ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਠਠਿਆਰਾਂ ਦੀ ਕਲਾ ਦਾ ਕੀਤਾ ਜਾਵੇਗਾ ਪ੍ਰਚਾਰ ਤੇ ਪਸਾਰ- ਡੀ.ਸੀ
ਜੰਡਿਆਲਾ ਗੁਰੂ, 13 ਸਤੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਜ਼ਿਲਾ ਅੰਮ੍ਰਿਤਸਰ ਦੇ ਕਸਬੇ ਜੰਡਿਆਲਾ ਗੁਰੂ ਵਿਖੇ ਠਠਿਆਰਾਂ ਵੱਲੋਂ ਪਿੱਤਲ ਅਤੇ ਤਾਂਬੇ
ਦੀਆਂ ਧਾਤਾਂ ਨਾਲ ਹੱਥੀਂ ਭਾਂਡੇ ਬਣਾਉਣ ਦੀ ਸਦੀਆਂ ਤੋਂ ਚੱਲੀ ਆ ਰਹੀ ਕਲਾ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਯਤਨ ਕੀਤੇ ਜਾਣਗੇ।ਅੰਤਰਰਾਸ਼ਟਰੀ ਸੰਗਠਨ ਯੂਨੈਸਕੋ ਵੱਲੋਂ ”ਯੂਨੈਸਕੋ ਇੰਟੈਨਜੀਬਲ ਕਲਚਰਲ ਹੈਰੀਟੇਜ ਲਿਸਟ” ਵਿਚ ਜੰਡਿਆਲਾ ਗੁਰੂ ਦੀ ਭਾਂਡੇ ਬਣਾਉਣ ਦੀ ਇਸ ਕਲਾ ਨੂੰ ਦੁਨਿਆਂ ਦੀਆਂ ਅਲੋਪ ਹੋ ਰਹੀਆਂ ਕਲਾਵਾਂ ਚ ਸਾਮਲ ਕੀਤਾ ਗਿਆ ਹੈ।ਲੁਪਤ ਹੋ ਰਹੀਆਂ ਕਲਾਵਾਂ ਤੇ ਵਿਰਾਸਤ ਨੂੰ ਸਾਂਭਣ ਦੇ ਪ੍ਰੋਜੈਕਟ ਤਹਿਤ ਕੰਮ ਕਰਨ ਵਾਲੇ ਪ੍ਰਤੀਨਿਧੀਆਂ ਸ੍ਰੀਮਤੀ ਡਾਲੀ ਸਿੰਘ, ਕੀਰਤੀ ਗੋਇਲ ਤੇ ਉਨਾਂ ਦੇ ਹੋਰ ਸਾਥੀ ਜੋ ਦਿੱਲੀ ਦੇ ਸ੍ਰੀਰਾਮ ਕਾਲਜ ਅਤੇ ਯੂਨਾਇਟਡ ਸਿੱਖ ਸੰਸਥਾ ਨਾਲ ਸਬੰਧਤ ਹਨ ਵੱਲੋਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਮੁਲਾਕਾਤ ਕੀਤੀ ਗਈ।ਮੀਟਿੰਗ ਦੌਰਾਨ ਜੰਡਿਆਲਾ ਗੁਰੂ ਦੇ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਜੀ.ਏ ਵਿਕਾਸ ਹੀਰਾ ਵੀ ਹਾਜ਼ਰ ਸਨ।
ਸ੍ਰੀਮਤੀ ਡਾਲੀ ਗੋਇਲ ਨੇ ਦੱਸਿਆ ਕਿ ਉਨਾ ਵੱਲੋਂ ਜੰਡਿਆਲਾ ਗੁਰੂ ਵਿਖੇ ਠਠਿਆਰਾਂ ਵੱਲੋਂ ਹੱਥੀਂ ਤਾਂਬੇ ਤੇ ਪਿੱਤਲ ਦੇ ਭਾਂਡੇ ਬਣਾਉਣ ਦੀ ਕਲਾ ਨੂੰ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਇਹ ਕਲਾ ਹੋਰ ਵੀ ਪ੍ਰਫੁੱਲਤ ਹੋ ਸਕੇ। ਸ੍ਰੀਮਤੀ ਗੋਇਲ ਨੇ ਡਿਪਟੀ ਕਮਿਸ਼ਨਰ ਕੋਲੋਂ ਇਸ ਪ੍ਰੋਜੈਕਟ ਲਈ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪ੍ਰੋਜੈਕਟ ਟੀਮ ਨੂੰ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਜਿਹੀਆਂ ਅਲੋਪ ਹੋ ਰਹੀਆਂ ਕਲਾਵਾਂ ਨੂੰ ਉਤਸ਼ਾਹਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਪ੍ਰੋਜੈਕਟ ’ਚ ਹਰ ਤਰਾਂ ਦੀ ਸਹਾਇਤਾ ਤੇ ਸਹਿਯੋਗ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਜਰੀਏ ਠਠਿਆਰਾਂ ਦੀ ਕਲਾ ਨੂੰ ਉਤਸ਼ਾਹਤ ਕਰਨ ਦੇ ਨਾਲ ਇਸ ਕਿੱਤੇ ’ਚ ਲੱਗੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਯਤਨ ਵੀ ਕੀਤੇ ਜਾਣਗੇ।ਉਨਾਂ ਕਿਹਾ ਕਿ ਇਸ ਕਿਰਤ ’ਚ ਲੱਗੇ ਠਠਿਆਰਾਂ ਨੂੰ ਪੁਰਾਤਨ ਭਾਂਡਿਆਂ ਦੇ ਨਾਲ ਸਮੇਂ ਦੀ ਮੰਗ ਅਨੁਸਾਰ ਪੰਜ ਤਾਰਾ ਹੋਟਲਾਂ ਆਦਿ ਦੇ ਬਰਤਨਾਂ ਅਤੇ ਸਜ਼ਾਵਟੀ ਸਮਾਨ ਤਿਆਰ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਇਹ ਆਪਣੀ ਆਮਦਨ ’ਚ ਵਾਧਾ ਕਰ ਸਕਣ।ਉਨਾਂ ਕਿਹਾ ਕਿ ਖਰੀਦਦਾਰਾਂ ਵੱਲੋਂ ਠਠਿਆਰਾਂ ਨੂੰ ਕੱਚਾ ਮਾਲ ਮੁਹੱਈਆ ਕਰਾ ਕੇ ਆਰਡਰ ’ਤੇ ਮਾਲ ਤਿਆਰ ਕਰਵਾਉਣ ਦੇ ਯਤਨ ਵੀ ਕੀਤੇ ਜਾਣਗੇ।ਉਨਾਂ ਕਿਹਾ ਕਿ ਭਾਂਵੇਂ ਜੰਡਿਆਲਾ ਗੁਰੂ ’ਚ ਥੋੜੇ ਪਰਿਵਾਰ ਹੀ ਇਸ ਕਲਾ ਨਾਲ ਜੁੜੇ ਹੋਏ ਰਹਿ ਗਏ ਹਨ, ਪਰ ਅਜਿਹੀਆਂ ਕੋਸ਼ਿਸ਼ਾਂ ਸਦਕਾ ਇਹ ਪਰਿਵਾਰ ਪੀੜੀ ਦਰ ਪੀੜੀ ਇਸ ਕਲਾ ਨੂੰ ਵਧਾ ਸਕਣਗੇ।
ਜਿਕਰਯੋਗ ਹੈ ਕਿ ਜੰਡਿਆਲਾ ਗੁਰੂ ਪੂਰੇ ਦੇਸ਼ ਵਿੱਚ ਪਿੱਤਲ ਅਤੇ ਤਾਂਬੇ ਦੇ ਹੱਥਾਂ ਨਾਲ ਬਣਨ ਵਾਲੇ ਭਾਂਡਿਆਂ ਕਰਕੇ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।ਇੱਥੇ ਹੱਥ ਨਾਲ ਭਾਂਡੇ ਬਣਾਉਣ ਵਾਲੇ ਬਹੁਤ ਹੀ ਵਧੀਆ ਕਾਰੀਗਰ ਹਨ ਅਤੇ ਇਨਾਂ ਦਾ ਇਹ ਕੰਮ ਪੀੜੀਆਂ ਦਰ ਪੀੜੀ ਚੱਲਦਾ ਆ ਰਿਹਾ ਹੈ।ਇਨਾਂ ਕਾਰੀਗਰਾਂ ਵੱਲੋਂ ਹੱਥ ਨਾਲ ਗਾਗਰਾਂ, ਪਰਾਤਾਂ, ਡੋਂਗੇ, ਪਤੀਲੇ, ਤਾਂਬੇ ਦੀਆਂ ਵੱਡੀਆਂ ਦੇਗਾਂ ਅਤੇ ਹੋਰ ਪਿੱਤਲ ਅਤੇ ਤਾਂਬੇ ਦੇ ਬਰਤਨ ਬੜੇ ਹੀ ਸੁੰਦਰ ਅਤੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਹਨ।ਸਮੇਂ ਦੀ ਮਾਰ ਇਸ ਕਲਾ ’ਤੇ ਵੀ ਪਈ ਹੈ ਅਤੇ ਹੁਣ ਬਹੁਤ ਥੋੜੇ ਪਰਿਵਾਰ ਇਸ ਕਲਾ ਨੂੰ ਅੱਗੇ ਵਧਾ ਰਹੇ ਹਨ।
Punjab Post Daily Online Newspaper & Print Media