
ਫਾਜਿਲਕਾ, 14 ਜੁਲਾਈ ( ਵਿਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਚ ਇਨਕਲਾਬੀ ਸੁਧਾਰਾਂ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ ਪਰ ਵਿਧਾਨ ਸਭਾ ਹਲਕਾ ਜਲਾਲਾਬਾਦ ਅਧੀਨ ਆਉਂਦੀ ਬਲਾਕ ਅਰਨੀਵਾਲਾ ਦੇ ਬਹੁਤ ਸਾਰੇ ਪਿੰਡਾਂ ਵਿਚ ਗ਼ਰੀਬ ਅਤੇ ਪੇਂਡੂ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੀ ਸਹੂਲਤ ਨਹੀਂ ਮਿਲ ਰਹੀ ਤੇ ਦਹਾਕਿਆਂ ਤੋਂ ਸਰਕਾਰੀ ਸਕੂਲ ਅਪਗ੍ਰੇਡ ਹੋਣ ਲਈ ਤਰਸ ਰਹੇ ਹਨ। ਇਸ ਬਲਾਕ ਦੇ ਚਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਟਾਫ ਅਤੇ ਬਿਲਡਿੰਗ ਦੀ ਵੱਡੇ ਪੱਧਰ ‘ਤੇ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਜੰਡਵਾਲਾ ਭੀਮੇਸ਼ਾਹ ਦੇ ਸਕੂਲ ਵਿਚ ਇਤਿਹਾਸ, ਪੰਜਾਬੀ, ਸਰੀਰਕ ਸਿੱਖਿਆ ਅਤੇ ਸੋਸ਼ਲ ਸਟੱਡੀਜ਼ ਦੇ ਲੈਕਚਰਾਰ ਨਹੀ ਹਨ। ਇਸੇ ਤਰਾ੍ਹ ਪਿੰਡ ਚਿਮਨੇਵਾਲਾ ਦੇ ਸਕੂਲ ਵਿਚ ਅਰਥ ਸ਼ਾਸਤਰ, ਗਣਿਤ, ਵਿਗਿਆਨ ਅਤੇ ਸੋਸ਼ਲ ਸਟੱਡੀਜ਼ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਅਰਨੀਵਾਲਾ ਮੰਡੀ ਦੇ ਵੋਕੇਸ਼ਨਲ ਗਰੁੱਪ ਦੀਆਂ ਛੇ ਵਿਚੋਂ ਪੰਜ ਪੋਸਟਾਂ ਭਰੀਆਂ ਨਹੀਂ ਗਈਆਂ ਅਤੇ ਪਿੰਡ ਡੱਬਵਾਲਾ ਕਲਾਂ ਦੇ ਸਕੂਲ ਵਿਚ ਕਈ ਸਾਲਾਂ ਤੋਂ ਸਫਲਤਾ ਨਾਲ ਚੱਲ ਰਹੇ ਸਾਇੰਸ ਗਰੁੱਪ ਨੂੰ ਸਿੱਖਿਆ ਵਿਭਾਗ ਨੇ ਇਸ ਸਾਲ ਬੰਦ ਕਰਕੇ ਪੇਡੂ ਵਿਦਿਆਰਥੀਆਂ ਸਾਇੰਸ ਸਿੱਖਿਆ ਤੋਂ ਵਾਂਝੇ ਕਰ ਦਿੱਤਾ ਹੈ। ਇਸੇ ਤਰ੍ਹਾਂ ਪੰਜ ਹਾਜਰ ਅਤੇ ਇਸ ਤੋਂ ਵੱਧ ਆਬਾਦੀ ਵਾਲੇ ਪਿੰਡ ਢਿੱਪਾਵਾਲੀ, ਮੂਲਿਆਵਾਲੀ, ਬੰਨਾ ਵਾਲਾ , ਬੁਰਜ ਹਨੂਮਾਨਗੜ੍ਹ, ਟਾਹਲੀਵਾਲਾ ਜੱਟਾਂ ,ਮੰਮੁਖੇੜਾ -ਖਾਟਵਾ , ਅਲਿਆਨਾ, ਘੁੜਿਆਨਾ ,ਸਜਰਾਣਾ , ਬਾਘੇਵਾਲੀ ਅਤੇ ਚਾਹਲਾ ਦੇ ਸਕੂਲ ਚਿਰਾਂ ਤੋਂ ਮਿਡਲ ਚੱਲੇ ਆ ਰਹੇ ਹਨ। ਇਹਨਾਂ ਵਿਚ ਕਈ ਸਕੂਲਾਂ ਵਿਚ ਸਟਾਫ ਅਤੇ ਇਮਾਰਤ ਦੀ ਘਾਟ ਹੈ। ਬੁਰਜ ਹਨੂਮਾਨਗੜ੍ਹ , ਮੂਲਿਆਵਾਲੀ, ਢਿੱਪਾਵਾਲੀ ਅਤੇ ਸਜਰਾਣਾ ਦੇ ਸਕੂਲ ਦੀ ਇਮਾਰਤ ਦੇ ਕਈ ਹਿੱਸਿਆਂ ਨੂੰ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ। ਪਿੰਡ ਝੋਟਿਆਵਾਲੀ , ਘੱਟਿਆਵਾਲੀ ਜੱਟਾ, ਘੱਟਿਆਵਾਲੀ ਬੋਦਲਾ, ਇਸਲਾਮ ਵਾਲਾ, ਚੱਕ ਖਿਉਵਾਲੀ ਅਤੇ ਜੋੜਕੀ ਅੰਧੇਵਾਲੀ ਵਿਚ ਆਬਾਦੀ ਮੁਤਾਬਿਕ ਮੰਗ ਹੋਣ ਕਰਕੇ ਵੀ ਸਕੂਲ ਅਪਗ੍ਰੇਡ ਨਹੀਂ ਕੀਤੇ ਜਾ ਰਹੇ। ਇਥੇ ਅਜੇ ਵੀ ਪ੍ਰਾਇਮਰੀ ਸਕੂਲ ਹੀ ਚੱਲ ਰਹੇ ਹਨ ਅਤੇ ਵਿਦਿਆਰਥੀਆਂ ਨੂੰ ਖ਼ਾਸ ਕਰ ਲੜਕੀਆਂ ਨੂੰ ਉਚੇਰੀ ਸਿੱਖਿਆ ਲਈ ਦੂਜੇ ਪਿੰਡਾਂ ਵਿਚ ਜਾਣਾ ਪੈਂਦਾ ਹੈ। ਪਿੰਡ ਨੂਰਪੁਰਾ, ਸ਼ਾਹਪੁਰਾ ਅਤੇ ਚਿਰਾਗ ਢਾਣੀ ਦੇ ਸਕੂਲ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਢਾਣੀ ਮਾਛੀ ਰਾਮ ਵਿਚ ਮੰਗ ਦੇ ਬਾਵਜੂਦ ਪ੍ਰਾਇਮਰੀ ਸਕੂਲ ਨਹੀਂ ਬਣ ਸਕਿਆ। ਪਿੰਡ ਕੰਧਵਾਲਾ ਹਾਜ਼ਰ ਖਾਂ ਦੇ ਸਰਕਾਰੀ ਹਾਈ ਸਕੂਲ ਦੀ ਇਮਾਰਤ ਵੀ ਅਣ ਸੁਰੱਖਿਅਤ ਐਲਾਨੀ ਜਾ ਚੁੱਕੀ ਹੈ। ਸਰਕਾਰੀ ਹਾਈ ਸਕੂਲ ਪਿੰਡ ਪਾਕਾਂ ਵਿਚ ਜਰੂਰੀ ਵਿਸ਼ੇ ਗਣਿਤ ਅਤੇ ਵਿਗਿਆਨ ਦੇ ਅਧਿਆਪਕ ਨਹੀਂ ਹਨ। ਇਸੇ ਤਰ੍ਹਾਂ ਮੰਡੀ ਅਰਨੀਵਾਲਾ ਵਿਚ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਸਦਕਾ ਉਹਨਾਂ ਵੱਲੋਂ ੩ ਅਪ੍ਰੈਲ ੨੦੧੩ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਤਕਨੀਕੀ ਕਾਲਜ ਦਾ ਅਰਨੀਵਾਲਾ ਵਿਚ ਨੀਂਹ ਪੱਥਰ ਰੱਖਿਆ ਸੀ ਅਤੇ ਇਸ ਨੂੰ ਇਕ ਸਾਲ ਵਿਚ ਚਾਲੂ ਕੀਤੇ ਜਾਣ ਬਾਰੇ ਕਿਹਾ ਗਿਆ ਸੀ ਇਥੇ ਅਜੇ ਤੱਕ ਇਸ ਦੀ ਸਿਰਫ ਚਾਰ ਦੀਵਾਰੀ ਵੀ ਮੁਕੰਮਲ ਨਹੀਂ ਕੀਤੀ ਜਾ ਸਕੀ। ਵਿਗਿਆਨ ਦੇ ਯੁੱਗ ਵਿਚ ਇਸ ਸਰਹੱਦੀ ਖੇਤਰ ਦੇ ਲੋਕ ਅਜੇ ਵੀ ਅੱਖਰ ਗਿਆਨ ਤੋਂ ਵਾਂਝੇ ਹਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media