ਅੰਮਿ੍ਤਸਰ, 13 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਵਿੰਦਰ ਸਿੰਘ ਨੇ ਜਿਲੇ ਦੇ ਸਮੂਹ ਬਲਾਕ ਵਿਕਾਸ ਤੇ
ਪੰਚਾਇਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਮਹਾਂਤਮਾ ਗਾਂਧੀ ਰੁਜ਼ਗਾਰ ਗਰੰਟੀ ਯੋਜਨਾ ਨੂੰ ਹਰ ਪਿੰਡ ’ਚ ਪੂਰੀ ਤਰਾਂ ਲਾਗੂ ਕਰਨ ਤਾਂ ਜੋ ਦੇਹਾਤੀ ਖੇਤਰਾਂ ’ਚ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਅੱਜ ਪੰਚਾਇਤ ਵਿਭਾਗ ਦੇ ਕੰਮਾਂ ਦਾ ਜਾਇਜਾ ਲੈਂਦਿਆਂ ਰਵਿੰਦਰ ਸਿੰਘ ਨੇ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਮਗਨਰੇਗਾ ਕਾਮਿਆਂ ਦੇ ਨਵੇਂ ਜਾਬ ਕਾਰਡ ਬਣਾਏ ਜਾਣ।ਉਨਾਂ ਕਿਹਾ ਕਿ ਸਾਰੇ ਮਗਨਰੇਗਾ ਕਾਮਿਆਂ ਦੇ ਬੈਂਕ ਖਾਤਾ ਨੰਬਰ ਅਧਾਰ ਕਾਰਡ ਨਾਲ ਲਿੰਕ ਹੋਣੇ ਲਾਜ਼ਮੀ ਹਨ ਅਤੇ ਜਿਹੜੇ ਖਾਤੇ ਅਜੇ ਤੱਕ ਲਿੰਕ ਨਹੀਂ ਹੋਏ ਹਨ, ਉਨਾਂ ਬੈਂਕਾਂ ਦੇ ਰਾਹੀਂ ਤੁਰੰਤ ਲਿੰਕ ਕੀਤਾ ਜਾਵੇ।
ਏ.ਡੀ.ਸੀ ਰਵਿੰਦਰ ਸਿੰਘ ਨੇ ਸਾਰੇ ਬੀ.ਡੀ.ਪੀ.ਓਜ਼ ਨੂੰ ਹਦਾਇਤ ਕੀਤੀ ਕਿ ਉਹ ਛੱਪੜਾਂ, ਸੜਕਾਂ ਦੇ ਬਰਮਾਂ, ਪਾਰਕਾਂ ਆਦਿ ਪ੍ਰੋਜੈਕਟਾਂ ਦੇ ਐਸਟੀਮੇਟ ਤਿਆਰ ਕਰਨ ਤਾਂ ਜੋ ਇਨਾਂ ਉੱਪਰ ਕੰਮ ਕੀਤਾ ਜਾ ਸਕੇ।ਉਨਾਂ ਕਿਹਾ ਕਿ ਹਰ ਬੀ.ਡੀ.ਪੀ.ਓ ਆਪਣੇ ਬਲਾਕ ਦੀਆਂ ਸਮੱਸਿਆਵਾਂ ਅਤੇ ਲੋਕਾਂ ਦੀ ਮੰਗਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਤਾਂ ਜੋ ਉਸ ਅਨੁਸਾਰ ਕਾਰਵਾਈ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।ਪਿੰਡਾਂ ਦੀਆਂ ਲਿੰਕ ਸੜਕਾਂ ਦੇ ਬਰਮਾਂ ਦੀ ਰਿਪੇਅਰ ਅਤੇ ਬਰਮਾਂ ਨੂੰ ਬਣਾਉਣ ਦੀ ਉਨਾਂ ਵਿਸ਼ੇਸ਼ ਹਦਾਇਤਾਂ ਦਿੱਤੀਆਂ।ਉਨਾਂ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦੇਣ ਲਈ ਸਿੰਚਾਈ ਵਿਭਾਗ ਵੱਲੋਂ ਜੋ ਖਾਲ ਬਣਾਏ ਗਏ ਸਨ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।ਉਨਾਂ ਕਿਹਾ ਕਿ ਸਿੰਚਾਈ ਵਿਭਾਗ ਅਤੇ ਮਾਲ ਮਹਿਕਮਾ ਕੁਝ ਕਿਸਾਨਾਂ ਵੱਲੋਂ ਵਾਹੇ ਜਾ ਚੁੱਕੇ ਨਹਿਰੀ ਪਾਣੀ ਦੇ ਖਾਲਾਂ ਨੂੰ ਦੁਬਾਰਾ ਬਣਾਏਗਾ ਤਾਂ ਜੋ ਵੱਧ ਤੋਂ ਵੱਧ ਖੇਤਾਂ ’ਚ ਨਹਿਰੀ ਪਾਣੀ ਨਾਲ ਸਿੰਚਾਈ ਹੋ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਕਾਰਜਾਂ ’ਚ ਗੁਣਵਤਾ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਤਹਿ ਨਿਯਮਾਂ ਅਤੇ ਸ਼ਰਤਾਂ ਮੁਤਾਬਕ ਹੀ ਵਿਕਾਸ ਕਾਰਜ ਨੇਪਰੇ ਚਾੜੇ ਜਾਣ।ਉਨਾਂ ਕਿਹਾ ਕਿ ਵਿਕਾਸ ਕਾਰਜਾਂ ’ਚ ਕਿਸੇ ਵੀ ਪੱਧਰ ’ਤੇ ਇੱਕ ਨਿੱਕੇ ਪੈਸੇ ਦੀ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media