ਤਨਖ਼ਾਹ ਦੇ ਪੈਸੇ ਖਰਚ ਕਰਕੇ ਲੋਕਾਂ ਨੂੰ ਵੰਡ ਰਿਹੈ ‘ਪੰਜਾਬੀ ਵਰਣਮਾਲਾ’
ਬਠਿੰਡਾ, 14 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਇਕ ਪਾਸੇ ਜਿਥੇ ਪੰਜਾਬੀ ਆਪਣੀ ਮਿੱਟੀ, ਵਿਰਾਸਤ, ਸੱਭਿਆਚਾਰ ਤੇ ਮਾਂ ਬੋਲੀ ਨਾਲ ਨਾਤਾ ਤੋੜਕੇ ਵਿਦੇਸ਼ੀ ਜਾਂਦੇ ਹਨ ਉਥੇ ਹੀ ਇੱਕ ਪ੍ਰਵਾਸੀ ਪ੍ਰੋਫੈਸਰ ਵੱਲੋਂ ਪੰਜਾਬੀ ਬੋਲੀ ਨੂੰ ਅਪਨਾਕੇ ਉਸਨੂੰ ਆਪਣੇ ਹੀ ਪੰਜਾਬ ਅੰਦਰ ਜਿੰਦਾ ਰੱਖਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ ਅਤੇ ਆਪਣੀ ਹਿੱਸੇ ਦੀ ਕਮਾਈ ਵਿਚੋ ਹਰ ਮਹੀਨੇ 30 ਹਜ਼ਾਰ ਰੁਪਏ ਦੇ ਬੋਰਡ ਬਣਾਕੇ ਪੰਜਾਬੀ ਵਰਣਮਾਲਾ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹੈ।ਬਠਿੰਡਾ ਪ੍ਰੈਸ ਕਲੱਬ ਵਿਖੇ ਆਪਣੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਅਤੇ ਆਮ ਲੋਕਾਂ ਵੱਲੋਂ ਕਿਵੇਂ ਪੰਜਾਬੀ ਨੂੰ ਆਪਣੇ ਤੋ ਦੂਰ ਕਰਕੇ ਹੋਰ ਭਾਸ਼ਾਂ ਨੂੰ ਆਪਣੀ ਜਿੰਦਗੀ ਬਣਾਇਆ ਜਾ ਰਿਹਾ ਹੈ, ਜੋ ਕਿ ਸਮੂੱਚੇ ਪੰਜਾਬ ਲਈ ਇੱਕ ਖਤਰੇ ਤਂੋ ਘੱਟ ਨਹੀ। ਕਰਨਾਟਕ ਦੇ ਜਿਲਾ ਬਿਜਾਪੁਰ ਦੇ ਪੰਡਿਤ ਰਾਓ ਨੇ 2005 ‘ਚ ਬਤੌਰ ਸਾਹਿਤ ਪ੍ਰੋਫੈਸਰ ਸਰਕਾਰੀ ਕਾਲਜ ਚੰਡੀਗੜ ਵਿਖੇ ਆਪਣੀ ਨੌਕਰੀ ਸ਼ੁਰੂ ਕੀਤੀ ਅਤੇ ਅੰਗਰੇਜੀ ਪੜਾਦਿਆਂ ਉਹਨਾਂ ਨੂੰ ਪੰਜਾਬੀ ਨਾਲ ਗੂੜਾ ਰਿਸ਼ਤਾ ਜੁੜ ਗਿਆ ਅਤੇ ਪੰਜਾਬੀ ਸਿੱਖ ਕੇ ਇਸ ਨੂੰ ਲੋਕਾਂ ਤੱਕ ਪਹੁੰਚਾਕੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਤੇ ਹੁਣ ਤੱਕ 200 ਤੋ ਵੱਧ ਬੋਰਡਾਂ ਤੇ ਪੰਜਾਬੀ ਵਰਣਮਾਲਾ ਨੂੰ ਛਾਪਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਤੋ ਇਲਾਵਾ ਮੇਨ ਬਾਜ਼ਾਰਾਂ ਵਿੱਚ ਲਗਵਾਇਆ ਹੈ ਤੇ ਇਸ ਲਈ ਉਹ ਹਰ ਮਹੀਨੇ ਆਪਣੀ ਕਮਾਈ ‘ਚੋ 30 ਹਜ਼ਾਰ ਰੁਪਏ ਖਰਚਾ ਕਰਦੇ ਹਨ।ਆਪਣੇ ਇਸ ਮਕਸਦ ਬਾਰੇ ਉਹਨਾਂ ਕਿਹਾ ਕਿ ਹਰ ਸੂਬੇ ਨੂੰ ਆਪਣੀ ਖੇਤਰੀ ਭਾਸ਼ਾ ਨੂੰ ਖੇਤਰੀ ਭਾਸ਼ ਐਕਟ 1962 ਤਹਿਤ ਜਿੰਦਾ ਰੱਖਣਾ ਚਾਹੀਦਾ ਹੈ ਤਾਂ ਜੋ ਆਪਣੀ ਵਿਰਾਸਤ, ਸੱਭਿਆਚਾਰ ਤੋ ਨੋਜਵਾਨ ਪੀੜੀ ਜਾਣੰੂ ਹੋ ਸਕੇ ਨਹੀ ਤਾਂ ਖੇਤਰੀ ਭਾਸ਼ਾ ਨੂੰ ਦਰਕਿਨਾਰ ਕਰਨ ਨਾਲ ਵਿਰਾਸਤ ਤੇ ਸੱਭਿਆਚਾਰ ਦਾ ਪਤਨ ਸੰਭਵ ਹੈ।ਉਹਨਾ ਕਿਹਾ ਕਿ ਉਹ ਆਪਣੀ ਇਸ ਮੁੁਹਿੰਮ ਨੂੰ ਹੋਰ ਰਾਜਾਂ ਵਿੱਚ ਵੀ ਲੈ ਕੇ ਜਾਣਗੇ ਤਾਂ ਜੋ ਉਥੇ ਵਸਦੇ ਪੰਜਾਬੀ ਮਾਂ ਬੋਲੀ ਤੋ ਦੂਰ ਨਾ ਹੋ ਸਕਣ।
Punjab Post Daily Online Newspaper & Print Media