Thursday, April 30, 2026

ਗਿਆਨੀ ਗੁਰਮੁੱਖ ਸਿੰਘ ਦੇ ਕਵਾਟਰ ਦਾ ਬਿਜਲੀ, ਪਾਣੀ ਕੱਟਣਾ ਨਾਦਰਸ਼ਾਹੀ ਫੁਰਮਾਨ- ਸਰਨਾ

ਨਵੀਂ ਦਿੱਲੀ, 19 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ Paramjit Sarnaਜਥੇਦਾਰ ਗਿਆਨੀ ਗੁਰਮੁੱਖ ਸਿੰਘ ਕੋੋਲੋ ਉਹਨਾਂ ਦੀ ਰਿਹਾਇਸ਼ ਖਾਲੀ ਕਰਾਉਣ ਲਈ ਸ਼੍ਰੋਮਣੀ ਕਮੇਟੀ ਵੱਲੋ ਕੀਤੀ ਗਈ ਘਿਨਾਉਣੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਇੱਕ ਜਥੇਦਾਰ ਦੇ ਸੱਚ ਬੋਲਣ ਕਰਕੇ ਅਜਿਹੀ ਦੁਰਦਸ਼ਾ ਕੀਤੀ ਜਾ ਸਕਦੀ ਹੈ, ਤਾਂ ਫਿਰ ਆਮ ਸਿੱਖ ਨਾਲ ਕਿਹੋ ਜਿਹਾ ਵਿਹਾਰ ਕੀਤਾ ਜਾਂਦਾ ਹੋਵੇਗਾ।
ਜਾਰੀ ਇੱਕ ਬਿਆਨ ਰਾਹੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਨੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਦਾ ਸੱਚ ਬੋਲ ਕੇ ਕੋਈ ਗੁਨਾਹ ਨਹੀ ਕੀਤਾ ਸੀ ਅਤੇ ਉਸ ਨੇ ਤਾਂ ਇਹ ਵੀ ਕਿਹਾ ਹੈ ਕਿ ਸੌਦਾ ਸਾਧ ਦੀ ਮੁਆਫੀ ਸਮੇਤ ਸਾਰੇ ਆਦੇਸ਼ ਬਾਦਲਾਂ ਦੀ ਚੰਡੀਗੜ ਦੀ ਕੋਠੀ ਤੋਂ ਆਉਦੇ ਹਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਤਾਂ ਸਿਰਫ ਪੜ ਕੇ ਹੀ ਸੁਣਾਏ ਜਾਂਦੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿੱਚ ਜੇਕਰ ਸੱਚ ਸੁਨਣ ਅਤੇ ਸੱਚ ਹਜ਼ਮ ਕਰਨ ਦਾ ਮਾਦਾ ਨਹੀ ਹੈ ਤਾਂ ਉਸ ਨੂੰ ਪ੍ਰਧਾਨਗੀ ਪਦ ਤੋ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਵਰਗੇ, ਜਥੇਦਾਰ ਸਰਮੁੱਖ ਸਿੰਘ ਝਬਾਲ ਅਤੇ ਸੰਤ ਹਰਚੰਦ ਸਿੰਘ ਲੋਗੌਵਾਲ ਵਰਗੇ ਵੀ ਦਰਵੇਸ਼ ਪੁਰਖ ਵੀ ਰਹੇ ਹਨ।ਜਿਹੜੇ ਸੱਚ ਤੋਂ ਕਦੇ ਵੀ ਟਾਲਾ ਨਹੀ ਵੱਟਦੇ ਸਨ ਤੇ ਸੰਤ ਲੌਗੋਵਾਲ ਦੀ ਸ਼ਹਾਦਤ ਦਾ ਕਾਰਨ ਵੀ ਉਹਨਾਂ ਵੱਲੋ ਸੱਚ ਤੇ ਪਹਿਰਾ ਦੇਣ ਕਰਕੇ ਹੀ ਹੋਈ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕ ਸੇਵਾਦਾਰ ਕੋਲੋ ਵੀ ਆਪਣੀ ਮਰਜ਼ੀ ਨਾਲ ਕਵਾਟਰ ਖਾਲੀ ਨਹੀ ਕਰਵਾ ਸਕਦੀ, ਕਿਉਕਿ ਇਹ ਇੱਕ ਧਾਰਮਿਕ ਸੰਸਥਾ ਹੈ ਤੇ ਧਰਮ ਹਮੇਸ਼ਾਂ ਹੀ ਅਹਿੰਸਾ ਦਾ ਪਾਠ ਪੜਾਉਦਾ ਹੈ।ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਤਾਂ ਇੱਕ ਤਖਤ ਦੇ ਸਿੰਘ ਸਾਹਿਬ ਰਹੇ ਚੁੱਕੇ ਹਨ ਤੇ ਉਹਨਾਂ ਦਾ ਸਤਿਕਾਰ ਅੱਜ ਹਰ ਸਿੱਖ ਕਰਦਾ ਹੈ।ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਨਾ ਤਾਂ ਸੇਵਾ ਮੁਕਤ ਹੋਏ ਹਨ ਤੇ ਨਾ ਹੀ ਉਹਨਾਂ ਨੂੰ ਨੌਕਰੀ ਤੋ ਬਰਖਾਸਤ ਕੀਤਾ ਗਿਆ ਤੇ ਉਹ ਅੱਜ ਵੀ ਗੁਰਦੁਆਰਾ ਧਮਧਾਨ ਸਾਹਿਬ ਹਰਿਆਣਾ ਵਿਖੇ ਗੁਰੂ ਘਰ ਵਿੱਚ ਹੈਡ ਗ੍ਰੰਥੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ।ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਹਨਾਂ ਕੋਲੋ ਰਿਹਾਇਸ਼ ਜਬਰੀ ਖਾਲੀ ਨਹੀ ਕਰਵਾ ਰਹੀ, ਸਗੋ ਜਾਣਕਾਰੀ ਮੁਤਾਬਕ ਅੱਜ ਉਹਨਾਂ ਦੇ ਕਵਾਟਰ ਦਾ ਬਿਜਲੀ ਪਾਣੀ ਵੀ ਕੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਸਮੇ ਇਹਨਾਂ ਕਵਾਟਰਾਂ ਦੀ ਬਿਜਲੀ ਪਾਣੀ ਕੱਟਿਆ ਗਿਆ ਸੀ ਤੇ ਉਸ ਤੋ ਬਾਅਦ ਅੱਜ ਬਾਦਲਾਂ ਨੇ ਅਬਾਦਲੀ ਤੇ ਨਾਦਰਸ਼ਾਹ ਵਾਲਾ ਰੋਲ ਨਿਭਾਅ ਕੇ ਜਥੇਦਾਰ ਦੇ ਕਵਾਟਰ ਦਾ ਬਿਜਲੀ ਪਾਣੀ ਕੱਟ ਕੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਧਰਮ ਵਿੱਚ ਸੱਚ ਬੋਲਣ ਤੇ ਪ੍ਰਚਾਰ ਕਰਨ ਦੀ ਕੋਈ ਲੋੜ ਨਹੀ ਹੈ।
ਸਰਨਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਧਿਆਨ ਇਸ ਘਟਨਾ ਵੱਲ ਦਿਵਾਉਦਿਆਂ ਕਿਹਾ ਕਿ ਜੇਕਰ ਉਹ ਵਾਕਿਆ ਹੀ ਪ੍ਰੋਫੈਸਰ ਹਨ ਤੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੋ ਵਾਕਿਫ ਹਨ ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗਿਆਨੀ ਗੁਰਮੁੱਖ ਸਿੰਘ ਦੇ ਕਵਾਟਰ ਦਾ ਬਿਜਲੀ ਪਾਣੀ ਤੁਰੰਤ ਚਾਲੂ ਕਰਾਉਣ ਤੇ ਭੱਦੀ ਪ੍ਰਕਾਰ ਦੀ ਕਾਰਵਾਈ ਕਰਨ ਵਾਲੇ ਦੋਸ਼ੀ ਅਧਿਕਾਰੀ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ।ਉਹਨਾਂ ਕਿਹਾ ਕਿ ਸਰਕਾਰੀ ਅਧਿਕਾਰੀਆ ਦੇ ਵੀ ਜਦੋ ਤਬਾਦਲੇ ਹੁੰਦੇ ਹਨ ਤਾਂ ਉਹਨਾਂ ਨੂੰ ਵਿਦਿਅਕ ਸ਼ੈਸ਼ਨ ਦੇ ਖਤਮ ਹੋਣ ਉਪਰੰਤ ਹੀ ਰਿਹਾਇਸ਼ ਖਾਲੀ ਕਰਨ ਲਈ ਕਿਹਾ ਜਾਂਦਾ ਹੈ, ਪਰ ਸ਼੍ਰੋਮਣੀ ਕਮੇਟੀ ਨਾ ਕਿਸੇ ਮਰਿਆਦਾ ਨੂੰ ਮੰਨਦੀ ਹੈ ਤੇ ਨਾ ਹੀ ਕਿਸੇ ਕਨੂੰਨ ਨੂੰ ਮੰਨਦੀ ਹੈ, ਜਿਸ ਕਰਕੇ ਸਿੱਖ ਕੌਮ ਵਿੱਚ ਗਿਰਾਵਟ ਆ ਰਹੀ ਹੈ।ਉਹਨਾਂ ਕਿਹਾ ਕਿ ਜਦੋ ਇਹ ਖਬਰ ਸੰਗਤਾਂ ਵਿੱਚ ਜਾਵੇਗੀ ਤਾਂ ਸਾਰੇ ਬਾਦਲਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਲਾਹਨਤਾਂ ਹੀ ਪਾਉਣਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply