ਫਾਜ਼ਿਲਕਾ, 19 ਸਤੰਬਰ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬਕੈਨਵਾਲਾ ਵਿਚ ਕਰਜ਼ੇ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ
ਖੁਦਕੁਸ਼ੀ ਕਰਨ ਸਬੰਧੀ ਚਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।
ਪੁਿਲਸ ਨੂੰ ਦਿੱਤੇ ਬਿਆਨ ਵਿਚ ਰਜਿੰਦਰ ਸਿੰਘ ਵਾਸੀ ਪਿੰਡ ਬਕੈਨ ਵਾਲਾ ਨੇ ਦੱਸਿਆ ਕਿ ਉਸ ਦੇ ਅਤੇ ਉਸ ਦੇ ਭਰਾ ਮੱਖਣ ਸਿੰਘ ਕੋਲ ਲਗਭਗ ਢਾਈ ਕਿਲੇ ਜ਼ਮੀਨ ਹੈ। ਉਸ ਦੇ ਭਰਾ ਦੀ ਆੜਤ ਵਿਜੈ ਕੁਮਾਰ ਮਦਨ ਮੋਹਨ ਵਾਸੀ ਅਬੋਹਰ ਦੇ ਕੋਲ ਸੀ। ਜਿਨਾਂ ਨੇ ਉਸ ਦੇ ਭਰਾ `ਤੇ 3 ਲੱਖ 76 ਹਜ਼ਾਰ ਰੁਪਏ ਦਾ ਕਰਜ਼ਾ ਬਣਾ ਕੇ ਢਾਈ ਕਿਲੇ ਜ਼ਮੀਨ ਕੁਰਕ ਕਰਵਾਈ ਹੋਈ ਸੀ। ਜਿਸ ਨਾਲ ਉਸ ਦਾ ਭਰਾ ਦਿਮਾਗੀ ਰੂਪ ਨਾਲ ਪ੍ਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ 17 ਸਤੰਬਰ 2017 ਨੂੰ ਉਸ ਦਾ ਭਰਾ ਖੇਤ ਵਿਚ ਪਸੂਆਂ ਲਈ ਪੱਠੇ ਲੈਣ ਲਈ ਘਰ ਤੋਂ ਗਿਆ ਸੀ, ਪਰ ਘਰ ਵਾਪਸ ਨਹੀਂ ਆਇਆ। ਜਿਸ `ਤੇ ਉਹ ਆਪਣਾ ਮੋਟਰ ਸਾਇਕਲ ਲੈ ਕੇ ਰਾਤ ਜਦੋਂ ਖੇਤ ਪਹੁੰਚਿਆ ਤਾਂ ਵੇਖਿਆ ਕਿ ਉਸ ਦੇ ਭਰਾ ਨੇ ਰੁੱਖ ਦੇ ਨਾਲ ਗਲੇ ਵਿਚ ਸਾਫਾ ਪਾ ਕੇ ਫਾਹਾ ਲਿਆ ਹੋਇਆ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ।ਰਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਹੈ।ਉਧਰ ਸੂਚਨਾ ਹੈ ਕਿ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਵਿਜੈ ਕੁਮਾਰ, ਮਦਨ ਮੋਹਨ, ਗੋਰਵ ਅੇਤ ਚੰਦਰ ਮੋਹਨ ਸਾਰੇ ਵਾਸੀ ਅਬੋਹਰ ਦੇ ਖਿਲਾਫ਼ ਧਾਰਾ 306, 34 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।
Check Also
ਬਾਬਾ ਦੀਪ ਸਿੰਘ ਜੀ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਨਤਮਸਤਕ
ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਅਮਰ …
Punjab Post Daily Online Newspaper & Print Media