ਪੰਡਿਤ ਸ਼ਰਧਾ ਨੰਦ ਵੱਡੀ ਤੋਂਦ ਨੂੰ ਭਰਨ, ਸ਼ਰਾਧਾਂ ਵਿਚ ਜਜ਼ਮਾਨਾਂ ਦੇ ਘਰ ਜਾਂਦੇ, ਤਾਂ ਪੂਰੀ ਸੇਵਾ ਹੁੰਦੀ।ਪੈਰ ਧੋਤੇ ਜਾਂਦੇ, ਵਧੀਆ ਪਕਵਾਨਾਂ ਦੇ ਨਾਲ ਖੀਰ ਜਰੂਰ ਮਿਲਦੀ।ਲੋਕ ਆਪਣੇ ਪਰਲੋਕ ਸਿਧਾਰੇ ਵਡੇਰਿਆਂ ਦਾ ਸ਼ਰਾਧ ਕਰਦੇ ਤੇ ਪੰਡਤਾਂ ਨੂੰ ਭੋਜਨ ਛਕਾਉਂਦੇ।ਪੰਡਿਤ ਸ਼ਰਧਾ ਨੰਦ ਕੇਵਲ ਚਾਰ ਪੰਜ ਘਰ ਥੋੜਾ ਜਿਹਾ ਭੋਜਨ ਤੇ ਕਟੋਰਾ ਖੀਰ ਦਾ ਖਾ ਕੇ ਦੱਛਣਾ ਲੈ ਕੇ ਘਰ ਪਰਤਦੇ ਤੇ ਲਮਲੇਟ ਹੋ ਜਾਂਦੇ।
ਅੱਜ ਗੋਗੀ ਦੇ ਘਰ ਜਦੋਂ ਪੰਡਿਤ ਜੀ ਸ਼ਰਾਧ ਛਕਣ ਆਏ ਤਾਂ ਉਨ੍ਹਾਂ ਸ਼ਿਕਾਇਤ ਕੀਤੀ ,”ਭਾਈ ਖੀਰ ਵਿੱਚ ਤਾਂ ਖੰਡ ਜੰਮ੍ਹਾਂ ਈ ਨੀ ਪਾਈ।”ਤਾਂ ਮਾਂ ਕੋਲ ਖੜ੍ਹੇ ਗੋਗੀ ਨੇ ਝੱਟ ਜੁਆਬ ਦਿੱਤਾ ,”ਪੰਡਿਤ ਜੀ, ਥੋਨੂੰ ਤਾਂ ਐਂ ਈ ਛਕਣੀ ਪਊ, ਸਾਡੇ ਬਾਬੇ ਦਾ ਸ਼ਰਾਧ ਐ, ਉਨ੍ਹਾਂ ਨੂੰ ਤਾਂ ਸ਼ੂਗਰ ਹੋਈ ਪਈ ਸੀ।
ਡਾ. ਗੁਰਵਿੰਦਰ ਅਮਨ
ਰਾਜਪੁਰਾ ।
ਮੋ- 98151 13038