ਪ੍ਰੈਸ਼ਰ ਹਾਰਨ ਵੇਚਣ ਤੇ ਫਿਟ ਕਰਨ ਵਾਲਿਆਂ ਨੂੰ ਹੋ ਸਕਦੀ ਹੈ 6 ਸਾਲ ਕੈਦ
ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਵੰਨ-ਸੁਵੰਨੀਆਂ ਅਵਾਜ਼ਾਂ ਕੱਢ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਾਰਨ, ਪ੍ਰੈਸ਼ਰ ਹਾਰਨ, ਪਟਾਕੇ ਮਾਰਨ ਵਾਲੇ ਸਾਇਲੈਂਸਰ ਬਨਾਉਣ, ਵੇਚਣ, ਖਰੀਦ ਕਰਨ ਅਤੇ ਫਿਟ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ।ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਾਹਨ ਸਿੰਘ ਪੰਨੂ ਨੇ ਇੰਨਾਂ ਬੇਅਰਾਮ ਕਰਦੀਆਂ ਅਵਾਜ਼ਾਂ ਨੂੰ ਰੋਕਣ ਲਈ ਕਮਰ ਕੱਸੀ ਹੈ ਅਤੇ ਵਾਯੂ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਐਕਟ 1981 ਦੀ ਧਾਰਾ 31 ਏ ਤਹਿਤ ਨਿਰਦੇਸ਼ ਜਾਰੀ ਕੀਤੇ ਹਨ ਇਕ ਅਕਤੂਬਰ 2017 ਤੋਂ ਜੋ ਵੀ ਵਿਅਕਤੀ ਅਜਿਹੇ ਹਾਰਨ, ਮਲਟੀ ਹਾਰਨ ਅਤੇ ਪਟਾਕੇ ਮਾਰਨ ਵਾਲੇ ਸਾਇਲੈਂਸਰ ਬਣਾਏਗਾ, ਵੇਚੇਗਾ ਅਤੇ ਫਿੱਟ ਕਰੇਗਾ ਉਸ ਨੂੰ ਐਕਟ ਦੀ ਉਲੰਘਣਾ ਸਮਝਦੇ ਹੋਏ 6 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਕੀਤਾ ਜਾ ਸਕੇਗਾ।
ਵਰਣਨਯੋਗ ਹੈ ਕਿ ਉਕਤ ਹਾਰਨਾਂ ਤੇ ਬੁਲਟਾਂ ਦੀਆਂ ਅਵਾਜ਼ਾਂ ਤੋਂ ਜਿੱਥੇ ਆਮ ਲੋਕ ਪਰੇਸ਼ਾਨ ਹੁੰਦੇ ਹਨ, ਉਥੇ ਕਈ ਵਾਰ ਇਹ ਅਚਨਚੇਤ ਵੱਜੇ ਹਾਰਨ ਹਾਦਸੇ ਅਤੇ ਲੜਾਈਆਂ ਦਾ ਕਾਰਨ ਵੀ ਬਣਦੇ ਹਨ।ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਦੇ ਅਤੇ ਇੰਨਾਂ ਪ੍ਰਤੀ ਨੌਜਵਾਨ ਪੀੜੀ ਦਾ ਵੱਧ ਰਿਹਾ ਕਰੇਜ਼ ਵੇਖਦੇ ਹੋਏ ਕਾਹਨ ਸਿੰਘ ਪੰਨੂੰ ਨੇ ਜੁਲਾਈ ਮਹੀਨੇ ਅਖਬਾਰਾਂ ਵਿਚ ਇਸ਼ਤਹਾਰ ਦੇ ਕੇ ਪਹਿਲਾਂ ਇੰਨਾਂ ਨਾਲ ਸਬੰਧਤ ਪਾਰਟੀਆਂ ਦੇ ਇਤਰਾਜ਼ ਸੁਣੇ ਸਨ ਅਤੇ ਆਖਿਰ ਇਹ ਜਨਤਕ ਹਿੱਤ ਵੇਖਦੇ ਹੋਏ ਇਨਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ।ਉਨਾਂ ਜਾਰੀ ਹੁਕਮਾਂ ਦੇ ਨਾਲ-ਨਾਲ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਕੀਤੀਆਂ ਹਨ, ਉਹ ਅਕਤੂਬਰ ਤੋਂ ਇੰਨਾਂ ਹਾਰਨਾਂ ਨੂੰ ਵੇਚਣ ਤੇ ਬਨਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਉਣ।
Punjab Post Daily Online Newspaper & Print Media