾਲੀ, ਅਧਿਆਪਕ ਤੇ ਕਰਮਚਾਰੀਆਂ ਦਾ ਛੁੱਟੀਆਂ ਪ੍ਰਬੰਧਨ ਅਤੇ ਫਾਈਲ-ਟਰੈਕਿੰਗ ਦਾ ਕਾਰਜ ਹੋਰ ਸੁਖਾਵਾਂ ਹੋ ਸਕੇ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਨਿਰੰਤਰ ਬਿਜਲੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਛੇ ਗੁਣਾ ਬੈਂਡਵਿਡਥ ਵਾਲਾ ਹਾਈ ਸਪੀਡ ਇੰਟਰਨੈਟ ਵੀ ਮੁਹਈਆ ਕਰਵਾਇਆ ਜਾਵੇਗਾ ਤਾਂ ਜੋ ਕਾਰਜ ਪ੍ਰਣਾਲੀ ਵਿਚ ਤੇਜੀ ਲਿਆਂਦੀ ਜਾ ਸਕੇ।ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਖੋਜ ਗ੍ਰਾਂਟਾਂ ਪ੍ਰਾਪਤ ਕਰਨ ਦੇ ਉਪਰਾਲੇ ਕਰਨ ਅਤੇ ਖੋਜਾਰਥੀਆਂ ਨੂੰ ਉਤਸ਼ਾਹਿਤ ਕਰਨ ਕਿ ਉਹ ਵੀ ਵੱਧ ਤੋਂ ਵੱਧ ਗ੍ਰਾਂਟ ਪ੍ਰਾਪਤ ਕਰਨ ਲਈ ਵੱਖ-ਵੱਖ ਏਜੰਸੀਆਂ ਤਕ ਪਹੁੰਚ ਕਰਨ।ਉਨ੍ਹਾਂ ਕਿਹਾ ਕਿ ਵੱਖ ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਅਦਾਰਿਆਂ ਨਾਲ ਸਮਝੌਤੇ ਕੀਤੇ ਜਾਣਗੇ ਜਿਸ ਅਧੀਨ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਵੱਖ ਅਦਾਰੇ ਅਤੇ ਪ੍ਰਯੋਗਸ਼ਾਲਾਵਾਂ ਵਿਚ ਜਾ ਕੇ ਕਾਰਜ ਕਰਨ ਦਾ ਮੌਕਾ ਮਿਲ ਸਕੇ।ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਘੋਖਣ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ।
ਪ੍ਰੋ. ਸੰਧੂ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਵੈਬਸਾਈਟ ਉਪਰ ਖੋਜ ਪੋਰਟਲ ਸ਼ੁਰੂ ਕੀਤਾ ਜਾਵੇ ਜਿਸ ਵਿਚ ਅਧਿਆਪਕ ਅਤੇ ਖੋਜਾਰਥੀ ਆਪਣੀ ਖੋਜ ਬਾਰੇ ਨਿਰੰਤਰ ਜਾਣਕਾਰੀ ਦੇ ਸਕਣਗੇ।ਇਸ ਤੋਂ ਇਲਾਵਾ ਇਸ ਪੋਰਟਲ ਉਪਰ ਯੂਨੀਵਰਸਿਟੀ ਦੀ ਹੋਂਦ ਤੋਂ ਲੈ ਕੇ ਹੁਣ ਤਕ ਦੇ ਸਾਰੇ ਖੋਜ ਕਾਰਜ ਵੀ ਅਪਲੋਡ ਕੀਤੇ ਜਾਣਗੇ। ਉਨ੍ਹਾਂ ਕਿਹ ਕਿ ਕਿਸੇ ਵੀ ਅਦਾਰੇ ਦੇ ਵਿਕਾਸ ਵਿਚ ਉਸ ਦੇ ਸਾਬਕਾ ਵਿਦਿਆਰਥੀਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਇਸ ਲਈ ਯੂਨੀਵਰਸਿਟੀ ਵੱਲੋਂ ਸਾਰੇ ਸਾਬਕਾ ਵਿਦਿਆਰਥੀਆਂ ਨੂੰ ਅਲੂਮਿਨੀ ਐਸੋਸੀਏਸ਼ਨ ਵਿਚ ਸ਼ਾਮਿਲ ਕਰਦਿਆਂ ਡਾਟਾਬੇਸ ਤਿਆਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵਿਕਾਸ ਲਈ ਯੋਗਦਾਨ ਪਾਉਣ ਲਈ ਪ੍ਰੇਰਿਆ ਜਾਵੇਗਾ।ਉਨਾਂ੍ਹ ਦੱਸਿਆ ਕਿ ਯੂਨੀਵਰਸਿਟੀ ਦੇ ਬਹੁਤ ਸਾਰੇ ਸਾਬਕਾ ਵਿਦਿਆਰਥੀ ਵਿਸ਼ਵ ਦੇ ਵੱਖ-ਵੱਖ ਕੋਨਿਆਂ ਵਿਚ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਹਨ ਅਤੇ ਯੂਨੀਵਰਸਿਟੀ ਦੇ ਵਿਕਾਸ ਲਈ ਤਤਪਰ ਹਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਖਰੀਦ ਕਰਨ ਦੀ ਪ੍ਰਣਾਲੀ ਨੂੰ ਇਕ ਕੇਂਦਰੀ ਕਮੇਟੀ ‘ਤੇ ਆਧਾਰਿਤ ਕੀਤਾ ਜਾਵੇਗਾ ਅਤੇ ਹਰ ਤਰ੍ਹਾਂ ਦੀ ਖਰੀਦ ਇਸ ਕਮੇਟੀ ਜ਼ਰੀਏ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮਿਆਰੀ ਪੜ੍ਹਾਈ ਤੋਂ ਇਲਾਵਾ ਉਨ੍ਹਾਂ ਦੇ ਗਿਆਨਤਮਕ ਮਨੋਰੰਜਨ ਲਈ ਮਿਆਰੀ ਫੀਚਰ ਫਿਲਮਾਂ ਹਰ ਹਫਤੇ ਦੇ ਅੰਤ ਵਿਚ ਯੂਨੀਵਰਸਿਟੀ ਵਿਖੇ ਵਿਖਾਈਆਂ ਜਾਣਗੀਆਂ।
ਬੀਤੇ ਦਿਨੀਂ ਵਾਈਸ-ਚਾਂਸਲਰ ਵੱਲੋਂ ਲੜਕਿਆਂ ਦੇ ਹੋਸਟਲਾਂ ਦੇ ਵੱਖ-ਵੱਖ ਬਲਾਕਾਂ ਦੇ ਕਮਰਿਆਂ, ਮੈੱਸਾਂ, ਕੰਟੀਨਾਂਂ, ਕਿਚਨ, ਡਾਇਨਿੰਗ ਹਾਲ ਆਦਿ ਦਾ ਆਪ ਜਾ ਕੇ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਸਾਫ ਸਫਾਈ ਤੋਂ ਇਲਾਵਾ ਵਿਸ਼ੇਸ਼ ਕਰਕੇ ਪੀਣ ਵਾਲੇ ਪਾਣੀ ਮੁਹਈਆ ਕਰਨ ਅਤੇ ਹੋਰ ਸੇਵਾਵਾਂ ਵਿਚ ਹੋਰ ਸੁਧਾਰ ਲਿਆਂਦਾ ਜਾਵੇ।ਮੀਟਿੰਗ ਮੌਕੇ ਉਨ੍ਹਾਂ ਕਿਹਾ ਕਿ ਹੋਸਟਲ ਵਿਦਿਆਰਥੀਆਂ ਦੀ ਮੰੰਗ ਅਨੁਸਾਰ ਉਨ੍ਹਾਂ ਨੂੰ ਵਧੀਆ ਜਿੰਮ ਦੀ ਸਹੂਲਤ ਦੇਣ ਤੋਂ ਇਲਾਵਾ ਸਵਿੰਮਿੰਗ ਪੂਲ ਨੂੰ ਵੀ ਅਪਗਰੇਡ ਕੀਤਾ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …